ਨਗਰ ਨਿਗਮ ਦੇ ਕਾਮਿਆਂ ਵੱਲੋਂ ਮੁਜ਼ਾਹਰਾ
ਪੱਤਰ ਪ੍ਰੇਰਕ
ਯਮੁਨਾਨਗਰ, 23 ਅਪਰੈਲ
ਨਗਰ ਪਾਲਿਕਾ ਕਰਮਚਾਰੀ ਯੂਨੀਅਨ ਹਰਿਆਣਾ ਦੇ ਸੱਦੇ ‘ਤੇ ਨਗਰ ਨਿਗਮ ਦੇ ਕਰਮਚਾਰੀ ਨਗਰ ਨਿਗਮ ਦਫ਼ਤਰ ਦੇ ਗੇਟ ’ਤੇ ਇਕੱਠੇ ਹੋਏ ਅਤੇ ਉਨ੍ਹਾਂ ਹਰਿਆਣਾ ਸਰਕਾਰ ਦੇ ਵਾਅਦੇ ਦੀ ਉਲੰਘਣਾ ਅਤੇ ਕੱਟੜਤਾ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਹੱਥਾਂ ਵਿੱਚ ਝਾੜੂ ਉਲਟੇ ਕਰਕੇ ਰੋਸ ਮਾਰਚ ਕੱਢਿਆ। ਮੁਜ਼ਾਹਰਾਕਾਰੀਆਂ ਨੇ ਆਪਣੀਆਂ ਮੰਗਾਂ ਦਾ ਮੰਗ ਪੱਤਰ ਨਿਗਮ ਕਮਿਸ਼ਨਰ ਆਯੂਸ਼ ਸਿਨਹਾ ਨੂੰ ਸੌਂਪਿਆ। ਸਮਾਗਮ ਦੀ ਪ੍ਰਧਾਨਗੀ ਯੂਨਿਟ ਮੁਖੀ ਪਾਪਲਾ ਨੇ ਕੀਤੀ ਅਤੇ ਮੰਚ ਸੰਚਾਲਨ ਸਹਿ-ਸਕੱਤਰ ਰਮੇਸ਼ ਕੁਮਾਰ ਨੇ ਕੀਤਾ। ਨਗਰਪਾਲਿਕਾ ਸੰਘ ਦੇ ਜਨਰਲ ਸਕੱਤਰ ਮਾਂਗੇ ਰਾਮ ਤਿਗਰਾ ਅਤੇ ਫਾਇਰ ਯੂਨੀਅਨ ਦੇ ਸੂਬਾਈ ਮੁੱਖ ਪ੍ਰਬੰਧਕ ਗੁਲਸ਼ਨ ਭਾਰਦਵਾਜ ਨੇ ਕਿਹਾ ਕਿ ਕਰਮਚਾਰੀ ਅੰਦੋਲਨ ਦੇ ਦਬਾਅ ਹੇਠ ਹਰਿਆਣਾ ਸਰਕਾਰ ਨੇ ਨਗਰਪਾਲਿਕਾ ਕਰਮਚਾਰੀ ਯੂਨੀਅਨ ਹਰਿਆਣਾ ਦੀ ਸੂਬਾ ਕਮੇਟੀ ਦੇ ਵਫ਼ਦ ਨੂੰ ਗੱਲਬਾਤ ਲਈ ਬੁਲਾਇਆ ਅਤੇ ਯੂਨੀਅਨ ਨਾਲ ਕਈ ਦੌਰ ਦੀ ਗੱਲਬਾਤ ਵਿੱਚ ਮੰਗਾਂ ’ਤੇ ਸਹਿਮਤੀ ਪ੍ਰਗਟਾਈ ਸੀ ਪਰ ਸਰਕਾਰ ਨੇ ਲੰਬੇ ਸਮੇਂ ਬਾਅਦ ਵੀ ਮੰਨੀਆਂ ਮੰਗਾਂ ਦਾ ਪੱਤਰ ਸਰਕੂਲਰ ਜਾਰੀ ਨਹੀਂ ਕੀਤਾ, ਇਸ ਦੇ ਉਲਟ ਕਰਮਚਾਰੀਆਂ ‘ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਜੋ ਕਰਮਚਾਰੀ ਐੱਮਐੱਸਡਬਲਿਊ ਐਪ ‘ਤੇ ਹਾਜ਼ਰੀ ਨਹੀਂ ਭਰੇਗਾ, ਉਸ ਦੀ ਗੈਰਹਾਜ਼ਰੀ ਮੰਨੀ ਜਾਵੇਗੀ । ਉਨ੍ਹਾਂ ਕਿਹਾ ਇਹ ਐਪ ਨਿੱਜੀ ਠੇਕੇਦਾਰਾਂ ਲਈ ਬਣਾਈ ਗਈ ਸੀ। ਇਸ ਦਾ ਯੂਨੀਅਨ ਵਿਰੋਧ ਕਰਦੀ ਹੈ । ਯੂਨੀਅਨ ਆਗੂਆਂ ਨੇ ਸਖ਼ਤ ਲਹਿਜੇ ਅਤੇ ਚੇਤਾਵਨੀ ਭਰੇ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਸਰਕਾਰ ਨੇ ਪੱਤਰ ਸਰਕੂਲਰ ਜਾਰੀ ਨਹੀਂ ਕੀਤਾ ਤਾਂ ਟਰੇਡ ਯੂਨੀਅਨਾਂ ਦੇ ਸੱਦੇ ‘ਤੇ 20 ਮਈ ਨੂੰ ਰੋਹਤਕ ਵਿੱਚ 27 ਅਪਰੈਲ ਨੂੰ ਹੋਣ ਵਾਲੇ ਰਾਜ ਪੱਧਰੀ ਵਰਕਰ ਸੰਮੇਲਨ ਵਿੱਚ ਹੜਤਾਲ ਦਾ ਐਲਾਨ ਕੀਤਾ ਜਾਵੇਗਾ।