ਨਿੱਜੀ ਸਕੂਲ ਦੇ ਬਾਹਰ ਮਾਪਿਆਂ ਵੱਲੋਂ ਮੁਜ਼ਾਹਰਾ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 8 ਅਪਰੈਲ
ਦਿੱਲੀ ਪਬਲਿਕ ਸਕੂਲ, ਦਵਾਰਕਾ ਦੇ ਬਾਹਰ ਅੱਜ ਬੱਚਿਆਂ ਦੇ ਮਾਪਿਆਂ ਨੇ ਕੌਮੀ ਰਾਜਧਾਨੀ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਾਨੇ ਢੰਗ ਨਾਲ ਫ਼ੀਸਾਂ ਵਿੱਚ ਕੀਤੇ ਵਾਧੇ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਬੈਨਰ ਅਤੇ ਪੋਸਟਰ ਫੜੇ ਮਾਪਿਆਂ ਨੇ ਦੋਸ਼ ਲਾਇਆ ਕਿ ਜਿਨ੍ਹਾਂ ਵਿਦਿਆਰਥੀਆਂ ਦੀ ਫ਼ੀਸ ਨਹੀਂ ਭਰੀ ਗਈ, ਉਨ੍ਹਾਂ ਨੂੰ ਜਮਾਤ ਵਿਚ ਨਹੀਂ ਆਉਣ ਦਿੱਤਾ ਗਿਆ ਅਤੇ ਪੂਰੇ ਦਿਨ ਲਾਇਬ੍ਰੇਰੀ ਵਿੱਚ ਬੈਠਣ ਲਈ ਮਜਬੂਰ ਕੀਤਾ ਗਿਆ। ਉਨ੍ਹਾਂ ਵਧੀਆਂ ਫ਼ੀਸਾਂ ਵਾਪਸ ਲੈਣ ਦੀ ਮੰਗ ਕੀਤੀ।
ਇੱਕ ਜੋੜੇ ਨੇ ਦੋਸ਼ ਲਾਇਆ ਕਿ ਉਹ ਪਿਛਲੇ ਪੰਜ ਸਾਲਾਂ ਤੋਂ ‘ਆਪ’ ਅਤੇ ਭਾਜਪਾ ਦੋਵਾਂ ਸਰਕਾਰਾਂ ਦੇ ਅਧੀਨ ਸਿੱਖਿਆ ਡਾਇਰੈਕਟੋਰੇਟ (ਡੀਓਈ) ਅਤੇ ਮੁੱਖ ਮੰਤਰੀ ਦਫ਼ਤਰ ਤੱਕ ਪਹੁੰਚ ਕਰ ਰਹੇ ਹਨ ਪਰ ‘ਸ਼ੋਸ਼ਣ’ ਬੰਦ ਨਹੀਂ ਹੋਇਆ ਹੈ। ਉਨ੍ਹਾਂ ਅਦਾਲਤੀ ਫ਼ੈਸਲੇ ਦਾ ਹਵਾਲਾ ਦਿੱਤਾ ਜਿਸ ਵਿੱਚ ਡੀਡੀਏ ਦੀਆਂ ਜ਼ਮੀਨਾਂ ‘ਤੇ ਬਣੇ ਪ੍ਰਾਈਵੇਟ ਸਕੂਲਾਂ ਨੂੰ ਡੀਓਈ ਦੀ ਪ੍ਰਵਾਨਗੀ ਤੋਂ ਬਿਨਾਂ ਫ਼ੀਸ ਨਾ ਵਧਾਉਣ ਦਾ ਹੁਕਮ ਦਿੱਤਾ ਗਿਆ ਸੀ। ਸਬੰਧਤ ਜੋੜੇ ਨੇ ਕਿਹਾ ਕਿ ਉਹ ਸਿੱਖਿਆ ਡਾਇਰੈਕਟੋਰੇਟ ਵੱਲੋਂ ਪ੍ਰਵਾਨਿਤ ਫ਼ੀਸ ਦਾ ਇੱਕ-ਇੱਕ ਪੈਸਾ ਅਦਾ ਕਰ ਰਹੇ ਹਾਂ, ਜੇ ਉਹ ਇਸ ਵਿੱਚ ਡਿਫਾਲਟਰ ਹੋ ਜਾਂਦੇ ਹਾਂ, ਤਾਂ ਉਨ੍ਹਾਂ ਨੂੰ ਸਜ਼ਾ ਦਿਓ ਨਾ ਕਿ ਬੱਚਿਆਂ ਨੂੰ। ਉਧਰ, ਦਿੱਲੀ ਦੇ ਸਿੱਖਿਆ ਮੰਤਰੀ ਆਸ਼ੀਸ਼ ਸੂਦ ਨੇ ਮਨਮਾਨੇ ਢੰਗ ਨਾਲ ਫ਼ੀਸਾਂ ਵਧਾਉਣ ਵਾਲੇ ਪ੍ਰਾਈਵੇਟ ਸਕੂਲਾਂ ਖ਼ਿਲਾਫ਼ ਸਖਤ ਕਾਰਵਾਈ ਕਰਨ ਦਾ ਅਹਿਦ ਲਿਆ। ਉਨ੍ਹਾਂ ਨੇ ਪਿਛਲੀ ‘ਆਪ’ ਸਰਕਾਰ ‘ਤੇ ਅਜਿਹੀ ਪ੍ਰਥਾ ਵੱਲ ਅੱਖਾਂ ਬੰਦ ਕਰਨ ਦਾ ਦੋਸ਼ ਲਗਾਇਆ। ਇਸ ਦੌਰਾਨ ‘ਆਪ’ ਨੇ ਕੌਮੀ ਰਾਜਧਾਨੀ ਵਿੱਚ ਭਾਜਪਾ ਦੇ ਨਵੇਂ ਸ਼ਾਸਨ ਦੇ ਤਹਿਤ ‘ਸਿੱਖਿਆ ਮਾਫ਼ੀਆ’ ਦੀ ਵਾਪਸੀ ਦਾ ਦੋਸ਼ ਲਗਾਇਆ ਹੈ। ਸੂਦ ਨੇ ਬੀਤੇ ਦਿਨ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਦਿੱਲੀ ਦੇ 1,677 ਪ੍ਰਾਈਵੇਟ ਸਕੂਲਾਂ ਵਿੱਚੋਂ, 335 ਸਰਕਾਰੀ ਜ਼ਮੀਨਾਂ ‘ਤੇ ਚੱਲਦੇ ਹਨ ਅਤੇ 1973 ਦੇ ਦਿੱਲੀ ਸਕੂਲ ਸਿੱਖਿਆ ਐਕਟ ਦੁਆਰਾ ਬੰਨ੍ਹੇ ਹੋਏ ਹਨ, ਜਿਸ ਲਈ ਫ਼ੀਸਾਂ ਵਿੱਚ ਵਾਧੇ ਲਈ ਸਰਕਾਰ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ ਪਰ ਸਿਰਫ਼ 114 ਸਕੂਲ ਇਸ ਸ਼ਰਤ ਤੋਂ ਮੁਕਤ ਹਨ। ਦਿੱਲੀ ਦੇ ਸਿੱਖਿਆ ਮੰਤਰੀ ਅਸ਼ੀਸ਼ ਸੂਦ ਨੇ ਅੱਜ ਪੜਪੜਗੰਜ ਵਿਧਾਨ ਸਭਾ ਖੇਤਰ ਵਿੱਚ ਸਰਕਾਰੀ ਸਕੂਲਾਂ ਦਾ ਨਿਰੀਖਣ ਕੀਤਾਜ। ਇਸ ਦੌਰਾਨ ਉਨ੍ਹਾਂ ਨਾਲ ਵਿਧਾਇਕ ਰਵਿੰਦਰ ਸਿੰਘ ਨੇਗੀ ਵੀ ਹਾਜ਼ਰ ਸਨ। ਉਨ੍ਹਾਂ ਸਕੂਲ ਵਿੱਚ ਬਣਨ ਵਾਲੇ ਮਿੱਲ-ਡੇਅ ਮੀਲ ਦਾ ਵੀ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ।
ਸਰਕਾਰੀ ਸਕੂਲਾਂ ਦੀਆਂ ਖਸਤਾ ਹਾਲ ਇਮਾਰਤਾਂ ਦੀ ਛੇਤੀ ਉਸਾਰੀ ਹੋਵੇਗੀ: ਸੂਦ
ਨਵੀਂ ਦਿੱਲੀ: ਦਿੱਲੀ ਦੇ ਸਿੱਖਿਆ ਮੰਤਰੀ ਆਸ਼ੀਸ਼ ਸੂਦ ਨੇ ਕਿਹਾ ਕਿ ਸ਼ਹਿਰ ਦੇ ਸਕੂਲਾਂ ਦੀਆਂ ਖਸਤਾ ਹਾਲਤ ਇਮਾਰਤਾਂ ਦੀ ਜਲਦੀ ਪੁਨਰ ਉਸਾਰੀ ਕੀਤੀ ਜਾਵੇਗੀ। ਉਨ੍ਹਾਂ ਅੱਜ ਪੂਰਬੀ ਦਿੱਲੀ ਦੇ ਚਾਰ ਅਜਿਹੇ ਸਰਕਾਰੀ ਸਕੂਲਾਂ ਦਾ ਨਿਰੀਖਣ ਕੀਤਾ ਅਤੇ ਕਿਹਾ ਇਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਦੂਜੇ ਸਕੂਲਾਂ ਵਿੱਚ ਪੜ੍ਹਾਇਆ ਜਾਵੇਗਾ। ਇਸ ਦੌਰਾਨ ਸ੍ਰੀ ਸੂਦ ਅਤੇ ਪੜਪੜਗੰਜ ਵਿਧਾਨ ਸਭਾ ਹਲਕੇ ਦੇ ਭਾਜਪਾ ਵਿਧਾਇਕ ਰਵਿੰਦਰ ਸਿੰਘ ਨੇਗੀ ਨੇ ਮਯੂਰ ਵਿਹਾਰ ਅਤੇ ਮੰਡਾਵਲੀ ਫ਼ੇਜ਼-1 ਅਤੇ 2 ਵਿੱਚ ਤਿੰਨ ਸਰਵੋਦਿਆ ਕੰਨਿਆ ਵਿਦਿਆਲਿਆਂ ਅਤੇ ਵਿਨੋਦ ਨਗਰ ਵਿੱਚ ਇੱਕ ਸਰਕਾਰੀ ਸਕੂਲ ਦਾ ਨਿਰੀਖਣ ਕੀਤਾ। ਸ੍ਰੀ ਸੂਦ ਨੇ ਕਿਹਾ ਕਿ ਵੱਖ ਵੱਖ ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ ਨੇ ਸਰਕਾਰੀ ਸਕੂਲਾਂ ਦੀ ਸਥਿਤੀ ਬਾਰੇ ਚਿੰਤਾ ਪ੍ਰਗਟਾਈ ਹੈ। ਇਸੇ ਕਾਰਨ ਸਕੂਲਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਨੇਗੀ ਨੇ ਆਪਣੇ ਵਿਧਾਨ ਸਭਾ ਹਲਕੇ ਦੇ ਕੁਝ ਸਕੂਲਾਂ ਦੀਆਂ ਖਸਤਾ ਹਾਲ ਇਮਾਰਤਾਂ ਦੇ ਨਿਰਮਾਣ ਦੀ ਮੰਗ ਕੀਤੀ ਹੈ। ਸ੍ਰੀ ਸੂਦ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਕੁਝ ਸਕੂਲ ਹੁਣ ਵੀ ਅਜਿਹੀਆਂ ਖਸਤਾ ਹਾਲਤ ਇਮਾਰਤਾਂ ਵਿੱਚ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਖਸਤਾ ਹਾਲ ਸਕੂਲ ਇਮਾਰਤਾਂ ਦੀ ਜਲਦੀ ਪੁਨਰੀ ਉਸਾਰੀ ਕੀਤੀ ਜਾਵੇਗੀ। -ਪੀਟੀਆਈ