ਜਲੰਧਰ: ਕਮਿਸ਼ਨਰੇਟ ਪੁਲੀਸ ਵੱਲੋਂ ਨੌਂ ਮੁਲਜ਼ਮ ਗ੍ਰਿਫ਼ਤਾਰ
ਜਲੰਧਰ, 13 ਮਾਰਚ
ਨਸ਼ਿਆਂ ਨਾਲ ਨਜਿੱਠਣ ਲਈ ਕਮਿਸ਼ਨਰੇਟ ਪੁਲੀਸ ਜਲੰਧਰ ਨੇ ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਵਿਸ਼ੇਸ਼ ਘੇਰਾਬੰਦੀ ਅਤੇ ਖੋਜ ਮੁਹਿੰਮ ਚਲਾਈ। ਇਹ ਕਾਰਵਾਈ ਜਲੰਧਰ ਵਿੱਚ ਨਸ਼ਿਆਂ ਦੇ ਵਪਾਰ ਨੂੰ ਖਤਮ ਕਰਨ ਦੇ ਉਦੇਸ਼ ਨਾਲ ਚੱਲ ਰਹੇ ‘ਯੁੱਧ ਨਸ਼ਿਆਂ ਵਿਰੁੱਧ’ (ਨਸ਼ਿਆਂ ਵਿਰੁੱਧ ਜੰਗ) ਪਹਿਲਕਦਮੀ ਦਾ ਹਿੱਸਾ ਹੈ।
ਸੀਪੀ ਜਲੰਧਰ ਨੇ ਕਿਹਾ ਕਿ ਸ਼ਹਿਰ ਭਰ ਦੇ ਡਰੱਗ ਹੌਟਸਪੌਟਾਂ ’ਤੇ ਨਿਸ਼ਾਨਾਬੱਧ ਕਾਰਵਾਈ ਕੀਤੀ ਗਈ। ਜਲੰਧਰ ਦੀਆਂ ਚਾਰ ਸਬ-ਡਿਵੀਜ਼ਨਾਂ ਵਿੱਚ ਕੁੱਲ 14 ਥਾਵਾਂ ’ਤੇ ਛਾਪੇ ਮਾਰੇ ਗਏ, ਜਿਸ ਵਿੱਚ 10 ਜੀਓ ਰੈਂਕ ਦੇ ਅਧਿਕਾਰੀ, ਸਬੰਧਤ ਐਸਐਚਓ ਅਤੇ 250 ਪੁਲੀਸ ਕਰਮਚਾਰੀ ਸ਼ਾਮਲ ਸਨ। ਇਸ ਕਾਰਵਾਈ ਦੇ ਨਤੀਜੇ ਵਜੋਂ 65 ਗ੍ਰਾਮ ਹੈਰੋਇਨ, 620 ਗ੍ਰਾਮ ਗਾਂਜਾ ਅਤੇ 80 ਨਸ਼ੀਲੀਆਂ ਗੋਲੀਆਂ ਸਮੇਤ ਵੱਡੀ ਮਾਤਰਾ ਵਿੱਚ ਨਾਜਾਇਜ਼ ਪਦਾਰਥ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਪੁਲੀਸ ਨੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ 33,250 ਰੁਪਏ ਜ਼ਬਤ ਕੀਤੇ। ਇਸ ਮੁਹਿੰਮ ਦੇ ਹਿੱਸੇ ਵਜੋਂ 8 ਐੱਫਆਈਆਰ ਦਰਜ ਕੀਤੀਆਂ ਗਈਆਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਲਈ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ 2 ਰੋਕਥਾਮ ਕਾਰਵਾਈਆਂ ਕੀਤੀਆਂ ਗਈਆਂ ਅਤੇ 1 ਨਸ਼ੇ ਦੇ ਆਦੀ ਨੂੰ ਇਲਾਜ ਲਈ ਮੁੜ ਵਸੇਬਾ ਕੇਂਦਰ ਭੇਜਿਆ ਗਿਆ। ਪੁਲੀਸ ਟੀਮਾਂ ਨੇ ਇੱਕ ਇਲੈਕਟ੍ਰਾਨਿਕ ਭਾਰ ਤੋਲਣ ਵਾਲੀ ਮਸ਼ੀਨ ਅਤੇ ਇੱਕ ਸਵਿਫਟ ਕਾਰ ਵੀ ਜ਼ਬਤ ਕੀਤੀ ਹੈ। ਇਨ੍ਹਾਂ ਯਤਨਾਂ ਦੇ ਸਮਾਂਤਰ, ਕਮਿਸ਼ਨਰੇਟ ਪੁਲੀਸ ਜਲੰਧਰ ਨੇ ਵਿਸ਼ੇਸ਼ ਨਸ਼ਾ ਜਾਗਰੂਕਤਾ 12 ਸੈਮੀਨਾਰ ਕਰਵਾਏ।
ਨਸ਼ਿਆਂ ਦਾ ਕਾਰੋਬਾਰ ਕਰਨ ਦੇ ਦੋਸ਼ ਹੇਠ 14 ਗ੍ਰਿਫ਼ਤਾਰ
ਤਰਨ ਤਾਰਨ (ਪੱਤਰ ਪ੍ਰੇਰਕ): ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ 12ਵੇਂ ਦਿਨ ਜ਼ਿਲ੍ਹਾ ਪੁਲੀਸ ਨੇ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰ ਕੇ 640 ਗ੍ਰਾਮ ਹੈਰੋਇਨ, 117 ਨਸ਼ੀਲੀਆਂ ਗੋਲੀਆਂ ਅਤੇ 45 ਗ੍ਰਾਮ ਅਫੀਮ ਬਰਾਮਦ ਕੀਤੀ| ਇਸ ਸਬੰਧੀ 18 ਜਣਿਆਂ ਨੂੰ ਮੁਲਜ਼ਮ ਨਾਮਜ਼ਦ ਕੀਤਾ ਗਿਆ ਅਤੇ ਇੱਕ ਔਰਤ ਸਮੇਤ 14 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ| ਨਸ਼ਿਆਂ ਦਾ ਧੰਦਾ ਕਰਦੇ ਚਾਰ ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ| ਐੱਸਐੱਸਪੀ ਅਭਿਮੰਨੀਓ ਰਾਣਾ ਨੇ ਦੱਸਿਆ ਕਿ ਥਾਣਾ ਪੱਟੀ ਸਿਟੀ ਦੀ ਪੁਲੀਸ ਨੇ ਪੱਟੀ ਦੇ ਵਾਸੀ ਕੁਲਵਿੰਦਰ ਕੌਰ, ਲਵਪ੍ਰੀਤ ਸਿੰਘ ਨੇੜੇ ਨਵਾਂ ਕਿਲ੍ਹਾ ਸਭਰਾ, ਹੀਰਾ ਸਿੰਘ ਅਤੇ ਜੱਜਬੀਰ ਸਿੰਘ ਨੂੰ 100 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ| ਇਸ ਦੇ ਨਾਲ ਹੀ ਥਾਣਾ ਪੱਟੀ ਸਦਰ ਦੀ ਪੁਲੀਸ ਨੇ ਸਭਰਾ ਵਾਸੀ ਲਖਬੀਰ ਸਿੰਘ ਨੂੰ 9 ਗ੍ਰਾਮ ਅਤੇ ਖੇਮਕਰਨ ਪੁਲੀਸ ਨੇ ਇਲਾਕੇ ਦੇ ਪਿੰਡ ਮਹਿੰਦੀਪੁਰ ਦੇ ਵਾਸੀ ਜੋਰ ਸਿੰਘ ਨੂੰ 2 