ਫਗਵਾੜਾ ਨਿਗਮ ਦੀ ਪਲੇਠੀ ਮੀਟਿੰਗ ‘ਵੀਹ ਮਿੰਟਾਂ’ ਵਿੱਚ ਨਿਬੜੀ
ਫਗਵਾੜਾ, 13 ਮਾਰਚ
ਨਗਰ ਨਿਗਮ ਫਗਵਾੜਾ ਦੀ ਪਹਿਲੀ ਮੀਟਿੰਗ ’ਚ 15 ਆਈਟਮਾਂ ਦਾ ਮਤਾ ਸਿਰਫ਼ 20 ਮਿੰਟਾਂ ’ਚ ਹੀ ਨਿਬੜ ਗਿਆ। ਇਨ੍ਹਾਂ ’ਤੇ ਕੋਈ ਚਰਚਾ ਨਾ ਹੋਣ ’ਤੇ ਕਾਂਗਰਸੀ ਕੌਂਸਲਰਾਂ ਨੇ ਸੰਜੀਵ ਬੁੱਗਾ ਦੀ ਅਗਵਾਈ ’ਚ ਮੇਅਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਕਾਫ਼ੀ ਸਮੇਂ ਤੋਂ ਬਾਅਦ ਬਣੀ ਨਗਰ ਨਿਗਮ ਦੀ ਮੀਟਿੰਗ ਅੱਜ ‘ਆਪ’ ਦੇ ਮੇਅਰ ਰਾਮਪਾਲ ਉੱਪਲ ਦੀ ਪ੍ਰਧਾਨਗੀ ਹੇਠ ਹੋਈ ਜਿਸ ’ਚ 15 ਮਤਿਆਂ ਉੱਤੇ ਚਰਚਾ ਹੋਣੀ ਸੀ। ਚਰਚਾ ਦੇ ਸ਼ੁਰੂ ’ਚ ਹੀ ਫ਼ਾਇਨਾਂਸ ਤੇ ਕੰਟਰੈਕਟ ਕਮੇਟੀ ਦਾ ਗਠਨ ਕੀਤਾ ਜਾਣਾ ਸੀ ਜਿਸ ’ਚ ਕਾਂਗਰਸ ਦੇ ਸ਼ਾਮਲ ਕਰੀਬ 22 ਮੈਂਬਰਾਂ ਨੇ ਇਸ ਕਮੇਟੀ ’ਚ ਦੋ ਕੌਂਸਲਰ ਉਨ੍ਹਾਂ ਦੀ ਪਾਰਟੀ ਦੇ ਪਾਉਣ ਲਈ ਸੁਸ਼ੀਲ ਮੈਣੀ ਤੇ ਦਰਸ਼ਨ ਕਟਾਰੀਆਂ ਦਾ ਨਾਮ ਪੇਸ਼ ਕੀਤਾ ਤਾਂ ਮੇਅਰ ਇੱਕਦਮ ਇਸ ਮੀਟਿੰਗ ਨੂੰ ਖ਼ਤਮ ਕਰ ਕੇ ਤੁਰਦੇ ਬਣੇ ਤੇ ਜਾਂਦੇ ਸਮੇਂ ਇਹ ਕਹਿ ਗਏ ਕਿ ਸਾਰੇ ਮਤੇ ਪਾਸ ਹਨ। ਇਸ ਤੋਂ ਬਾਅਦ ਕਾਂਗਰਸੀ ਕੌਂਸਲਰ ਭੜਕ ਗਏ।
ਕਾਂਗਰਸੀ ਆਗੂ ਸੰਜੀਵ ਬੁੱਗਾ, ਤਰਨਜੀਤ ਸਿੰਘ ਬੰਟਾ ਵਾਲੀਆ, ਮੁਨੀਸ਼ ਪ੍ਰਭਾਕਰ ਨੇ ਦੋਸ਼ ਲਗਾਇਆ ਕਿ ਇਨ੍ਹਾਂ ਨੇ ਜਾਣਬੁੱਝ ਕੇ ਕਮੇਟੀ ਦਾ ਗਠਨ ਨਹੀਂ ਕੀਤਾ ਕਿਉਂਕਿ ਉਨ੍ਹਾਂ ਵੋਟਿੰਗ ਕਰਵਾਉਣ ਲਈ ਹੱਥ ਖੜ੍ਹੇ ਕੀਤੇ ਸਨ, ਪਰ ਇਨ੍ਹਾਂ ਪਾਸ ਮੈਂਬਰਾਂ ਦੀ ਘਾਟ ਸੀ ਜਿਸ ਕਾਰਨ ਇਨ੍ਹਾਂ ਅਜਿਹਾ ਕੀਤਾ।
