ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਿੰਦਰ ਘੁਗਿਆਣਵੀ ਦੀ ਵਾਰਤਕ ਪੜ੍ਹਦਿਆਂ

02:31 PM Jan 22, 2023 IST

ਪ੍ਰਿੰ. ਸਰਵਣ ਸਿੰਘ

Advertisement

ਨਿੰਦਰ ਘੁਗਿਆਣਵੀ ਜਿੰਨਾ ਨਿੱਕਾ ਹੈ ਓਨਾ ਹੀ ਤਿੱਖਾ। ਪਹਿਲਾਂ ਮੈਨੂੰ ਚਾਚਾ ਕਹਿੰਦਾ ਸੀ ਹੁਣ ਤਾਇਆ। ਅਖੇ, ਮੈਂ ਦੋਹਾਂ ਦੀਆਂ ਜਨਮ ਤਾਰੀਖਾਂ ਵੇਖ ਲਈਆਂ ਤੇ ਗ਼ਲਤੀ ਸੁਧਾਰ ਲਈ! ਉਸ ਨੇ ਸਵੈ-ਜੀਵਨੀ, ਜੀਵਨੀਆਂ, ਰੇਖਾ-ਚਿੱਤਰ, ਨਿਬੰਧ, ਲਲਿਤ ਨਿਬੰਧ, ਯਾਦਾਂ, ਸਫ਼ਰਨਾਮੇ, ਡਾਇਰੀਨਾਮਾ, ਰੇਡੀਓਨਾਮਾ ਅਤੇ ਅਨੇਕਾਂ ਅਖ਼ਬਾਰੀ ਕਾਲਮ ਲਿਖੇ ਨੇ ਜੋ ਪੰਜਾਹ ਤੋਂ ਵੱਧ ਪੁਸਤਕਾਂ ਵਿਚ ਸ਼ਾਮਲ ਹਨ। ਪੇਂਡੂ ਮਲਵਈ ਸ਼ਬਦਾਵਲੀ, ਅਖਾਣਾਂ, ਮੁਹਾਵਰੇ, ਨਿੱਕੇ ਸਰਲ ਵਾਕ, ਸੰਖੇਪ ਪੈਰੇ, ਸ਼ਬਦਾਂ ਦੀ ਸੂਖ਼ਮ ਲੈਅ, ਵਾਰਤਾ ਦਾ ਦ੍ਰਿਸ਼ ਵਰਣਨ, ਰੌਚਿਕ ਬਿਰਤਾਂਤ, ਸਰਲਤਾ, ਸਪੱਸ਼ਟਤਾ ਤੇ ਕਾਵਿਕ ਛੋਹਾਂ ਉਸ ਦੀ ਵਾਰਤਕ ਦੇ ਮੀਰੀ ਗੁਣ ਹਨ। ਉਹਦੀ ਲੇਖਣੀ ਵਿਚ ਅਨੇਕਾਂ ਰੰਗਾਂ, ਰਸਾਂ, ਸੁਗੰਧਾਂ, ਤੱਤੀਆਂ ਠੰਢੀਆਂ ਛੋਹਾਂ ਤੇ ਮਧੁਰ ਧੁਨਾਂ ਦਾ ਮਿਸ਼ਰਨ ਹੈ। ਸੁਰਜੀਤ ਪਾਤਰ ਨੂੰ ਉਹਦੀ ਵਾਰਤਕ ਵਿਚਲੀ ਮਾਸੂਮੀਅਤ, ਵਿਅੰਗ ਤੇ ਵਿਨੋਦੀਪਣ ਚੰਗੇ ਲੱਗਦੇ ਹਨ। ਉਹਦੀ ਲਿਖਣ ਸ਼ੈਲੀ ਦੀ ਸਾਦਗੀ, ਰਵਾਨੀ ਤੇ ਬੇਬਾਕੀ ਪਾਠਕਾਂ ਦੇ ਸਿਰ ਚੜ੍ਹ ਕੇ ਬੋਲਦੀ ਹੈ। ਉਹ ਨਿੱਕੇ ਕੱਦ ਦਾ ਕੱਦਾਵਰ ਲੇਖਕ ਹੈ। ‘ਜੁਗਤੀ’ ਵੀ ਹੈ ਤੇ ‘ਜੁਗਾੜੀ’ ਵੀ। ਕਲਮ ਚਲਾਉਣੀ ਉਹਦੀ ਜੁਗਤ ਹੈ ਤੇ ਤੂੰਬੀ ਵਜਾਉਣੀ ਉਹਦਾ ਜੁਗਾੜ। ਰੇਹੜੇ ‘ਤੇ ਚੜ੍ਹਨ ਵਾਲਾ ਪੇਂਡੂ ਮੁੰਡਾ ਕਲਮ ਤੇ ਤੂੰਬੀ ਦੇ ਸਿਰ ‘ਤੇ ਹਵਾਈ ਜਹਾਜ਼ਾਂ ‘ਤੇ ਚੜ੍ਹ ਕੇ ਕੈਨੇਡਾ, ਅਮਰੀਕਾ, ਇੰਗਲੈਂਡ ਤੇ ਆਸਟਰੇਲੀਆ ਗਾਹ ਆਇਐ। ਹੈ ਕੋਈ ਉਹਦੇ ਵਰਗਾ ਜਿਹੜਾ ਸਕੂਲ ਦੀ ਪੜ੍ਹਾਈ ਵਿਚੇ ਛੱਡ ਗਿਆ ਹੋਵੇ ਅਤੇ ਅਰਦਲੀ ਤੋਂ ਮਾਲੀ ਬਣ ਕੇ ਕਿਸੇ ਯੂਨੀਵਰਸਿਟੀ ਦਾ ਵਿਜ਼ਿਟਿੰਗ ਪ੍ਰੋਫ਼ੈਸਰ ਬਣ ਗਿਆ ਹੋਵੇ? ਅਜੇ ਕੀ ਪਤਾ ਕੀ ਦਾ ਕੀ ਬਣ ਜਾਵੇ?

