ਪਹਿਰਾਵੇ ਨਾਲ ਕਿਰਦਾਰ ਸਿਰਜਦੀ ਤੇਜਿੰਦਰ ਕੌਰ
ਰੁਪਿੰਦਰ ਸਿੰਘ
ਫਿਲਮ ਨਿਰਦੇਸ਼ਕ ਜਤਿੰਦਰ ਮੌਹਰ ਦੁਆਰਾ ਨਿਰਦੇਸ਼ਿਤ ਪੰਜਾਬੀ ਫਿਲਮ ‘ਮੌੜ’ ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ ਮੀਲ ਪੱਥਰ ਸਾਬਤ ਹੋਈ ਹੈ। ਜਿੱਥੇ ਇਸ ਫਿਲਮ ਦਾ ਸੈੱਟ ਅਤੇ ਲੋਕੇਸ਼ਨ ਸਾਨੂੰ ਸਦੀਆਂ ਪੁਰਾਣੇ ਸਮੇਂ ਵਿੱਚ ਲੈ ਕੇ ਗਿਆ, ਉੱਥੇ ਹੀ ਅਗਲਾ ਕੰਮ ਫਿਲਮ ਵਿੱਚ ਕਲਾਕਾਰਾਂ ਦੇ ਪਹਿਨੇ ਹੋਏ ਪਹਿਰਾਵੇ ਨੇ ਕੀਤਾ। ਕਲਾਕਾਰਾਂ ਦੇ ਪਹਿਰਾਵੇ ਨੇ ਦਰਸ਼ਕਾਂ ਵਿੱਚ ਬਹੁਤ ਚਰਚਾ ਛੇੜੀ। ਇਹ ਪਹਿਰਾਵਾ ਤਿਆਰ ਕੀਤਾ ਸੀ ਕੌਸਟਿਊਮ ਡਾਇਰੈਕਟਰ ਤਜਿੰਦਰ ਕੌਰ ਨੇ। ਤਜਿੰਦਰ ਕੌਰ ਨੇ ਜਤਿੰਦਰ ਮੌਹਰ ਨਾਲ ਫਿਲਮ ‘ਹਰੀਕੇ’ ਤੋਂ ਸ਼ੁਰੂਆਤ ਕੀਤੀ, ਪਰ ਉਹ ਚਰਚਿਤ ਫਿਲਮ ‘ਮੌੜ’ ਨਾਲ ਹੋਈ। ਉਹ ਫਿਲਮਾਂ ਦੇ ਵਿਸ਼ਿਆਂ ਮੁਤਾਬਿਕ ਦਹਾਕਿਆਂ ਪੁਰਾਣਾ ਇਤਿਹਾਸ ਖੰਗਾਲ ਕੇ ਹੀ ਪਹਿਰਾਵੇ ਤਿਆਰ ਕਰਦੀ ਹੈ। ਇਸ ਲਈ ਉਹ ਲਾਇਬ੍ਰੇਰੀਆਂ ਵਿੱਚ ਜਾ ਕੇ ਕਿਤਾਬਾਂ ਵੀ ਛਾਣ ਮਾਰਦੀ ਹੈ ਤਾਂ ਕਿ ਉਸ ਦੌਰ ਦੇ ਪਹਿਰਾਵੇ ਪ੍ਰਤੀ ਉਸ ਦੀ ਸਮਝ ਗਹਿਰੀ ਹੋ ਸਕੇ।
ਤੇਜਿੰਦਰ ਦਾ ਜਨਮ ਹਿਮਾਚਲ ਦੇ ਸੁੰਦਰਨਗਰ (ਜ਼ਿਲ੍ਹਾ ਮੰਡੀ) ਵਿੱਚ ਹੋਇਆ। ਉੱਥੋਂ ਹੀ ਉਸ ਨੇ ਮੁੱਢਲੀ ਅਤੇ ਉੱਚ ਵਿੱਦਿਆ ਹਾਸਲ ਕੀਤੀ। ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਸ ਨੇ ਚੰਡੀਗੜ੍ਹ ਤੋਂ ਫੈਸ਼ਨ ਡਿਪਲੋਮਾ ਅਤੇ ਸੁਖਮਨੀ ਗਰੁੱਪ ਚੰਡੀਗੜ੍ਹ ਤੋਂ ਫੈਸ਼ਨ ਟੈਕਨੋਲੋਜੀ ਵਿੱਚ ਐੱਮ.ਐੱਸਈ. ਕੀਤੀ ਅਤੇ ਇਸੇ ਸੰਸਥਾ ਵਿੱਚ ਉਸ ਨੇ ਅਧਿਆਪਕ ਵਜੋਂ ਨੌਕਰੀ ਵੀ ਕੀਤੀ। ਅਕਾਦਮਿਕ ਖੇਤਰ ਤੋਂ ਬਾਅਦ ਉਸ ਦਾ ਮੇਲ ਉੱਘੀ ਨਾਟਕਕਾਰ ਰਾਣੀ ਬਲਬੀਰ ਕੌਰ ਨਾਲ ਹੋਇਆ ਜਿਸ ਨਾਲ ਰੰਗ ਮੰਚ ਕਰਦੇ ਹੋਏ ਉਸ ਨੇ ਅਦਾਕਾਰੀ ਦੇ ਨਾਲ-ਨਾਲ ਹੋਰ ਬਹੁਤ ਕੁਝ ਨਵਾਂ ਸਿੱਖਿਆ। ਉਸ ਦਾ ਮੰਨਣਾ ਹੈ ਕਿ ਉਹ ਅੱਜ ਜਿਸ ਮੁਕਾਮ ’ਤੇ ਵੀ ਹੈ, ਉਹ ਰਾਣੀ ਬਲਬੀਰ ਕੌਰ ਕਰਕੇ ਹੀ ਹੈ। ਰਾਣੀ ਬਲਬੀਰ ਕੌਰ ਆਪਣੇ ਨਾਟਕੀ ਸਫ਼ਰ ਦੌਰਾਨ ਤੇਜਿੰਦਰ ਨੂੰ ਦੇਸ਼ ਦੇ ਕੋਨੇ ਕੋਨੇ ਤੱਕ ਲੈ ਕੇ ਗਈ। ‘ਅਗਨੀ ਵਰਖਾ’ ਨਾਟਕ ਕਰਦਿਆਂ ਤੇਜਿੰਦਰ ਦੀ ਮੁਲਾਕਾਤ ਦਿਨੇਸ਼ ਯਾਦਵ ਨਾਲ ਹੋਈ ਜੋ ਫਿਲਮ ਡਾਇਰੈਕਟਰ ਹੈ। ਦਿਨੇਸ਼ ਯਾਦਵ ਨੇ ਆਪਣੀ ਪਹਿਲੀ ਫਿਲਮ ‘ਟਰਟਲ’ ਵਿੱਚ ਡਰੈੱਸ ਡਿਜ਼ਾਇਨਿੰਗ ਤੇਜਿੰਦਰ ਤੋਂ ਕਰਵਾਈ ਅਤੇ ਇਸ ਰਾਜਸਥਾਨੀ ਫਿਲਮ ਨੂੰ 67ਵਾਂ ਨੈਸ਼ਨਲ ਐਵਾਰਡ ਮਿਲਿਆ। ਡਰੈੱਸ ਡਿਜ਼ਾਇਨਿੰਗ ਤੋਂ ਇਲਾਵਾ ਉਸ ਨੇ ‘ਫੁਕਰੇ 3’ ਅਤੇ ‘ਪੰਜਾਬ 95’ ਵਿੱਚ ਤਰੁਣ ਬਜਾਜ ਨਾਲ ਸਹਾਇਕ ਕਾਸਟਿੰਗ ਡਾਇਰੈਕਟਰ ਵਜੋਂ ਵੀ ਕੰਮ ਕੀਤਾ। ਲੰਘੇ ਵਰ੍ਹੇ ਉਸ ਨੇ ਬੌਲੀਵੁੱਡ ਨਿਰਦੇਸ਼ਕ ਅਨਮੋਲ ਅਰੋੜਾ ਅਤੇ ਕਾਸਟਿੰਗ ਡਾਇਰੈਕਟਰ ਤਰੁਣ ਬਜਾਜ ਨਾਲ ‘ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ’ ਲਈ ਫਿਲਮ ‘ਸਾਰਥੀ’ ਵੀ ਕੀਤੀ।
ਆਸਾਨ ਕੰਮ ਕਰਨ ਦੀ ਬਜਾਏ ਕਠਿਨ ਕਾਰਜ ਨੂੰ ਹੱਥ ਪਾਉਣ ਲਈ ਬੜੀ ਹਿੰਮਤ ਤੇ ਦਲੇਰੀ ਦੀ ਲੋੜ ਹੁੰਦੀ ਹੈ ਜੋ ਤੇਜਿੰਦਰ ਵਿੱਚ ਸੈੱਟ ’ਤੇ ਕੰਮ ਕਰਦਿਆਂ ਦੇਖਿਆ ਜਾ ਸਕਦਾ ਹੈ। ਸਦੀਆਂ ਪੁਰਾਣੀ ਬੀਤੀ ਹੋਈ ਦਿੱਖ ਨੂੰ ਲੋਕਾਂ ਸਾਹਮਣੇ ਹੂ-ਬ-ਹੂ ਸਾਕਾਰ ਕਰ ਦੇਣ ਨੂੰ ਸਿਰਜਣਾ ਦਾ ਸਿਖਰ ਹੀ ਕਹਿ ਸਕਦੇ ਹਾਂ। ਅਜਿਹੀ ਸਿਰਜਣਾ ਲਈ ਦਿਮਾਗ਼ੀ ਤੌਰ ’ਤੇ ਉਸ ਦੌਰ ਜਾਂ ਸਮੇਂ ਵਿੱਚ ਜਾਣਾ ਪੈਂਦਾ ਹੈ। ਸਾਰੇ ਦ੍ਰਿਸ਼ ਨੂੰ ਆਪਣੇ ਮਨ ਵਿੱਚ ਚਿਤਵਣਾ ਪੈਂਦਾ ਹੈ। ਫਿਰ ਉਸ ਸਮੇਂ ਦੀ ਦਿੱਖ ਤਿਆਰ ਹੁੰਦੀ ਹੈ। ਤੇਜਿੰਦਰ ਨੂੰ ਆਪਣਾ ਇਤਿਹਾਸ ਜਾਣਨ ਦੀ ਜਗਿਆਸਾ ਹੈ।
ਉਸ ਨੇ ਪੌਲੀਵੁੱਡ ਵਿੱਚ ਹੁਣ ਤੱਕ ‘ਹਰੀਕੇ’, ‘ਮੌੜ’, ‘ਮੇਰਾ ਬਾਬਾ ਨਾਨਕ’, ‘ਹੁਸ਼ਿਆਰ ਸਿੰਘ’ ਅਤੇ ਰਿਲੀਜ਼ ਅਧੀਨ ਫਿਲਮ ‘ਪੰਜਾਬ 95’ ਆਦਿ ਕੀਤੀਆਂ ਹਨ। ਬੌਲੀਵੁੱਡ ਵਿੱਚ ਉਸ ਨੇ ‘ਡਬਲ ਸ਼ਿਫਟ’, ‘ਵਾਹ! ਜ਼ਿੰਦਗੀ’, ‘ਬੱਲੀ 1984’ ਅਤੇ ‘ਟਰਟਲ’ ਫਿਲਮਾਂ ਕੀਤੀਆਂ ਹਨ। ਤੇਜਿੰਦਰ ਹੁਣ ਤੱਕ ਪੰਜਾਬੀ ਅਤੇ ਹਿੰਦੀ ਦੇ ਅਨੇਕਾਂ ਵੱਡੇ ਅਦਾਕਾਰਾ ਦੀ ਡਰੈੱਸ ਡਿਜ਼ਾਇਨ ਵੀ ਕਰ ਚੁੱਕੀ ਹੈ। ਉਹ ਗਿਣਤੀ ਦੇ ਪੱਖ ਤੋਂ ਨਹੀਂ, ਬਲਕਿ ਮਿਆਰ ਦੇ ਪੱਖ ਤੋਂ ਫਿਲਮਾਂ ਕਰਨ ਵਿੱਚ ਯਕੀਨ ਰੱਖਦੀ ਹੈ।
ਸੰਪਰਕ: 88728-58355