ਪਰਵਾਸੀ ਲੇਖਕ ਹਰਜਿੰਦਰ ਸਿੰਘ ਪੰਧੇਰ ਦਾ ਸਵਾਗਤ
ਖੇਤਰੀ ਪ੍ਰਤੀਨਿਧ
ਲੁਧਿਆਣਾ, 4 ਅਪਰੈਲ
ਅਮਰੀਕਾ ਵਸਦੇ ਕਹਾਣੀਕਾਰ ਹਰਜਿੰਦਰ ਸਿੰਘ ਪੰਧੇਰ ਦਾ ਪੰਜਾਬੀ ਭਵਨ ਵਿੱਚ ਪੈਂਦੇ ਪੰਜਾਬੀ ਸਾਹਿਤ ਅਕੈਡਮੀ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਨੇ ਉਨਾਂ ਨੂੰ ਨਿੱਘੀ ਜੀ ਆਇਆਂ ਆਖੀ।
ਇਸ ਮੌਕੇ ਹੋਈ ਵਿਚਾਰ ਚਰਚਾ ਦੌਰਾਨ ਹਰਜਿੰਦਰ ਸਿੰਘ ਪੰਧੇਰ ਨੇ ਕਿਹਾ ਕਿ ਮੁੱਖ ਰੂਪ ਵਿੱਚ ਉਹ ਕਹਾਣੀ ਲਿਖਦੇ ਨੇ ਤੇ ਅਮਰੀਕੀ ਸਮਾਜ ਵਿੱਚ ਵਿਚਰਦਿਆਂ ਜਿਸ ਘਟਨਾ ਨੇ ਵੀ ਉਨ੍ਹਾਂ ਦੇ ਮਨ ਨੂੰ ਝੰਜੋੜਿਆ ਓਸੇ ਨੂੰ ਉਨ੍ਹਾਂ ਕਹਾਣੀ ਵਿੱਚ ਪੇਸ਼ ਕਰ ਦਿੱਤਾ।
ਹੁਣ ਤਕ ਉਨ੍ਹਾਂ ਦਾ ਇੱਕ ਕਹਾਣੀ ਸੰਗ੍ਰਹਿ ਛਪਿਆ ਹੈ ਤੇ ਦੂਜਾ ਕਹਾਣੀ ਸੰਗ੍ਰਹਿ ਛਪਣ ਅਧੀਨ ਹੈ। ਸੰਨ 2008 ਵਿੱਚ ਪੰਜਾਬੀ ਸਾਹਿਤ ਸਭਾ ਸਟਾਕਟਨ ਦੀ ਸਥਾਪਨਾ ਉਪਰੰਤ ਲਗਾਤਾਰ ਉਹ ਪ੍ਰਧਾਨਗੀ ਪਦ ਦੀ ਸੇਵਾ ਨਿਭਾਉਂਦੇ ਆ ਰਹੇ ਹਨ। ਸਮੇਂ ਸਮੇਂ ਤੇ ਸਟਾਕਟਨ ਵਿਖੇ ਆਪਣੀ ਦੇਖ ਰੇਖ ਹੇਠ ਅਨੇਕਾਂ ਕਾਨਫਰਸਾਂ ਦਾ ਆਯੋਜਨ ਕਰਵਾ ਚੁੱਕੇ ਹਨ। ਉਹਨਾਂ ਨੇ ਅਮਰੀਕਾ ਵਿੱਚ ਆਪਣੇ ਚਾਲੀ ਸਾਲਾਂ ਦੇ ਸਫ਼ਰ ਦੌਰਾਨ ਵਾਪਰੀਆਂ ਹੋਰ ਵੀ ਕੌੜੀਆਂ , ਮਿੱਠੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਅਖੀਰ ਵਿੱਚ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਉਨ੍ਹਾਂ ਨੂੰ ਮੈਗਜ਼ੀਨ ‘ਨਜ਼ਰੀਆ’ ਤੇ ਤ੍ਰੈਲੋਚਨ ਲੋਚੀ ਨੇ ਆਪਣਾ ਗ਼ਜ਼ਲ ਸੰਗ੍ਰਿਹ ‘ਦਿਲ ਦਰਵਾਜ਼ੇ’ ਭੇਟ ਕੀਤਾ।