ਡਬਲ ਸ਼ਿਫਟਾਂ, ਅਸਥਾਈ ਕਲਾਸ ਰੂਮ ਤੇ ਜਗ੍ਹਾ ਦੀ ਘਾਟ ਨਾਲ ਜੂਝ ਰਹੇ ਨੇ ਸਰਕਾਰੀ ਸਕੂਲ
ਜਲੰਧਰ, 13 ਮਾਰਚ
ਪੰਜਾਬ ਸਰਕਾਰ
ਭਾਵੇਂ ਸਿੱਖਿਆ ਸੁਧਾਰਾਂ ਦਾ ਪ੍ਰਚਾਰ ਕਰ ਰਹੀ ਹੈ, ਜਿਸ ਵਿੱਚ ਇਸਦਾ ਪ੍ਰਮੁੱਖ ਪ੍ਰਾਜੈਕਟ- ਸਕੂਲ ਆਫ਼ ਐਮੀਨੈਂਸ ਸ਼ਾਮਲ ਹੈ, ਪਰ ਬਹੁਤ ਸਾਰੇ ਸਰਕਾਰੀ ਸਕੂਲਾਂ ਦੀ ਮੌਜੂਦਾ ਹਕੀਕਤ ਵੱਖਰੀ ਕਹਾਣੀ ਪੇਸ਼ ਕਰਦੀ ਹੈ। ਬਸਤੀ ਪੀਰ ਦਾਦ ਵਿੱਚ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਸਥਿਤ ਹਨ, ਜੋ ਕਪੂਰਥਲਾ ਰੋਡ ’ਤੇ ਵਿਵਾਦਤ ਜ਼ਮੀਨ ’ਤੇ ਸਥਿਤ ਹਨ। ਬਸਤੀ ਪੀਰ ਦਾਦ ਸਕੂਲ ਵਿੱਚ ਪ੍ਰਾਇਮਰੀ, ਮਿਡਲ ਅਤੇ ਪ੍ਰੀ-ਪ੍ਰਾਇਮਰੀ ਭਾਗਾਂ ਵਿੱਚ 550 ਵਿਦਿਆਰਥੀ ਹਨ ਜਦਕਿ ਪਹਿਲੀ ਤੋਂ ਪੰਜਵੀਂ ਜਮਾਤ ਦੇ ਦਸ ਸੈਕਸ਼ਨਾਂ ਲਈ ਸਿਰਫ਼ ਪੰਜ ਕਲਾਸ ਰੂਮ ਉਪਲਬਧ ਹਨ। ਕੋਈ ਵਿਕਲਪ ਨਾ ਹੋਣ ਕਰਕੇ, ਦੂਜੀ ਜਮਾਤ ਦੇ ਵਿਦਿਆਰਥੀ ਟੀਨ ਦੀ ਛੱਤ ਹੇਠ ਪੜ੍ਹਨ ਲਈ ਮਜਬੂਰ ਹਨ ਅਤੇ ਅਸਥਾਈ ਕਲਾਸਾਂ ਖੰਡਰਾਂ (ਵਿਵਾਦਤ ਜ਼ਮੀਨ ਦਾ ਇੱਕ ਹਿੱਸਾ) ਹੇਠ ਲਾਈਆਂ ਜਾ ਰਹੀਆਂ ਹਨ।
ਕਬੀਰ ਨਗਰ ਸਕੂਲ ਵਿੱਚ ਸਥਿਤੀ ਇਸ ਤੋਂ ਵਧੀਆ ਨਹੀਂ ਹੈ, ਜਿਸਨੂੰ ਸੀਸੀਟੀਵੀ ਕੈਮਰੇ ਅਤੇ ਤਾਜ਼ੇ ਪੇਂਟ ਕੀਤੀਆਂ ਕੰਧਾਂ ਵਾਲਾ ‘ਸਮਾਰਟ’ ਸਕੂਲ ਕਿਹਾ ਜਾਣ ਦੇ ਬਾਵਜੂਦ, ਜਗ੍ਹਾ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਦੋ ਸ਼ਿਫਟਾਂ ਵਿੱਚ ਕੰਮ ਕਰਦਾ ਹੈ। ਇੱਥੇ ਕੋਈ ਖੇਡ ਦਾ ਮੈਦਾਨ ਨਾ ਹੋਣ ਕਰਕੇ, ਵਿਦਿਆਰਥੀਆਂ ਨੂੰ ਆਪਣਾ ਦੁਪਹਿਰ ਦਾ ਖਾਣਾ ਕਲਾਸਰੂਮਾਂ ਦੇ ਅੰਦਰ ਖਾਣ ਲਈ ਮਜਬੂਰ ਹੋਣਾ ਪੈਂਦਾ ਹੈ, ਇਸੇ ਤਰ੍ਹਾਂ, ਅਵਤਾਰ ਨਗਰ ਸਕੂਲ, ਜਿਸ ਵਿੱਚ 250 ਵਿਦਿਆਰਥੀ ਹਨ, ਸਿਰਫ਼ ਤਿੰਨ ਤੋਂ ਚਾਰ ਮਰਲੇ ਜ਼ਮੀਨ ’ਤੇ ਬਣੀ ਇਮਾਰਤ ਕਾਰਨ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਬੂ ਲਾਭ ਸਿੰਘ ਨਗਰ, ਬਸਤੀ ਸ਼ੇਖ ਅਤੇ ਜੱਲੋਵਾਲ ਦੇ ਸਕੂਲ ਵੀ ਇਸੇ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ ਜਿੱਥੇ ਭੀੜ ਭਰੇ ਕਲਾਸਰੂਮ, ਅਸਥਾਈ ਪ੍ਰਬੰਧ ਅਤੇ ਸਰੀਰਕ ਗਤੀਵਿਧੀਆਂ ਲਈ ਕੋਈ ਜਗ੍ਹਾ ਨਹੀਂ ਹੈ।
ਸਕੂਲਾਂ ਨੂੰ ਦੋਹਰੀ ਸ਼ਿਫਟਾਂ ’ਚ ਚਲਾਉਣ ਲਈ ਵਿਭਾਗ ਨੂੰ ਲਿਖਿਆ ਗਿਐ: ਡੀਈਓ
ਜ਼ਿਲ੍ਹਾ ਸਿੱਖਿਆ ਅਧਿਕਾਰੀ (ਪ੍ਰਾਇਮਰੀ) ਹਰਜਿੰਦਰ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੋਣ ਅਤੇ ਨੇੜੇ-ਤੇੜੇ ਢੁਕਵੀਂ ਜਗ੍ਹਾ ਲੱਭਣ ਵਿੱਚ ਮੁਸ਼ਕਲ ਹੋਣ ਕਾਰਨ ਇਨ੍ਹਾਂ ਸਕੂਲਾਂ ਨੂੰ ਤਬਦੀਲ ਕਰਨਾ ਆਸਾਨ ਨਹੀਂ ਹੈ। ਇੱਕ ਹੱਲ ਵਜੋਂ, ਉਨ੍ਹਾਂ ਇਨ੍ਹਾਂ ਸਕੂਲਾਂ ਨੂੰ ਦੋਹਰੀ ਸ਼ਿਫਟਾਂ ਵਿੱਚ ਚਲਾਉਣ ਲਈ ਵਿਭਾਗੀ ਪ੍ਰਵਾਨਗੀ ਦੀ ਬੇਨਤੀ ਕੀਤੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਧਿਆਪਕਾਂ ਨੂੰ ਅਸਥਾਈ ਪ੍ਰਬੰਧਾਂ ’ਤੇ ਨਿਰਭਰ ਨਾ ਕਰਨਾ ਪਵੇ।