ਬਰਫ਼ ਫੈਕਟਰੀ ’ਚੋਂ ਅਮੋਨੀਆ ਗੈਸ ਲੀਕ
ਹਤਿੰਦਰ ਮਹਿਤਾ
ਜਲੰਧਰ, 13 ਮਾਰਚ
ਇਥੇ ਅੱਜ ਰਿਹਾਇਸ਼ੀ ਇਲਾਕੇ ’ਚ ਸਥਿਤ ਬਰਫ਼ ਫੈਕਟਰੀ ਵਿੱਚ ਅਮੋਨੀਆ ਗੈਸ ਲੀਕ ਹੋਣ ਕਾਰਨ ਹਫੜਾ-ਦਫੜੀ ਮਚ ਗਈ ਪਰ ਕਿਸੇ ਤਰ੍ਹਾਂ ਦੇ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਜਲੰਧਰ ਦੇ ਰਿਹਾਇਸ਼ੀ ਇਲਾਕੇ ਆਨੰਦ ਨਗਰ ਵਿੱਚ ਸਥਿਤ ਇੱਕ ਬਰਫ ਦੀ ਫੈਕਟਰੀ ਵਿੱਚ ਅਮੋਨੀਆ ਗੈਸ ਲੀਕ ਹੋਈ। ਐੱਸਡੀਐੱਮ (ਪ੍ਰਦੂਸ਼ਣ ਕੰਟਰੋਲ ਬੋਰਡ) ਮਨਵਿੰਦਰ ਸਿੰਘ ਹੁੰਦਲ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਵੀ ਇਸ ਫੈਕਟਰੀ ਤੋਂ ਹਵਾ ਅਤੇ ਪਾਣੀ ਪ੍ਰਦੂਸ਼ਣ ਬਾਰੇ ਰਿਪੋਰਟਾਂ ਮਿਲੀਆਂ ਸਨ। ਪਤਾ ਲੱਗਾ ਹੈ ਕਿ ਇੱਥੇ ਟੈਸਟਿੰਗ ਦੌਰਾਨ ਗੈਸ ਲੀਕ ਹੋਈ। ਇਸ ਤੋਂ ਬਾਅਦ ਫੈਕਟਰੀ ਦੀ ਬਿਜਲੀ ਸਪਲਾਈ ਕੱਟ ਦਿੱਤੀ ਗਈ ਹੈ।
ਕਿਰਤ ਵਿਭਾਗ ਦੇ ਡਿਪਟੀ ਡਾਇਰੈਕਟਰ (ਫੈਕਟਰੀਆਂ) ਗੁਰਜੰਟ ਸਿੰਘ ਨੇ ਕਿਹਾ ਕਿ ਇੱਥੇ ਅਮੋਨੀਆ ਗੈਸ ਲੀਕ ਹੋਈ, ਜਿਸ ਤੋਂ ਬਾਅਦ ਫਾਇਰ ਬਿਗ੍ਰੇਡ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ। ਉਨ੍ਹਾਂ ਵੱਲੋਂ ਹਰ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਹੁਣ ਸਥਿਤੀ ਕਾਬੂ ਹੇਠ ਹੈ। ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਜਿਸ ਸਮੇਂ ਇਹ ਫੈਕਟਰੀ ਬਣੀ ਸੀ ਤਾਂ ਉਸ ਸਮੇਂ ਇਸ ਇਲਾਕੇ ਦੀ ਵਸੋਂ ਬਹੁਤ ਘੱਟ ਸੀ ਪਰ ਹੁਣ ਵਸੋਂ ਜ਼ਿਆਦਾ ਹੋਣ ਕਾਰਨ ਇਸ ਫੈਕਟਰੀ ਨੂੰ ਇਸ ਥਾਂ ਤੋਂ ਤਬਦੀਲ ਕਰਨ ਅਤੇ ਹਾਲ ਦੀ ਘੜੀ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਇੱਥੋਂ ਦੇ ਵਸਨੀਕਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਸ ਫੈਕਟਰੀ ਖਿਲਾਫ਼ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਸਨ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ।