ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਜਾਰੀ ਰਹੇਗੀ: ਉੱਗੋਕੇ
ਸ਼ਹਿਣਾ, 17 ਮਾਰਚ
ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਸਬਾ ਸ਼ਹਿਣਾ ਦੇ ਜਟਾਣੇ ਕੋਠੇ ’ਚ ਤਿੰਨ ਮਹੀਨੇ ’ਚ ਗੰਦੇ ਪਾਣੀ ਦੀ ਨਿਕਾਸੀ ਅਤੇ ਜਟਾਣਾ ਕੋਠੇ ਦੀ ਹਰ ਗਲੀ ’ਚ ਇੰਟਰਲਾਕ ਟਾਈਲਾਂ ਦਾ ਫਰਸ਼ ਲਾਉਣ ਦਾ ਐਲਾਨ ਕੀਤਾ ਹੈ। ਉਹ ਇੱਥੇ ਇੱਕ ਧਾਰਮਿਕ ਸਮਾਗਮ ਵਿੱਚ ਭਾਗ ਲੈਣ ਲਈ ਆਏ ਸਨ। ਉਨ੍ਹਾਂ ਕਿਹਾ ਕਿ ਪਿੰਡਾਂ ’ਚ ਵਿਕਾਸ ਕਾਰਜਾਂ ਲਈ ਗਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਸਬੇ ਦੇ ਸਟੇਡੀਅਮ ’ਤੇ ਕਰੀਬ 50 ਲੱਖ ਰੁਪਏ ਅਤੇ ਗੰਦੇ ਪਾਣੀ ਦੇ ਨਿਕਾਸ ਲਈ ਥਾਪਰ ਮਾਡਲ ’ਤੇ 67 ਲੱਖ ਰੁਪਏ ਖਰਚੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਨੇ ਨਸ਼ਾ ਵਿਰੋਧੀ ਜੋ ਜੰਗ ਸ਼ੁਰੂ ਕੀਤੀ ਹੈ, ਉਸ ਨਾਲ ਨਸ਼ਾ ਤਸਕਰਾਂ ਨੂੰ ਠੱਲ ਪਈ ਹੈ। ਪਿੰਡ ਪਿੰਡ ਨਸ਼ਾ ਰੋਕੂ ਕਮੇਟੀਆਂ ਗਠਿਤ ਕੀਤੀਆਂ ਜਾ ਰਹੀਆਂ ਹਨ ਤੇ ਆਉਣ ਵਾਲੇ ਸਮੇਂ ’ਚ ਵੀ ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਜਾਰੀ ਰਹੇਗੀ।
ਵਿਧਾਇਕ ਸ੍ਰੀ ਉੱਗੋਕੇ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਤਿੰਨ ਸਾਲਾਂ ਦੇ ਕਾਰਜਕਾਲ ’ਚ ਕਈ ਕ੍ਰਾਂਤੀਕਾਰੀ ਕਦਮ ਚੁੱਕੇ ਹਨ, ਜਿਸ ਨਾਲ ਭ੍ਰਿਸ਼ਟਾਚਾਰ ਨੂੰ ਠੱਲ ਪਈ ਹੈ। ਇਸ ਮੌਕੇ ਬੀਬੜੀਆਂ ਮਾਈਆਂ ਮੰਦਰ ਕਮੇਟੀ ਦੇ ਖ਼ਜ਼ਾਨਚੀ ਅਨਿਲ ਕੁਮਾਰ ਗਰਗ, ‘ਆਪ’ ਆਗੂ ਸੁਖਦੇਵ ਸਿੰਘ ਝੋਰਡ, ਅਮਨ ਸਿੰਘ, ਪੰਚ ਜੋਗਿੰਦਰ ਸਿੰਘ, ਪੰਚ ਮਲਕੀਤ ਸਿੰਘ ਜਟਾਣਾ, ਪੰਚ ਪੀਤਾ ਸਿੰਘ ਅਤੇ ਜਟਾਣਾ ਕੋਠੇ ਵਾਸੀ ਅਤੇ ਪਤਵੰਤੇ ਹਾਜ਼ਰ ਸਨ।