ਉਸ ਨੇ ਇਸ ਪੁਸਤਕ ਦੇ ਆਰੰਭ ‘ਜਦੋਂ ਮੈਂ ਵਾਰਤਕ ਲਿਖਦਾ ਹਾਂ’ ਵਿਚ ਲਿਖਿਆ, ”ਸੁਰ ਦੀ ਸਾਂਝ ਬਚਪਨ ਤੋਂ ਰਹੀ। ਜਦੋਂ ਕਲਮ ਸੌਂ ਰਹੀ ਹੋਵੇ ਤਾਂ ਤੂੰਬੀ ਹੱਥ ਹੁੰਦੀ ਹੈ। ਇੰਜ ਗਿਆਨ ਤੇ ਧਿਆਨ ਬਣਿਆ ਰਹਿੰਦੈ। ਵਾਰਤਕ ਲਿਖਦਿਆਂ ਸੁਰ ਮੇਰੇ ਨਾਲ ਨਾਲ ਤੁਰਦੀ ਹੈ। ਕੁਝ ਕੁਝ ਪੋਂਹਦੀ ਰਹਿੰਦੀ ਹੈ, ਮੋਂਹਦੀ ਰਹਿੰਦੀ ਹੈ। ਸ਼ਬਦ ਬੀੜ ਹੁੰਦੇ ਨੇ। ਜਿਵੇਂ ਰਾਜ ਮਿਸਤਰੀ ਇੱਟਾਂ ਚਿਣਦਾ ਹੈ। ਹੱਥ ‘ਚ ਤੇਸੀ ਹੈ। ਫੀਤਾ ਹੈ। ਸੂਤਾ ਹੈ। ਕਰੰਡੀ ਹੈ। ਵਿੱਥਾਂ, ਚਿੱਪਾਂ ਮੇਲਦਾ-ਭਰਦਾ ਜਾਂਦਾ ਹੈ ਤੇ ਇੱਟਾਂ ਦੇ ਸੰਸਾਰ ਨਾਲ ਖੇਲ੍ਹਦਾ-ਮੇਲ੍ਹਦਾ ਰਹਿੰਦਾ ਹੈ। ਇਉਂ ਹੀ ਮੈਂ ਅੱਖਰਾਂ, ਸ਼ਬਦਾਂ, ਵਾਕਾਂ, ਪੈਰ੍ਹਿਆਂ ਵਿਚ ਦੀ ਵਿਚਰਦਿਆਂ ਖੇਲ੍ਹਦਾ-ਮੱਲ੍ਹਦਾ ਵਾਰਤਕ ਲਿਖੀ ਜਾ ਰਿਹਾ ਹਾਂ।”

Advertisement

ਵਰਿਆਮ ਸਿੰਘ ਸੰਧੂ ਨੇ ਲਿਖਿਆ, ”ਨਿੰਦਰ ਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਉਹਨੇ ਲਿਖਣ ਨੂੰ ਹੀ ਆਪਣਾ ਕਿੱਤਾ ਬਣਾ ਲਿਆ ਹੈ। ਉਹ ਉਹਨਾਂ ਪਾਖੰਡੀ ਲੇਖਕਾਂ ਵਿਚੋਂ ਨਹੀਂ ਜਿਹੜੇ ਕਹਿੰਦੇ ਨੇ ਕਿ ਉਹ ਲਿਖ ਕੇ ਮਾਂ-ਬੋਲੀ ਦੀ ਸੇਵਾ ਕਰ ਰਹੇ ਨੇ। ਨਿੰਦਰ ਤਾਂ ਮਾਂ-ਬੋਲੀ ਤੋਂ ਸੇਵਾ ਲੈ ਰਿਹਾ ਹੈ ਤੇ ਗੱਜ ਵੱਜ ਕੇ ਲੈ ਰਿਹਾ ਹੈ। ਤੇ ਇਹਦੇ ਵਿਚ ਮਿਹਣੇ ਵਾਲੀ ਕੋਈ ਗੱਲ ਈ ਨਹੀਂ। ਉਹ ਦੇਸ਼-ਵਿਦੇਸ਼ ਦੇ ਅਖ਼ਬਾਰਾਂ ਵਿਚ ਕਾਲਮ ਲਿਖਣ ਦੇ ਪੈਸੇ ਲੈਂਦਾ ਹੈ। ਕਈ ਵਿਦੇਸ਼ੀ ਟੀਵੀ ਤੇ ਰੇਡੀਓ ਪ੍ਰੋਗਰਾਮਾਂ ਲਈ ਕੁਮੈਂਟਰੀ ਕਰਦਾ ਹੈ। ਨਾਲੇ ਵੰਝਾਂ ਦਾ ਵਪਾਰ ਨਾਲੇ ‘ਗੰਗਾ’ ਦਾ ‘ਸ਼ਨਾਨ’। ਉਹਦੇ ਲਈ ਸਾਹਿਤ ਵੀ ਵਸਤੂ ਹੈ। ਜੇ ਕਿਸਾਨ ਫ਼ਸਲ ਵੇਚ ਕੇ, ਕਾਰੀਗਰ ਫਰਨੀਚਰ ਬਣਾ ਕੇ, ਪੇਂਟਰ ਪੇਂਟਿੰਗ ਵੇਚ ਕੇ ਤੇ ਗਾਉਣ ਵਾਲਾ ਗਾ ਕੇ ਪੈਸੇ ਕਮਾ ਸਕਦਾ ਏ ਤਾਂ ਸਾਹਿਤਕਾਰ ਆਪਣੀ ਵਸਤ ਕਿਉਂ ਨਾ ਵੇਚੇ? ਨਿੰਦਰ ਦਾ ਸਾਹਿਤ ਛਪ ਵੀ ਰਿਹਾ ਏ ਤੇ ਵਿਕ ਵੀ ਰਿਹਾ ਏ।”

