ਪਾਈਪ ਪਾਉਣ ਲਈ ਪੁੱਟੇ ਟੋਇਆਂ ਕਾਰਨ ਲੋਕ ਪ੍ਰੇਸ਼ਾਨ
ਸੁਨਾਮ ਊਧਮ ਸਿੰਘ ਵਾਲਾ, 17 ਅਪਰੈਲ
ਇੱਥੇ ਵਿਸ਼ਵਕਰਮਾ ਮੰਦਰ ਰੋਡ ਦੇ ਮੁਹੱਲਾ ਵਾਸੀ ਜਿੱਥੇ ਬੱਸ ਸਟੈਂਡ ਨੇੜਲੇ ਰੇਲਵੇ ਫਾਟਕ ’ਤੇ ਬਣ ਰਹੇ ਅੰਡਰਪਾਸ ਕਾਰਨ ਪਹਿਲਾਂ ਹੀ ਕਈ ਮਹੀਨਿਆਂ ਤੋਂ ਪ੍ਰੇਸ਼ਾਨੀ ਝੱਲ ਰਹੇ ਹਨ, ਉੱਥੇ ਹੀ ਨਗਰ ਕੌਂਸਲ ਵਲੋਂ ਮੁਹੱਲੇ ਦੀ ਮੁੱਖ ਗਲੀ ਦੇ ਦੋਵੇਂ ਪਾਸੇ ਪੁੱਟੇ ਗਏ ਟੋਇਆਂ ਕਾਰਨ ਮੁਹੱਲਾ ਵਾਸੀਆਂ ਦਾ ਬਾਕੀ ਦੇ ਸ਼ਹਿਰ ਨਾਲੋਂ ਸੰਪਰਕ ਟੁੱਟ ਗਿਆ ਹੈ। ਮੁਹੱਲਾ ਵਾਸੀ ਅਭਿਸ਼ੇਕ ਸਿੰਗਲਾ, ਦੀਪਕ ਕੁਮਾਰ, ਕੁਲਦੀਪ ਸਿੰਘ, ਹਨੀ ਕੁਮਾਰ, ਸ਼ੈਰੀ ਅਤੇ ਹਰਦੇਵ ਸਿੰਘ ਦਿਉਸੀ ਆਦਿ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਪਾਣੀ ਵਾਲੇ ਮੁੱਖ ਪਾਈਪ ਦੀ ਮੁਰੰਮਤ ਅਤੇ ਸੀਵਰੇਜ ਦੇ ਪਾਈਪ ਪਾਉਣ ਲਈ ਸੜਕ ਨੂੰ ਪੁੱਟਿਆ ਗਿਆ ਸੀ ਪਰ ਡੇਢ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਨਗਰ ਕੌਂਸਲ ਵਲੋਂ ਪੁੱਟੇ ਗਏ ਖੱਡਿਆਂ ਨੂੰ ਪੂਰਿਆ ਨਹੀਂ ਗਿਆ। ਇਸ ਕਾਰਨ ਮੁਹੱਲਾ ਵਾਸੀ ਕਾਰ ਤਾਂ ਦੂਰ ਦੀ ਗੱਲ ਸਕੂਟਰ ਸਾਈਕਲ ਆਦਿ ਸ਼ਹਿਰ ਵਿਚ ਨਹੀਂ ਲਿਜਾਅ ਸਕਦੇ। ਅਜਿਹਾ ਹੋਣ ਕਾਰਨ ਬੱਚਿਆਂ ਨੂੰ ਸਕੂਲ ਭੇਜਣ ਵਿਚ ਵੀ ਦਿੱਕਤ ਆ ਰਹੀ ਹੈ। ਇਸ ਦੇ ਨਾਲ ਹੀ ਜੇਕਰ ਪਰਿਵਾਰ ਦਾ ਕੋਈ ਮੈਂਬਰ ਬਿਮਾਰ ਹੋ ਜਾਂਦਾ ਹੈ ਤਾਂ ਉਸ ਨੂੰ ਡਾਕਟਰ ਕੋਲ ਲਿਜਾਣ ਵਿਚ ਵੀ ਕਾਫੀ ਮੁਸ਼ਕਿਲ ਆਉਂਦੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਸੜਕ ਦੇ ਟੋਇਆਂ ਨੂੰ ਤੁਰੰਤ ਬੰਦ ਕਰਵਾ ਕੇ ਸੜਕ ਨੂੰ ਆਵਾਜਾਈ ਲਈ ਚਾਲੂ ਕੀਤਾ ਜਾਵੇ। ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਬਾਲ ਕ੍ਰਿਸ਼ਨ ਨਾਲ ਗੱਲ ਕੀਤੀ ਤਾਂ ਉਹ ਇਸ ਮਾਮਲੇ ਬਾਰੇ ਕੁਝ ਵੀ ਕਹਿਣ ਤੋਂ ਟਾਲ-ਮਟੋਲ ਕਰ ਗਏ।