ਨਿਗਮ ਦੇ ਬਾਕੀ ਮਤਿਆਂ ’ਚ ਮੇਅਰ ਤੇ ਕਮਿਸ਼ਨਰ ਲਈ ਨਵੀਂ ਗੱਡੀ ਲੈਣ ਲਈ ਕਰੀਬ 43 ਲੱਖ ਰੁਪਏ ਦੀ ਪ੍ਰਵਾਨਗੀ, ਸ਼ਹਿਰ ਦੇ ਚੱਲ ਰਹੇ ਕਈ ਪੁਰਾਣੇ ਵਿਕਾਸ ਕੰਮਾਂ ਨੂੰ ਨੇਪਰੇ ਚਾੜ੍ਹਨ ਦੀ ਰਾਸ਼ੀ ਤੇ ਕਈ ਵਾਰਡਾਂ ’ਚ ਲਗਾਈਆਂ ਗਈਆਂ ਐੱਲ.ਈ.ਡੀ. ਲਾਈਟਾਂ ਦਾ ਮਤਾ, ਸੰਧੂਮਾ ਮੰਦਰ ’ਚ ਪਾਣੀ ਦੇ ਖਰਾਬ ਹੋਏ ਬੋਰ ਨੂੰ ਮੁੜ ਚਾਲੂ ਕਰਨ ਲਈ 22 ਲੱਖ ਰੁਪਏ ਦੀ ਲਾਗਤ ਨਾਲ ਟਿਊਬਵੈੱਲ ਲਗਵਾਉਣ, ਸ਼ਹਿਰ ’ਚ 60 ਹਜ਼ਾਰ ਘਰਾਂ ਦੇ ਯੂ.ਆਈ.ਡੀ. ਨੰਬਰਾਂ ਦੀਆਂ ਪਲੇਟਾ 64 ਲੱਖ ਰੁਪਏ ਦੀ ਲਾਗਤ ਨਾਲ ਲਗਾਉਣ, ਭੋਗਪੁਰ ਦੇ ਕੂੜਾ ਡੰਪ ਦੀ ਚਾਰਦੀਵਾਰੀ ਲਈ 46 ਲੱਖ ਰੁਪਏ ਦੇ ਮਤੇ ਸ਼ਾਮਲ ਹਨ।
ਮੀਟਿੰਗ ’ਚ ਡਾ. ਅਕਸ਼ਿਤਾ ਗੁਪਤਾ, ਵਿੱਕੀ ਕ੍ਰਿਸ਼ਨ ਸੂਦ, ਤੇਜਪਾਲ ਬਸਰਾ, ਕੌਂਸਲਰਾ ’ਚ ਬਿਕਰਮ ਸਿੰਘ, ਸੁਸ਼ੀਲ ਮੈਣੀ, ਸੀਤਾ ਦੇਵੀ, ਪ੍ਰਿਤਪਾਲ ਕੌਰ ਤੁਲੀ, ਹਰਪ੍ਰੀਤ ਸਿੰਘ ਭੋਗਲ, ਹਰਵਿੰਦਰ ਸਿੰਘ ਪ੍ਰਿੰਸ, ਨੇਹਾ ਓਹਰੀ, ਪਦਮ ਦੇਵ ਸੁਧੀਰ ਸਮੇਤ ਕਈ ਕੌਂਸਲਰ ਸ਼ਾਮਿਲ ਸਨ।
ਮੇਅਰ ਰਾਮਪਾਲ ਉੱਪਲ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਨੂੰ ਉਹ ਸੁਚੱਜੇ ਢੰਗ ਨਾਲ ਲੈ ਰਹੇ ਹਨ ਤੇ ਕਮੇਟੀ ’ਚ ਜੋ ਵੀ ਮੈਂਬਰ ਸ਼ਾਮਲ ਕਰਨੇ ਹਨ, ਉਹ ਖੁਦ ਹੀ ਕਰ ਲੈਣਗੇ।