ਨਿਗਮ ਵੱਲੋਂ ਡਾਗ ਸੈਂਕਚੁਰੀ ਬਣਾਉਣ ਦਾ ਫ਼ੈਸਲਾ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 4 ਮਈ
ਨਗਰ ਨਿਗਮ ਨੇ ਸ਼ਹਿਰ ’ਚ ਵਧ ਰਹੀ ਆਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਡਾਗ ਸੈਂਕਚੁਰੀ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਜਿਸ ਵਿੱਚ ਪਹਿਲੇ ਪੜਾਅ ਹੇਠ 2,500 ਅਵਾਰਾ ਕੁੱਤਿਆਂ ਦੀ ਸਾਂਭ ਸੰਭਾਲ ਦਾ ਕੰਮ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਮੌਜੂਦਗੀ ਵਿੱਚ ਹੋਈ ਮੀਟਿੰਗ ਦੌਰਾਨ ਇਸ ਪ੍ਰਾਜੈਕਟ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ ਜਿਸ ਦਾ ਉਦੇਸ਼ ਜਨਤਕ ਸੁਰੱਖਿਆ ਚਿੰਤਾਵਾਂ ਨੂੰ ਲੰਬੇ ਸਮੇਂ ਦਾ ਹੱਲ ਪ੍ਰਦਾਨ ਕਰਨਾ ਅਤੇ ਜਾਨਵਰਾਂ ਦੀ ਦੇਖਭਾਲ ਨੂੰ ਉਤਸ਼ਾਹਿਤ ਕਰਨਾ ਹੈ।
ਪਹਿਲੇ ਪੜਾਅ ਵਿੱਚ ਇਸ ਸੈਂਕਚੁਰੀ ਵਿੱਚ 2500 ਆਵਾਰਾ ਕੁੱਤੇ ਰੱਖੇ ਜਾਣਗੇ, ਜਿਸ ਮਗਰੋਂ ਇਸ ਦੇ ਪੜਾਅਵਾਰ ਵਿਸਥਾਰ ਦਾ ਪ੍ਰਬੰਧ ਕੀਤਾ ਜਾਵੇਗਾ। ਅਵਾਰਾ ਕੁੱਤਿਆਂ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਹਨ ਅਤੇ ਇਸ ਸਬੰਧੀ ਪ੍ਰਸ਼ਾਸਨ ਨੂੰ ਅਕਸਰ ਸ਼ਿਕਾਇਤਾਂ ਵੀ ਮਿਲਦੀਆਂ ਰਹੀਆਂ ਰਹੀਆਂ ਹਨ। ਪਿਛਲੇ ਸਮੇਂ ਦੌਰਾਨ ਅਵਾਰਾ ਕੁੱਤਿਆਂ ਵੱਲੋਂ ਲੋਕਾਂ ਅਤੇ ਖ਼ਾਸ ਕਰਕੇ ਛੋਟੇ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ।
ਇਹ ਸੈਂਕਚੁਰੀ ਨਾ ਸਿਰਫ਼ ਕੁੱਤਿਆਂ ਦੇ ਕੱਟਣ ਦੇ ਖ਼ਤਰੇ ਨੂੰ ਘਟਾਏਗੀ ਬਲਕਿ ਕੁੱਤੇ ਪ੍ਰੇਮੀਆਂ ਅਤੇ ਜਾਨਵਰ ਭਲਾਈ ਕਾਰਕੁਨਾਂ ਦੀਆਂ ਭਾਵਨਾਵਾਂ ਦਾ ਵੀ ਸਤਿਕਾਰ ਕਰੇਗੀ। ਇਸ ਦੀ ਸ਼ੁਰੂਆਤ ਇੱਕ ਵਿਆਪਕ ਸਹੂਲਤ ਵਜੋਂ ਕੀਤੀ ਜਾਵੇਗੀ ਜੋ ਜ਼ਖਮੀ, ਜਿਸ ਤਹਿਤ ਛੱਡੇ ਹੋਏ ਜਾਂ ਆਵਾਰਾ ਕੁੱਤਿਆਂ ਨੂੰ ਰੱਖਿਆ ਜਾਵੇਗਾ ਤੇ ਕੁੱਤਿਆਂ ਦੀ ਆਬਾਦੀ ਨੂੰ ਕੰਟਰੋਲ ਕਰਨ ਲਈ ਨਸਬੰਦੀ ਅਤੇ ਨਿਊਟਰਿੰਗ ਪ੍ਰਕਿਰਿਆਵਾਂ ਕਰੇਗੀ। ਇਸ ਤੋਂ ਇਲਾਵਾ ਰੈਬੀਜ਼ ਵਿਰੋਧੀ ਟੀਕੇ ਲਾ ਕੇ, ਬਚਾਅ ਅਤੇ ਪੁਨਰਵਾਸ ਕਾਰਜਾਂ ਦੀ ਸਹੂਲਤ ਦਿੱਤੀ ਜਾਵੇਗੀ।
ਇਸ ਪਹਿਲਕਦਮੀ ਦਾ ਉਦੇਸ਼ ਟਕਰਾਅ ਦੇ ਮੂਲ ਕਾਰਨਾਂ ਨੂੰ ਹੱਲ ਕਰਕੇ ਮਨੁੱਖਾਂ ਅਤੇ ਜਾਨਵਰਾਂ ਵਿਚਕਾਰ ਸਦਭਾਵਨਾਪੂਰਨ ਸਹਿ-ਹੋਂਦ ਨੂੰ ਉਤਸ਼ਾਹਿਤ ਕਰਨਾ ਹੈ।
ਡਾਗ ਸੈਂਕਚੁਰੀ ਕੁੱਤਿਆਂ ਦੀ ਸੰਭਾਲ ਲਈ ਸ਼ਲਾਘਯੋਗ ਉਪਰਾਲਾ: ਅਰੋੜਾ
ਪ੍ਰਜੈਕਟ ਦਾ ਸਵਾਗਤ ਕਰਦਿਆਂ ਮੈਂਬਰ ਰਾਜ ਸਭਾ ਸੰਜੀਵ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਚੋਣ ਪ੍ਰਚਾਰ ਦੌਰਾਨ ਕਾਫ਼ੀ ਗਿਣਤੀ ਵਿੱਚ ਲੋਕਾਂ ਨੇ ਇਸ ਸਮੱਸਿਆ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਇਸ ਦੇ ਹੱਲ ਲਈ ਕਮਿਸ਼ਨਰ ਨਗਰ ਨਿਗਮ ਅਤੇ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਕੇ ਉੱਚ ਪੱਧਰੀ ਮੀਟਿੰਗ ਦੌਰਾਨ ਇਸ ਪ੍ਰਾਜੈਕਟ ਨੂੰ ਅੰਤਿਮ ਰੂਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਰੋਕਥਾਮ ਸਹੂਲਤ ਨਹੀਂ ਹੈ ਬਲਕਿ ਇਹ ਸ਼ਹਿਰੀ ਜਾਨਵਰਾਂ ਦੇ ਪ੍ਰਬੰਧਨ ਲਈ ਇੱਕ ਹਮਦਰਦੀ ਵਾਲਾ ਮਾਡਲ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ, ‘‘ਸਾਡਾ ਟੀਚਾ ਇੱਕ ਮਨੁੱਖੀ, ਟਿਕਾਊ ਹੱਲ ਬਣਾਉਣਾ ਹੈ। ਜਨਤਕ ਸੁਰੱਖਿਆ ਅਤੇ ਜਾਨਵਰਾਂ ਦੀ ਦੇਖਭਾਲ ਦੋਵਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਪ੍ਰਸ਼ਾਸਨ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ।’’ ਉਨ੍ਹਾਂ ਕਿਹਾ ਕਿ ਕੁੱਤਿਆਂ ਦੇ ਕੱਟਣ ਦੀਆਂ ਰਿਪੋਰਟਾਂ ਅਸਧਾਰਨ ਨਹੀਂ ਹਨ ਅਤੇ ਇਹ ਇੱਕ ਗੰਭੀਰ ਜਨਤਕ ਸੁਰੱਖਿਆ ਲਈ ਚਿੰਤਾ ਦਾ ਵਿਸ਼ਾ ਹੈ।