ਨਵਤੇਜ ਸਿੰਘ ਦੀ ਜਨਮ ਸ਼ਤਾਬਦੀ ਮੌਕੇ ਪੰਜਾਬੀ ਭਵਨ ’ਚ ਸੈਮੀਨਾਰ
ਕੁਲਦੀਪ ਸਿੰਘ
ਨਵੀਂ ਦਿੱਲੀ, 21 ਅਪਰੈਲ
ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਨਵਤੇਜ ਸਿੰਘ ਦੀ ਜਨਮ ਸ਼ਤਾਬਦੀ ਮਨਾਉਂਦਿਆਂ ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਵੱਲੋਂ ਕਰਵਾਏ ਗਏ ਸੈਮੀਨਾਰ ਵਿੱਚ ਵਿਦਵਾਨਾਂ ਤੇ ਬੁਲਾਰਿਆਂ ਨੇ ਕਿਹਾ ਕਿ ਨਵਤੇਜ ਸਿੰਘ ਕਹਾਣੀਕਾਰ ਤਾਂ ਵੱਡੇ ਸਨ ਹੀ, ਆਪਣੇ ਪਿਤਾ ਗੁਰਬਖਸ਼ ਸਿੰਘ ਨਾਲ ਲਗਪਗ ਪੰਝੀ ਸਾਲ ਤੱਕ ਪ੍ਰੀਤਲੜੀ ਦੇ ਸਹਿ-ਸੰਪਾਦਕ ਵਜੋਂ ਵੀ ਪੰਜਾਬੀ ਸਾਹਿਤ ਜਗਤ ਨੂੰ ਉਨ੍ਹਾਂ ਦੀ ਵਿਸ਼ੇਸ਼ ਦੇਣ ਹੈ। ਮੁੱਖ ਮਹਿਮਾਨ ਵਜੋਂ ਪਹਿਲੇ ਸੈਸ਼ਨ ਵਿੱਚ ਸ਼ਾਮਲ ਹੋਈ ਉੱਘੀ ਲੇਖਿਕਾ ਪਦਮਸ੍ਰੀ ਅਜੀਤ ਕੌਰ ਨੇ ਨਵਤੇਜ ਸਿੰਘ ਦੀ ਮਿਕਨਾਤੀਸੀ ਤੇ ਨਿਮਰ ਸ਼ਖਸੀਅਤ ਬਾਰੇ ਚਾਨਣਾ ਪਾਇਆ। ਵਿਸ਼ੇਸ਼ ਮਹਿਮਾਨ ਡਾ. ਤਰਲੋਚਨ ਸਿੰਘ (ਸਾਬਕਾ, ਐੱਮਪੀ ਅਤੇ ਸਾਬਕਾ ਚੇਅਰਮੈਨ, ਮਨੁੱਖੀ ਅਧਿਕਾਰ ਕਮਿਸ਼ਨ) ਨੇ ਦੱਸਿਆ ਕਿ ਨਵਤੇਜ ਸਿੰਘ ਨੇ ਹੀ ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਉਨ੍ਹਾਂ ਨਾਲ ਮਿਲਾਇਆ ਸੀ। ਡਾ. ਵਨੀਤਾ ਨੇ ਕਿਹਾ ਕਿ ਉਨ੍ਹਾਂ ਨੂੰ ਸਾਹਿਤ ਦੀ ਜਾਗ ਸ਼ਾਇਦ ਨਵਤੇਜ ਤੋਂ ਹੀ ਲੱਗੀ ਸੀ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਪ੍ਰੋ. ਗੁਲਜ਼ਾਰ ਸਿੰਘ ਸੰਧੂ ਨੇ ਨਵਤੇਜ ਦੇ ਕਥਾ ਜਗਤ ਤੇ ਵਿਅਕਤੀਤਵ ’ਤੇ ਚਾਨਣਾ ਪਾਇਆ। ਧੰਨਵਾਦੀ ਸ਼ਬਦ ਕਹਿੰਦਿਆਂ ਸਭਾ ਦੇ ਚੇਅਰਪਰਸਨ ਪ੍ਰੋ. ਰੇਣੁਕਾ ਸਿੰਘ ਨੇ ਕਿਹਾ ਕਿ ਪੰਜਾਬੀ ਸਾਹਿਤ ਸਭਾ ਵਲੋਂ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਪ੍ਰਚਾਰ-ਪ੍ਰਸਾਰ ਲਈ ਗੋਸ਼ਟੀਆਂ ਤੇ ਸੈਮੀਨਾਰ ਕਰਵਾਏ ਜਾਂਦੇ ਹਨ। ਇਸੇ ਲੜੀ ਵਿੱਚ ਨਵਤੇਜ ਹੋਰਾਂ ਦੀ ਜਨਮ ਸ਼ਤਾਬਦੀ ਮੌਕੇ ਇਹ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਅਗਲਾ ਸੈਸ਼ਨ ‘ਯਾਦਾਂ ਨਵਤੇਜ ਸਿੰਘ ਦੀਆਂ’ ਪ੍ਰੋ. ਭਗਵਾਨ ਜੋਸ਼ ਦੀ ਪ੍ਰਧਾਨਗੀ ’ਚ ਹੋਇਆ। ਇਸ ਦੌਰਾਨ ਸੁਕੀਰਤ ਨੇ ਨਵਤੇਜ ਸਿੰਘ ਨੂੰ ਇੱਕ ਸਾਹਿਤਕਾਰ, ਸੰਪਾਦਕ ਤੇ ਰਾਜਸੀ ਕਾਰਕੁਨ ਵਜੋਂ ਯਾਦ ਕੀਤਾ। ਇਸ ਸੈਸ਼ਨ ਵਿਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਨਵਤੇਜ ਸਿੰਘ ਦੇ ਮਾਮੀ ਜੀ ਨੇ ਬੜੇ ਭਾਵਪੂਰਕ ਤਰੀਕੇ ਨਾਲ ਨਵਤੇਜ ਨੂੰ ਯਾਦ ਕੀਤਾ। ਸਿੰਮੀ ਨੇ ਵੀ ਆਪਣੇ ਫੁਫੱੜ ਨਵਤੇਜ ਸਿੰਘ ਬਾਰੇ ਦਿਲਚਸਪ ਗੱਲਾਂ ਦੱਸੀਆਂ। ਬਚਿੰਤ ਕੌਰ ਦੀਆਂ ਨਵਤੇਜ ਬਾਰੇ ਲਿਖੀਆਂ ਯਾਦਾਂ ਡਾ. ਗੁਰਦੀਪ ਕੌਰ ਨੇ ਪੜ੍ਹ ਕੇ ਸੁਣਾਈਆਂ ਅਤੇ ਨਵਤੇਜ ਸਿੰਘ ਦੇ ਕਹਾਣੀ ਸੰਗ੍ਰਹਿ ‘ਭਾਈਆਂ ਬਾਝ’ ਦਾ ਨਵਾਂ ਐਡੀਸ਼ਨ ਰਿਲੀਜ਼ ਕੀਤਾ ਗਿਆ। ਆਖ਼ਰੀ ਅਕਾਦਮਿਕ ਸੈਸ਼ਨ ਵਿੱਚ ਡਾ. ਰਜਨੀ ਬਾਲਾ ਨੇ ਨਵਤੇਜ ਸਿੰਘ ਦੇ ਕਥ-ਜਗਤ ਤੇ ਕਥਾ-ਜੁਗਤ ਬਾਰੇ ਗੱਲਾਂ ਕੀਤੀਆਂ। ਡਾ. ਬਲਜਿੰਦਰ ਨਸਰਾਲੀ ਨੇ ਨਵਤੇਜ ਸਿੰਘ ਦੀ ਸਾਹਿਤ ਨੂੰ ਦੇਣ ਬਾਰੇ ਗੱਲ ਕਰਦਿਆਂ ਕਿਹਾ ਕਿ ਪ੍ਰੀਤਲੜੀ ਪਰਿਵਾਰ ਦਾ ਮਿੱਥ ਵਰਗਾ ਕੰਮ ਹੈ। ਡਾ. ਜਸਵਿੰਦਰ ਕੌਰ ਬਿੰਦਰਾ ਨੇ ਨਵਤੇਜ ਸਿੰਘ ਦੀਆਂ ਕਹਾਣੀਆਂ ਵਿਚਲੇ ਸਰੋਕਾਰਾਂ ਬਾਰੇ ਪੇਪਰ ਪੜ੍ਹਿਆ ਅਤੇ ਡਾ. ਹਰਵਿੰਦਰ ਸਿੰਘ ਨੇ ‘ਨਵਤੇਜ ਸਿੰਘ ਦਾ ਰਚਨਾ ਸੰਸਾਰ: ਪ੍ਰਗਤੀਵਾਦ ਅਤੇ ਵਿਚਾਰਧਾਰਕ ਜ਼ਮੀਨ’ ਵਿਸ਼ੇ ’ਤੇ ਪਰਚਾ ਪੇਸ਼ ਕੀਤਾ। ਇਸ ਮੌਕੇ ਸਾਹਿਤ ਅਕਾਦਮੀ ਦੇ ਪੰਜਾਬੀ ਸਲਾਹਕਾਰ ਬੋਰਡ ਦੇ ਕਨਵੀਨਰ ਤੇ ਚਿੰਤਕ ਪ੍ਰੋ. ਰਵੇਲ ਸਿੰਘ ਨੇ ਨਵਤੇਜ ਸਿੰਘ ਦੇ ਬਿਲਕੁਲ ਅਣਗੋਲੇ ਰਹਿ ਗਏ ਪੱਖ ਬਾਰੇ ਜ਼ਿਕਰ ਕੀਤਾ ਕਿ ਉਹਨਾਂ ਨੇ ‘ਲਤਿਕਾ’ ਨਾਟਕ ਵਿੱਚ ਅਦਾਕਾਰੀ ਵੀ ਕੀਤੀ ਸੀ। ਇਸ ਮੌਕੇ ਚਿੱਤਰਕਾਰ ਅਰਪਨਾ ਕੌਰ, ਜੋਤਸਨਾ ਪਾਲ, ਪ੍ਰੋ. ਕੁਲਵੀਰ ਗੋਜਰਾ, ਪੰਜਾਬੀ ਅਕਾਦਮੀ ਦਿੱਲੀ ਦੇ ਸਾਬਕਾ ਸਕੱਤਰ ਗੁਰਭੇਜ ਸਿੰਘ ਗੁਰਾਇਆ, ਹਰਵਿੰਦਰ ਸਿੰਘ ਭਾਟੀਆ (ਖਜ਼ਾਨਚੀ), ਡਾ. ਅਮਨਦੀਪ ਸਿੰਘ, ਤਿਰਲੋਚਨ ਕੌਰ, ਮਨੀਸ਼, ਕੰਵਲਜੀਤ ਢਿੱਲੋਂ, ਮਹਿੰਦਰ ਸਿੰਘ ਕੂਕਾ, ਸੁਰਿੰਦਰ ਸਿੰਘ ਓਬਰਾਏ ਸ਼ਾਮਲ ਹੋਏ। ਅੰਤ ’ਚ ਸਭਾ ਦੇ ਡਾਇਰੈਕਟਰ ਕੇਸਰਾ ਰਾਮ ਨੇ ਸਾਰਿਆਂ ਦਾ ਧੰਨਵਾਦ ਕੀਤਾ।