ਪੰਚਾਇਤੀ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਅਕਾਲੀ ਆਗੂ, ਪਤਨੀ, ਦੋ ਪੁੱਤਰਾਂ ਸਣੇ 12 ਖ਼ਿਲਾਫ਼ ਕੇਸ
ਹਰਦੀਪ ਸਿੰਘ
ਧਰਮਕੋਟ, 18 ਮਾਰਚ
ਕੋਟ ਈਸੇ ਖਾਂ ਪੁਲੀਸ ਨੇ ਪਿੰਡ ਗਗੜਾ ਦੀ ਪੰਚਾਇਤ ਦੀ ਸ਼ਿਕਾਇਤ ਉੱਤੇ ਪਿੰਡ ਦੇ ਇਕ ਅਕਾਲੀ ਆਗੂ, ਪਤਨੀ ਅਤੇ ਦੋ ਪੁੱਤਰਾਂ ਸਮੇਤ ਕੁੱਲ 12 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਅਕਾਲੀ ਆਗੂ ਬਲਦੇਵ ਸਿੰਘ ਗਗੜਾ ਅਕਾਲੀ ਦਲ ਅੰਮ੍ਰਿਤਸਰ ਦਾ ਸਰਗਰਮ ਆਗੂ ਹੈ ਅਤੇ ਪਾਰਟੀ ਵਲੋਂ ਵਿਧਾਨ ਸਭਾ ਚੋਣ ਵੀ ਲੜ ਚੁੱਕਿਆ ਹੈ। ਉਸ ਉਪਰ ਦੋਸ਼ ਹੈ ਕਿ ਉਸ ਨੇ ਪਿੰਡ ਵਿੱਚ ਚੱਲ ਰਹੇ ਵਿਕਾਸ ਕੰਮਾਂ ਵਿੱਚ ਰੁਕਾਵਟ ਪਾਈ ਅਤੇ ਸਰਪੰਚ ਸਮੇਤ ਪੰਚਾਇਤੀ ਲੋਕਾਂ ਉਪਰ ਹਮਲਾ ਕੀਤਾ। ਪੁਲੀਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿੱਚ ਸਰਪੰਚ ਬਲਵੀਰ ਸਿੰਘ ਬੱਲੀ ਨੇ ਦੱਸਿਆ ਕਿ ਪਿੰਡ ਗਗੜਾ ਦੀ ਫਿਰਨੀ ਨੂੰ ਕੰਕਰੀਟ ਨਾਲ ਪੱਕਾ ਕਰਨ ਦਾ ਕੰਮ ਚੱਲ ਰਿਹਾ ਹੈ। ਜਦੋਂ ਉਕਤ ਅਕਾਲੀ ਆਗੂ ਬਲਦੇਵ ਸਿੰਘ ਦੀ ਗਲੀ ਦਾ ਕੰਮ ਸ਼ੁਰੂ ਕੀਤਾ ਜਾਣ ਲੱਗਾ ਤਾਂ ਉਸ ਦੇ ਘਰ ਅੱਗੇ ਸਰਕਾਰੀ ਜਗ੍ਹਾ ਉਪਰ ਬਣੇ ਰੈਂਪ ਨੂੰ ਢਾਹੁਣਾ ਸ਼ੁਰੂ ਕੀਤਾ ਤਾਂ ਉਹ ਪੰਚਾਇਤ ਨਾਲ ਖਹਿਬੜ ਪਿਆ। ਉਸ ਦੇ ਨਾਲ ਉਸ ਦੀ ਪਤਨੀ, ਦੋ ਪੁੱਤਰਾਂ ਅਤੇ ਅੱਧੀ ਦਰਜਨ ਦੇ ਕਰੀਬ ਉਸ ਦੇ ਹਮਾਇਤੀਆਂ ਨੇ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ। ਬਲਦੇਵ ਸਿੰਘ ਨੇ ਕਿਰਪਾਨ ਨਾਲ ਉਨ੍ਹਾਂ ਉਪਰ ਵਾਰ ਕੀਤੇ। ਇਸ ਤਰ੍ਹਾਂ ਉਸ ਵਲੋਂ ਸਰਕਾਰੀ ਕੰਮ ਵਿਚ ਰੁਕਾਵਟ ਖੜ੍ਹੀ ਕਰਨ ਨਾਲ ਪੰਚਾਇਤ ਦਾ ਕੰਮ ਪ੍ਰਭਾਵਿਤ ਹੋਇਆ ਹੈ। ਪੁਲੀਸ ਨੇ ਜਾਂਚ ਤੋਂ ਬਾਅਦ ਉਕਤ ਸਾਰੇ ਲੋਕਾਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਥਾਣਾ ਕੋਟ ਈਸੇ ਖਾਂ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਮੁਖੀ ਸੁਨੀਤਾ ਬਾਵਾ ਨੇ ਦੱਸਿਆ ਕਿ ਪੁਲੀਸ ਸਾਰੇ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਮੁਲਜ਼ਮਾਂ ਨੂੰ ਫੜਨ ਲਈ ਕਾਰਵਾਈ ਕੀਤੀ ਜਾ ਰਹੀ ਹੈ।