ਦਸਵੀਂ ਫੇਲ੍ਹ ਨਿੰਦਰ ਦੀਆਂ ਕਿਤਾਬਾਂ ਹੁਣ ਬੀਏ, ਐੱਮਏ ਦੇ ਕੋਰਸਾਂ ਵਿਚ ਲੱਗੀਆਂ ਹੋਈਆਂ ਹਨ ਅਤੇ ਉਨ੍ਹਾਂ ਉੱਤੇ ਐੱਮ ਫਿੱਲਾਂ ਤੇ ਪੀਐੱਚ.ਡੀਜ਼ ਹੋ ਰਹੀਆਂ ਹਨ। ਘਰਦਿਆਂ ਦੇ ਚਾਅ ਨਾਲ ਰੱਖੇ ਨਾਂ ਨਰਿੰਦਰ ਕੁਮਾਰ ਤੋਂ ਗਵੱਈਆ ਬਣ ਕੇ, ਪਹਿਲਾਂ ਉਹ ਨਰਿੰਦਰ ‘ਨਿੰਦਾ’ ਬਣਿਆ ਤੇ ਫਿਰ ਲੇਖਕ ਬਣ ਕੇ ਨਿੰਦਰ ਘੁਗਿਆਣਵੀ ਬਣ ਗਿਆ। 1994 ਤੋਂ 2022 ਤਕ ਪੁੱਜਦਿਆਂ ਉਹਦੀਆਂ ਕਿਤਾਬਾਂ ਦੀ ਗਿਣਤੀ ਪਚਵੰਜਾ ਹੋ ਚੁੱਕੀ ਹੈ। ਜੇ ਜਸਵੰਤ ਸਿੰਘ ਕੰਵਲ ਜਿੰਨੀ ਉਮਰ ਜੀਅ ਗਿਆ ਤਾਂ ਕੰਵਲ ਦੀਆਂ ਸੌ ਕਿਤਾਬਾਂ ਦੇ ਮੁਕਾਬਲੇ ਉਹਦੀਆਂ ਦੋ ਸੌ ਕਿਤਾਬਾਂ ਵੱਟ ‘ਤੇ ਹਨ!

1978 ਵਿਚ ਜਨਮੇ ਨਿੰਦਰ ਦੀ ਸਵੈ-ਜੀਵਨੀ ‘ਮੈਂ ਸਾਂ ਜੱਜ ਦਾ ਅਰਦਲੀ’ ਏਨੀ ਛਪੀ, ਏਨੀ ਛਪੀ ਕਿ ਹੁਣ ਤਕ ਛਪੀ ਹੀ ਜਾ ਰਹੀ ਹੈ। 2019 ਵਿਚ ਉਸ ਦੀ ਨੌਵੀਂ ਐਡੀਸ਼ਨ ਛਪੀ ਸੀ ਤੇ 2020 ਵਿਚ ਦਸਵੀਂ। ਉਸ ਦੇ ਹਿੰਦੀ, ਅੰਗਰੇਜ਼ੀ, ਉਰਦੂ, ਤੇਲਗੂ, ਕੰਨੜ, ਗੁਜਰਾਤੀ, ਮਰਾਠੀ, ਮਲਿਆਲਮ, ਸਿੰਧੀ, ਮੈਥਿਲੀ, ਭੋਜਪੁਰੀ, ਬੰਗਲਾ ਤੇ ਉੜੀਆ ਵਿਚ ਅਨੁਵਾਦ ਵੀ ਛਪੇ ਹਨ। ਸ਼ਾਹਮੁਖੀ ਵਿਚ ਵੀ ਛਪੀ ਹੈ ਅਤੇ ਇਸ ਉੱਤੇ ਰੇਡੀਓ ਰੁਪਾਂਤਰ ਤੇ ਲਘੂ ਫਿਲਮ ਵੀ ਬਣੀ ਹੈ। ਫ਼ਰੀਦਕੋਟ ਵਾਲੇ ਜੱਜ ਦੀ ਰਿਹਾਇਸ਼ ਵਾਲੀ ‘ਲਾਲ ਕੋਠੀ’ ਭਾਵੇਂ ਹੁਣ ਬੇਆਬਾਦ ਹੋਈ ਪਈ ਹੈ ਪਰ ਨਿੰਦਰ ਘੁਗਿਆਣਵੀ ਨੇ ‘ਮੈਂ ਸਾਂ ਜੱਜ ਦਾ ਅਰਦਲੀ’ ਲਿਖ ਕੇ ਉਸ ਨੂੰ ਸਦਾ ਲਈ ਆਬਾਦ ਕਰ ਦਿੱਤਾ ਹੈ।

