ਦਲ ਖ਼ਾਲਸਾ ਨੇ ‘ਕੇਸਗੜ੍ਹ ਦੀ ਲਲਕਾਰ’ ਮਾਰਚ ਕੱਢਿਆ
ਹੁਸ਼ਿਆਰਪੁਰ, 13 ਮਾਰਚ
ਦਲ ਖ਼ਾਲਸਾ ਨੇ ਅਕਾਲ ਤਖ਼ਤ ਦੀ ਪਵਿੱਤਰਤਾ, ਸਰਵਉੱਚਤਾ, ਮਾਣ-ਮਰਿਆਦਾ ਅਤੇ ਪਰੰਪਰਾਵਾਂ ਦਾ ਘਾਣ ਕੀਤੇ ਜਾਣ ਖ਼ਿਲਾਫ਼ ਹੁਸ਼ਿਆਰਪੁਰ ਤੋਂ ਆਨੰਦਪੁਰ ਸਾਹਿਬ ਤੱਕ ‘ਕੇਸਗੜ੍ਹ ਦੀ ਲਲਕਾਰ’ ਮਾਰਚ ਕੱਢਿਆ। ਸਥਾਨਕ ਗੁਰਦੁਆਰਾ ਕਲਗੀਧਰ ਮਾਡਲ ਟਾਊਨ ਤੋਂ ਮਾਰਚ ਦੇ ਰਵਾਨਾ ਹੋਣ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ, ਪਰਮਜੀਤ ਸਿੰਘ ਮੰਡ ਅਤੇ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਜਿਸ ਤਾਨਾਸ਼ਾਹੀ ਨਾਲ ਅਕਾਲ ਤਖ਼ਤ, ਦਮਦਮਾ ਸਾਹਿਬ ਅਤੇ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਨੂੰ ਹਟਾਇਆ ਗਿਆ ਹੈ, ਉਹ ਸਾਬਿਤ ਕਰਦਾ ਹੈ ਕਿ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਅਕਾਲੀਆਂ ਨੇ ਪੰਥਕ ਸੰਸਥਾਵਾਂ ਨਾਲ ਟਕਰਾਅ ਦਾ ਰਾਹ ਚੁਣ ਲਿਆ ਹੈ।
ਉਨ੍ਹਾਂ ਕਿਹਾ ਕਿ ਨਵ-ਨਿਯੁਕਤ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੰਥ ਨੂੰ ਨਜ਼ਰ-ਅੰਦਾਜ਼ ਕਰ ਕੇ ਚੁਣਿਆ ਗਿਆ ਹੈ ਜਿਸ ਕਰਕੇ ਉਨ੍ਹਾਂ ਦੀ ਨਿਯੁਕਤੀ ਨੂੰ ਪੰਥ ਦੇ ਵੱਡੇ ਹਿੱਸੇ ਵੱਲੋਂ ਰੱਦ ਕਰ ਦਿੱਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ 28 ਮਾਰਚ ਨੂੰ ਹੋਣ ਵਾਲੀ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੀ ਮੀਟਿੰਗ ਵਿੱਚ ਕਾਰਜਕਾਰੀ ਮੈਂਬਰਾਂ ਦੇ ਫ਼ੈਸਲੇ ਅਤੇ ਤਿੰਨ ਜਥੇਦਾਰਾਂ ਦੀ ਬਰਖਾਸਤਗੀ ਨੂੰ ਰੱਦ ਕਰ ਕੇ ਅੰਤਰਿਮ ਕਮੇਟੀ ਮੈਂਬਰਾਂ ਦੇ ਅਸਤੀਫ਼ੇ ਲਏ ਜਾਣ। ਉਨ੍ਹਾਂ ਸਿੱਖਾਂ ਨੂੰ ਸਿੱਖ ਸਿਧਾਂਤਾਂ, ਸੱਭਿਆਚਾਰ ਅਤੇ ਪਰੰਪਰਾਵਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦਾ ਸੱਦਾ ਦਿੱਤਾ।