ਨਗਰ ਨਿਗਮ ਵੱਲੋਂ 30 ਕਰੋੜ ਰੁਪਏ ਦੇ ਪ੍ਰਾਜੈਕਟ ਸ਼ੁਰੂ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਮਈ
ਸ਼ਹਿਰ ਵਾਸੀਆਂ ਲਈ ਬਿਹਤਰ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਨਗਰ ਨਿਗਮ ਨੇ 30 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਹੈ। ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਨੇ ਚੱਲ ਰਹੇ ਪ੍ਰਾਜੈਕਟਾਂ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਕੰਮਾਂ ਨੂੰ ਤੇਜ਼ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਕੰਮਾਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਹੋਵੇ। ਕਰੀਬ 30 ਕਰੋੜ ਰੁਪਏ ਦੇ ਇਨ੍ਹਾਂ ਪ੍ਰਾਜੈਕਟਾਂ ਵਿੱਚੋਂ 20 ਕਰੋੜ ਰੁਪਏ ਦੇ ਪ੍ਰਾਜੈਕਟ ਨਗਰ ਨਿਗਮ ਦੇ ਬੀਐਂਡਆਰ ਸ਼ਾਖਾ ਨਾਲ ਸਬੰਧਤ ਹਨ, ਜਦੋਂ ਕਿ ਲਗਪਗ 10 ਕਰੋੜ ਰੁਪਏ ਦੇ ਪ੍ਰਾਜੈਕਟ ਓਐਂਡਐਮ ਸੈੱਲ ਦੇ ਹਨ।
ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿੱਚ ਸ਼ਹੀਦ ਕਰਨੈਲ ਸਿੰਘ ਨਗਰ, ਗਿਆਸਪੁਰਾ ਕੱਟ ਤੋਂ ਪਾਵਰਕੌਮ ਦਫਤਰ, ਮਹਾਵੀਰ ਐਨਕਲੇਵ (ਬਾੜੇਵਾਲ), ਸ਼ਮਸ਼ੇਰ ਐਵੇਨਿਊ, ਬਲਾਕ-ਜੀ ਸਾਊਥ ਸਿਟੀ, ਮਾਇਆਪੁਰੀ, (ਕੇ.ਐਸ ਗਰੇਵਾਲ ਰੋਡ) ਤੋਂ ਟਿੱਬਾ ਰੋਡ ਵੱਲ ਜਾਣ ਵਾਲੀ ਸੜਕ, ਯੈੱਸ ਬੈਂਕ ਤੋਂ ਸੱਗੂ ਚੌਕ, ਸਰਾਭਾ ਨਗਰ ਦਾ ਬਲਾਕ-ਜੇ, ਕਲੱਬ ਰੋਡ, ਜੀਵਨ ਨਗਰ, ਜੋਸ਼ੀ ਨਗਰ, ਦੁਰਗਾ ਮਾਤਾ ਮੰਦਰ ਦੇ ਨੇੜੇ, ਪ੍ਰਕਾਸ਼ ਕਲੋਨੀ, ਆਸ਼ਾਪੁਰੀ, ਸ਼ੇਰ-ਏ-ਪੰਜਾਬ ਕਲੋਨੀ, ਅਜੀਤ ਵਿਲਾ ਸਣੇ ਹੋਰ ਇਲਾਕਿਆਂ ਵਿੱਚ ਸੜਕਾਂ ਤੇ ਗਲੀਆਂ ਬਣਾਉਣ ਦੇ ਪ੍ਰਾਜੈਕਟ ਸ਼ਾਮਲ ਹਨ।
ਨਿਊ ਪੰਜਾਬ ਮਾਤਾ ਨਗਰ, ਮਹਾਵੀਰ ਨਗਰ, ਬੀਆਰਐਸ ਨਗਰ ਦੇ ਬਲਾਕ-ਐਲ ਅਤੇ ਡੀ, ਕਿਚਲੂ ਨਗਰ, ਸੁਨੇਤ ਆਦਿ ਇਲਾਕਿਆਂ ਵਿੱਚ ਇੰਟਰਲਾਕਿੰਗ ਟਾਇਲਾਂ ਲਗਾਉਣ ਲਈ ਪ੍ਰਾਜੈਕਟ ਵੀ ਸ਼ੁਰੂ ਕੀਤੇ ਗਏ ਹਨ। ਹੈਬੋਵਾਲ ਡੇਅਰੀ ਕੰਪਲੈਕਸ ਵਿੱਚ ਪਸ਼ੂ ਜਨਮ ਨਿਯੰਤਰਣ (ਏ.ਬੀ.ਸੀ) ਕੇਂਦਰ ਦੀ ਮੁਰੰਮਤ ਲਈ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਲਾਇਬ੍ਰੇਰੀਆਂ ਵੀ ਸਥਾਪਿਤ ਕੀਤੀਆਂ ਜਾ ਰਹੀਆਂ ਹਨ।