ਦਲਿਤਾਂ ਨਾਲ ਵਧੀਕੀ: ਮਜ਼ਦੂਰ ਜਥੇਬੰਦੀਆਂ ਵੱਲੋਂ ਪੁਲੀਸ ਖ਼ਿਲਾਫ਼ ਮੁਜ਼ਾਹਰਾ
ਸ਼ਾਹਕੋਟ, 13 ਮਾਰਚ
ਜਬਰ ਵਿਰੋਧੀ ਤਾਲਮੇਲ ਸੰਘਰਸ਼ ਕਮੇਟੀ ਸ਼ਾਹਕੋਟ ਨੇ ਇੱਥੇ ਦਲਿਤਾਂ ਨਾਲ ਹੋ ਰਹੀਆਂ ਵਧੀਕੀਆਂ ਨੂੰ ਲੈ ਕੇ ਸ਼ਾਹਕੋਟ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਡੀਐੱਸਪੀ ਦਫ਼ਤਰ ਅੱਗੇ ਧਰਨਾ ਦਿੱਤਾ। ਡੀਐੱਸਪੀ ਸ਼ਾਹਕੋਟ ਉਂਕਾਰ ਸਿੰਘ ਬਰਾੜ ਵੱਲੋਂ ਧਰਨਾਕਾਰੀਆਂ ਨੂੰ ਮੰਗਾਂ ਮੰਨਣ ਦਾ ਭਰੋਸਾ ਦੇਣ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ। ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਦੇ ਵਰਕਰ ਬੱਸ ਅੱਡੇ ’ਤੇ ਇਕੱਠੇ ਹੋਣ ਉਪਰੰਤ ਕਸਬੇ ਵਿੱਚੋਂ ਮੁਜ਼ਾਹਰਾ ਕਰਦੇ ਹੋਏ ਡੀਐੱਸਪੀ ਦਫ਼ਤਰ ਅੱਗੇ ਪੁੱਜੇ। ਇੱਥੇ ਲਾਏ ਧਰਨੇ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ ਨੇ ਕਿਹਾ ਕਿ ਪ੍ਰਸਥਿਤੀਆਂ ਏਨੀਆਂ ਦੁਸ਼ਵਾਰ ਹਨ ਕਿ ਮਜ਼ਦੂਰ ਤੇ ਦਲਿਤ ਵਰਗ ਸਿਰ ਕਰਜ਼ੇ ਦੀ ਪੰਡ ਦਿਨੋਂ-ਦਿਨ ਭਾਰੀ ਹੁੰਦੀ ਜਾ ਰਹੀ ਹੈ। ਉਹ ਚੁੱਲਿਆਂ ਦੀ ਅੱਗ ਬਲਦੀ ਰੱਖਣ ਲਈ ਡਾਢੇ ਫਿਕਰਮੰਦ ਰਹਿੰਦੇ ਹਨ ਜਦਕਿ ਦੂਜੇ ਪਾਸੇ, ਉਹ ਸਮਾਜਿਕ, ਆਰਥਿਕ ਤੇ ਜਾਤੀ ਵਿਤਕਰੇ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਦਲਿਤਾਂ ਤੇ ਮਜ਼ਦੂਰਾਂ ਨਾਲ ਹੋ ਰਹੀਆਂ ਧੱਕੇਸਾਹੀਆਂ ਤੇ ਬੇਇਨਸਾਫ਼ੀ ਖਿਲਾਫ਼ ਮਜ਼ਦੂਰ ਜਥੇਬੰਦੀਆਂ ਸਦਾ ਹੀ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰਦੀਆਂ ਰਹਿਣਗੀਆਂ। ਮਜ਼ਦੂਰ ਆਗੂ ਨਿਰਮਲ ਸਿੰਘ, ਚਰਨਜੀਤ ਥੰਮੂਵਾਲ, ਗਿਆਨ ਸੈਦਪੁਰੀ, ਸੱਤਪਾਲ ਸਹੋਤਾ, ਵਿਕਰਮ ਸਿੰਘ ਮੰਢਾਲਾ, ਗੁਰਬਖਸ਼ ਕੌਰ, ਮੱਖਣ ਸਿੰਘ, ਕਸ਼ਮੀਰ ਸਿੰਘ, ਸੁਨੀਲ ਕੁਮਾਰ ਰਾਜੇਵਾਲ ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਮੇਜਰ ਸਿੰਘ ਨੇ ਇਲਾਕੇ ਵਿੱਚ ਦਲਿਤ ਸਰਪੰਚ ਤੇ ਪੰਚ ਅਤੇ ਆਮ ਗਰੀਬ ਲੋਕਾਂ ਨਾਲ ਹੋਈਆਂ ਵਧੀਕੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਡੀਐੱਸਪੀ ਅੱਗੇ ਮੰਗਾਂ ਰੱਖੀਆਂ। ਡੀਐੱਸਪੀ ਸ਼ਾਹਕੋਟ ਉਂਕਾਰ ਸਿੰਘ ਬਰਾੜ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨੇ ਜਾਣ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ।