ਨੈਸ਼ਨਲ ਮਾਸਟਰ ਖੇਡਾਂ: ਹਰਿਆਣਾ ਦੀ ਬਾਸਕਟਬਾਲ ਟੀਮ ਜੇਤੂ
ਦਵਿੰਦਰ ਸਿੰਘ
ਯਮੁਨਾ ਨਗਰ, 26 ਅਪਰੈਲ
ਭਾਰਤੀ ਫੌਜ ਦੇ ਅਧਿਕਾਰੀ ਭਾਨੂ ਪ੍ਰਤਾਪ ਦੀ ਬਾਸਕਟਬਾਲ ਟੀਮ ਨੇ ਨੈਸ਼ਨਲ ਮਾਸਟਰ ਖੇਡਾਂ ਵਿੱਚ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਸਿਰਜਿਆ ਹੈ। ਇੰਡੀਅਨ ਮਿਲਟਰੀ ਅਕੈਡਮੀ ਦੇਹਰਾਦੂਨ ਦੇ ਸਾਬਕਾ ਵਿਦਿਆਰਥੀ ਮੇਜਰ ਭਾਨੂ ਪ੍ਰਤਾਪ ਨੇ 20 ਤੋਂ 26 ਅਪਰੈਲ ਤੱਕ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਹੋਈਆਂ ਰਾਸ਼ਟਰੀ ਮਾਸਟਰ ਖੇਡਾਂ-2025 ਵਿੱਚ ਹਰਿਆਣਾ ਬਾਸਕਟਬਾਲ ਟੀਮ ਦੀ ਨੁਮਾਇੰਦਗੀ ਕੀਤੀ ਅਤੇ ਟੀਮ ਨੂੰ ਗੋਲਡ ਮੈਡਲ ਦਿਵਾਇਆ। ਇਸ ਟੀਮ ਦੇ ਸੰਗਠਨ ਸਕੱਤਰ ਰਾਜੇਸ਼ ਬਜਾਜ ਨੇ ਦੱਸਿਆ ਕਿ ਇਹ ਪ੍ਰਾਪਤੀ ਮਾਣ ਵਾਲੀ ਗੱਲ ਤਾਂ ਹੈ ਹੀ ਬਲਕਿ ਇੱਕ ਸਮਰਪਿਤ ਫੌਜੀ ਅਧਿਕਾਰੀ ਦੀ ਹੋਰਨਾਂ ਲਈ ਇੱਕ ਪ੍ਰੇਰਨਾਦਾਇਕ ਉਦਾਹਰਨ ਵੀ ਹੈ। ਉਨ੍ਹਾਂ ਦੱਸਿਆ ਕਿ ਮੇਜਰ ਭਾਨੂ ਪ੍ਰਤਾਪ ਦੀ ਖੇਡ ਪ੍ਰਤਿਭਾ, ਚੁਸਤੀ ਅਤੇ ਰਣਨੀਤਕ ਹੁਨਰ ਨੇ ਟੂਰਨਾਮੈਂਟ ਦੌਰਾਨ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਉਸ ਦੀ ਅਗਵਾਈ ਹਰਿਆਣਾ ਦੀ ਟੀਮ ਲਈ ਫੈਸਲਾਕੁੰਨ ਸਾਬਤ ਹੋਈ ਜੋ ਤਿੰਨ ਰਾਜਾਂ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚੀ। ਫਾਈਨਲ ਮੈਚ ਵਿੱਚ ਉਸ ਦੀ ਸਿਆਣਪ ਅਤੇ ਪ੍ਰੇਰਨਾਦਾਇਕ ਪ੍ਰਦਰਸ਼ਨ ਨੇ ਟੀਮ ਨੂੰ ਸੋਨ ਤਗਮਾ ਜਿੱਤਣ ਵਿੱਚ ਮੁੱਖ ਭੂਮਿਕਾ ਨਿਭਾਈ। ਮੇਜਰ ਭਾਨੂ ਪ੍ਰਤਾਪ ਭਾਰਤੀ ਫੌਜ ਦੀ ਪੂਰਬੀ ਕਮਾਂਡ ਵਿੱਚ ਦੇਸ਼ ਦੀ ਸੇਵਾ ਕਰ ਰਹੇ ਹਨ। ਉਹ ਜਗਾਧਰੀ, ਹਰਿਆਣਾ ਦੇ ਵਾਸੀ ਹਨ ਅਤੇ ਇੰਡੀਅਨ ਮਿਲਟਰੀ ਅਕੈਡਮੀ ਤੋਂ ਇੱਕ ਸਥਾਈ ਕਮਿਸ਼ਨਡ ਅਫਸਰ ਵਜੋਂ ਫੌਜ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਫੌਜ ਅਤੇ ਖੇਡ ਦੋਵਾਂ ਖੇਤਰਾਂ ਵਿੱਚ ਅਨੁਸ਼ਾਸਨ, ਸਮਰਪਣ ਅਤੇ ਅਗਵਾਈ ਦੀ ਇੱਕ ਸ਼ਾਨਦਾਰ ਉਦਾਹਰਨ ਕਾਇਮ ਕੀਤੀ ਹੈ।