ਦਰਜਾ ਚਾਰ ਮੁਲਾਜ਼ਮਾਂ ਦਾ ਧਰਨਾ ਮੁਲਤਵੀ
ਪਟਿਆਲਾ, 2 ਅਪਰੈਲ
ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਦੀ ਮੀਟਿੰਗ ਸਰਕਾਰੀ ਕਾਲਜ ਲੜਕੀਆਂ ਦੇ ਪ੍ਰਿੰਸੀਪਲ ਨਾਲ ਹੋਈ। ਇਸ ਦੌਰਾਨ ਮੁੱਖ ਤੌਰ ’ਤੇ ਮੁਲਾਜ਼ਮਾਂ ਨੂੰ ਗਰਮ ਅਤੇ ਠੰਢੀਆਂ ਵਰਦੀਆਂ ਜਾਰੀ ਕਰਨ, ਕੱਚੇ ਕਰਮਚਾਰੀਆਂ ਨੂੰ 2016 ਤੋਂ ਘੱਟੋ ਘੱਟ ਉਜਰਤਾਂ ਦੇ ਵਾਧੇ ਦਾ ਬਕਾਇਆ ਜਾਰੀ ਕਰਨਾ, ਕੰਮ ਕਰਨ ਵਾਲਾ ਸਮਾਨ ਜਾਰੀ ਕਰਨਾ, ਫੰਡ ਦੀਆਂ ਸਟੇਟਮੈਂਟਾਂ ਜਾਰੀ ਕਰਨ, ਡੀਸੀ ਰੇਟ ’ਤੇ ਕੰਮ ਕਰਦੇ ਕਰਮੀਆਂ ਨੂੰ ਸਿੱਖਿਅਤ ਦੀਆਂ ਤਨਖਾਹਾਂ ਜਾਰੀ ਕਰਨ ਅਤੇ ਤਰੱਕੀਆਂ ਦੇਣ ਆਦਿ ਮੰਗਾਂ ’ਤੇ ਚਰਚਾ ਹੋਈ। ਇਸ ਦੌਰਾਨ ਕਾਲਜ ਪ੍ਰਿੰਸੀਪਲ ਵੱਲੋਂ ਮੰਗਾਂ ਦੇ ਨਿਪਟਾਰੇ ਦੇ ਭਰੋਸੇ ਮਗਰੋਂ ਮੁਲਾਜ਼ਮਾਂ ਵੱਲੋਂ ਧਰਨਾ ਮੁਲਤਵੀ ਕਰ ਦਿੱਤਾ ਗਿਆ।
ਯੂਨੀਅਨ ਦੇ ਬੁਲਾਰੇ ਨੇ ਦੱਸਿਆ ਕਿ ਪ੍ਰਿੰਸੀਪਲ ਨੇ ਹਫਤੇ ਦੇ ਅੰਦਰ ਇਨ੍ਹਾਂ ਮੰਗਾਂ ਦਾ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ਹੈ। ਮੀਟਿੰਗ ਵਿੱਚ ਦਰਸ਼ਨ ਸਿੰਘ ਲੁਬਾਣਾ, ਰਾਮ ਲਾਲ ਰਾਮਾ, ਸ਼ਿਵ ਚਰਨ, ਸੁਨੀਲ ਦੱਤ, ਸੁਖਦੇਵ ਸਿੰਘ, ਬਲਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਸ਼ਾਮਲ ਹੋਏ। ਯੂਨੀਅਨ ਆਗੂਆਂ ਨੇ ਵੱਖਰੀ ਮੀਟਿੰਗ ਕਰਕੇ 5 ਅਪਰੈਲ ਨੂੰ ਕਾਲਜ ਅੱਗੇ ਦਿੱਤਾ ਜਾਣ ਵਾਲਾ ਧਰਨਾ ਮੁਲਤਵੀ ਕਰਨ ਦਾ ਫੈਸਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਵਿੱਢਿਆ ਜਾਵੇਗਾ।