ਉਹ ਲੇਖਕ, ਪੱਤਰਕਾਰ, ਕਾਲਮਨਵੀਸ, ਰੇਡੀਓਕਾਰ ਤੇ ਤੂੰਬੀਕਾਰ ਹੈ। ਲੋਹੜੇ ਦਾ ਮਿਲਾਪੜਾ ਹੈ ਤੇ ਮਾੜਾ ਮੋਟਾ ਟੁੱਟ-ਪੈਣਾ ਵੀ। ਨਾ ਰੁੱਸਦੇ ਦਾ ਪਤਾ ਲੱਗਦਾ ਹੈ, ਨਾ ਮੰਨਦੇ ਦਾ। ਫੋਨ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਆਵਾਜ਼ਾਂ ਕੱਢਦੈ, ਘਿਆਕੋ ਬਿੱਲੀਆਂ ਬੁਲਾਉਂਦੈ ਤੇ ਜਣੇ-ਖਣੇ ਦੀਆਂ ਸਾਂਗਾਂ ਲਾਉਂਦੈ। ਵਿਚੇ ਗੁਰਬਚਨ ਭੁੱਲਰ ਦੀਆਂ, ਵਿਚੇ ਹਰਭਜਨ ਹੁੰਦਲ ਦੀਆਂ, ਵਿਚੇ ਮੇਰੀਆਂ, ਵਿਚੇ ਕਿਰਪਾਲ ਕਜ਼ਾਕ ਦੀਆਂ ਤੇ ਵਿਚੇ ‘ਫਿਲਹਾਲ’ ਵਾਲੇ ਗੁਰਬਚਨ ਦੀਆਂ। ਦੇਸ ਪ੍ਰਦੇਸ ਗਾਹੁਣ ਵਾਲੇ ਗੁਰਬਚਨ ਵਰਗੇ ਵੀ ਪਛਾਣ ਨਹੀਂ ਸਕਦੇ ਕਿ ਨਿੰਦਰ ਉਹਦਾ ਮਜ਼ਾਕ ਉਡਾ ਰਿਹੈ!

ਆਹ ਪੁਸਤਕ ਉਹਦੀ ਵਾਰਤਕ ਰਚਨਾ ਬਾਰੇ ਤਿਆਰ ਕੀਤੀ ਗਈ ਹੈ ਜਿਸ ਵਿਚ ਉਸਤਤ ਵੱਧ ਹੈ, ਮੀਨਮੇਖ ਘੱਟ। ਦੋ ਦਰਜਨ ਦੇ ਕਰੀਬ ਨਾਮਵਰ ਲੇਖਕਾਂ ਤੇ ਆਲੋਚਕਾਂ ਨੇ ਸਮੇਂ ਸਮੇਂ ਉਹਦੀ ਸ਼ਖ਼ਸੀਅਤ, ਉਹਦੀਆਂ ਕਿਤਾਬਾਂ ਤੇ ਉਹਦੀ ਵਾਰਤਕ ਬਾਰੇ ਨਿੱਕੇ ਵੱਡੇ ਲੇਖ ਲਿਖੇ ਸਨ। ਦਰਜਨ ਤੋਂ ਵੱਧ ਲੇਖਕਾਂ ਨੇ ਨਵੇਂ ਨਕੋਰ ਲੇਖ ਵੀ ਲਿਖੇ। ਇਉਂ ਇਹ ਨਵੀਆਂ ਤੇ ਪੁਰਾਣੀਆਂ ਲਿਖਤਾਂ ਦਾ ਵੰਨ ਸੁਵੰਨਾ ਗੁਲਦਸਤਾ ਹੈ ਜਿਸ ਵਿਚੋਂ ਨਿੰਦਰ ਘੁਗਿਆਣਵੀ ਦੇ ਸੰਘਰਸ਼ਮਈ ਜੀਵਨ, ਉਸ ਦੀਆਂ ਪੁਸਤਕਾਂ ਤੇ ਉਹਦੀ ਬਹੁਰੰਗੀ ਵਾਰਤਕ ਸ਼ੈਲੀ ਦੀ ਟਹਿਕ ਤੇ ਮਹਿਕ ਮਾਣੀ ਜਾ ਸਕਦੀ ਹੈ।

ਈ-ਮੇਲ: principalsarwansingh@gmail.com

Advertisement