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ| ਐੱਸਐੱਸਪੀ ਨੇ ਦੱਸਿਆ ਕਿ ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਨੇ ਫਤਿਹਬਾਦ ਵਾਸੀ ਅਮਨਪ੍ਰੀਤ ਸਿੰਘ ਅਤੇ ਬਲਜੀਤ ਸਿੰਘ ਨੂੰ ਨਸ਼ਿਆਂ ਦੇ ਸੇਵਨ ਕਰਦਿਆਂ ਗ੍ਰਿਫਤਾਰ ਕੀਤਾ ਜਦਕਿ ਨਸ਼ਿਆਂ ਦਾ ਧੰਦਾ ਕਰਦੇ ਇੱਕ ਪੰਜ-ਮੈਂਬਰੀ ਗਰੋਹ ਦੇ ਮੈਂਬਰ ਮੋਹਨ ਸਿੰਘ ਵਾਸੀ ਝੰਡੇਰ ਮਹਾਂਪੁਰਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਗਰੋਹ ਦੇ ਚਾਰ ਮੈਂਬਰ ਆਕਾਸ਼ਦੀਪ ਸਿੰਘ ਮੋਡਲ ਵਾਸੀ ਗੋਇੰਦਵਾਲ ਸਾਹਿਬ, ਰਣਜੀਤ ਸਿੰਘ ਵਾਸੀ ਦੀਨੇਵਾਲ, ਸੰਦੀਪ ਸਿੰਘ ਸੀਪਾ ਵਾਸੀ ਕੰਗ ਅਤੇ ਗੁਰਪ੍ਰੀਤ ਸਿੰਘ ਗੋਪੀ ਵਾਸੀ ਤੁੜ ਫ਼ਰਾਰ ਹੋ ਗਏ| ਇੱਕ ਹੋਰ ਸੂਚਨਾ ਵਿੱਚ ਅਧਿਕਾਰੀ ਨੇ ਦੱਸਿਆ ਕਿ ਵਲਟੋਹਾ ਪੁਲੀਸ ਅਤੇ ਬੀ ਐੱਸ ਐੱਫ ਵੱਲੋਂ ਸਾਂਝੇ ਤੌਰ ’ਤੇ ਕੀਤੀ ਕਾਰਵਾਈ ਵਿੱਚ ਸਰਹੱਦੀ ਖੇਤਰ ਦੇ ਪਿੰਡ ਸੰਕਤਰਾ ਦੇ ਖੇਡ ਮੈਦਾਨ ਤੋਂ ਇੱਕ ਪੈਕੇਟ ਬਰਾਮਦ ਕੀਤਾ ਗਿਆ ਜਿਸ ਵਿੱਚ 509 ਗ੍ਰਾਮ ਹੈਰੋਇਨ ਸੀ| ਇਹ ਪੈਕੇਟ ਪਾਕਿਸਤਾਨ ਵਾਲੇ ਪਾਸਿਓਂ ਆਇਆ ਸੀ| ਥਾਣਾ ਵੈਰੋਵਾਲ ਦੀ ਪੁਲੀਸ ਨੇ ਪਿੰਡ ਬੋਦਲਕੀੜੀ ਦੇ ਅੱਡੇ ਤੋਂ ਪਿੰਡ ਜਲਾਲਾਬਾਦ ਦੇ ਵਾਸੀ ਅੰਮ੍ਰਿਤਪਾਲ ਸਿੰਘ ਨਿੱਕਾ ਅਤੇ ਜਗਰੂਪ ਸਿੰਘ ਨੂੰ 117 ਨਸ਼ੀਲੀਆਂ ਗੋਲੀਆਂ ਅਤੇ ਥਾਣਾ ਤਰਨ ਤਾਰਨ ਸਿਟੀ ਦੀ ਪੁਲੀਸ ਨੇ ਪਿੰਡ ਰਟੌਲ ਦੇ ਵਾਸੀ ਗੁਰਜੀਤ ਸਿੰਘ ਤੋਤਾ ਨੂੰ 45 ਗ੍ਰਾਮ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ| ਮੁਲਜ਼ਮਾਂ ਖਿਲਾਫ਼ ਕੇਸ ਦਰਜ ਕੀਤੇ ਗਏ ਹਨ|