ਥਾਣੇਦਾਰ ਵੱਲੋਂ ਇਨਸਾਫ਼ ਲਈ ਪਰਿਵਾਰ ਸਣੇ ਥਾਣੇ ਦੇ ਬਾਹਰ ਧਰਨਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 15 ਅਪਰੈਲ
ਘਰ ’ਚ ਵੜ ਕੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਨ ਸਬੰਧੀ ਦਰਜ ਇਕ ਕੇਸ ਵਿਚਲੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਪੀਏਪੀ ਦੇ ਏਐੱਸਆਈ (ਥਾਣੇਦਾਰ) ਰਾਕੇਸ਼ ਕੁਮਾਰ ਵੱਲੋਂ ਅੱਜ ਆਪਣੇ ਪਰਿਵਾਰਕ ਮੈਂਬਰਾਂ ਸਣੇ ਇਥੇ ਥਾਣਾ ਡਿਵੀਜਨ ਨੰਬਰ-2 ਦੇ ਸਾਹਮਣੇ ਧਰਨਾ ਦਿੱਤਾ। ਇਸ ਦੌਰਾਨ ਉਹ ਥਾਣੇਦਾਰ ਪੁਲੀਸ ਵਾਲੀ ਵਰਦੀ ਪਾ ਕੇ ਧਰਨੇ ’ਤੇ ਬੈਠਾ।
ਸੂਤਰਾਂ ਮੁਤਾਬਕ ਇਸ ਥਾਣੇਦਾਰ ਦੇ ਪਰਿਵਾਰਕ ਮੈਂਬਰਾਂ ਤੇ ਹੋਰਾਂ ਵੱਲੋਂ ਲੁਧਿਆਣਾ ਵਾਸੀ ਆਪਣੇ ਜਾਣਕਾਰਾਂ/ਰਿਸ਼ਤੇਦਾਰਾਂ ਰਾਹੀਂ ਇੱੱਕ ਕੰਪਨੀ ’ਚ ਲੱਖਾਂ ਰੁਪਏ ਨਿਵੇਸ਼ ਕੀਤੇ ਹੋਏ ਸਨ, ਜਿਸ ਨੂੰ ਲੈ ਕੇ ਹੀ ਦੋਵਾਂ ਧਿਰਾਂ ਦਰਮਿਆਨ ਵਿਵਾਦ ਚੱਲ ਰਿਹਾ ਹੈ। ਉਧਰ ਥਾਣੇਦਾਰ ਦੇ ਭਰਾ ਸੁਰੇਸ਼ ਕੁਮਾਰ ਵੱਲੋਂ 8 ਮਾਰਚ ਨੂੰ ਪੁਲੀਸ ਨੂੰ ਦਰਖ਼ਾਸਤ ਦਿੱਤੀ ਸੀ ਕਿ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਨੇ ਉਨ੍ਹਾਂ ਦੇ ਘਰ ’ਚ ਦਾਖਲ ਹੋ ਕੇ ਉਸ ਦੀ ਕੁੱਟਮਾਰ ਕੀਤੀ ਹੈ। ਜਿਸ ਦੇ ਆਧਾਰ ’ਤੇ ਥਾਣਾ ਕੋਤਵਾਲੀ ਪਟਿਆਲਾ ਵਿੱਚ ਦਰਜਨ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਦਾ ਕਹਿਣਾ ਹੈ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਥਾਣੇਦਾਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਬਾਕੀ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ। ਪੁਲੀਸ ਦਾ ਕਹਿਣਾ ਹੈ ਕਿ ਪਰਚੇ ’ਚ ਕੁਝ ਔਰਤਾਂ ਦਾ ਨਾਂ ਵੀ ਸ਼ਾਮਲ ਕਰਵਾਇਆ ਗਿਆ ਹੈ, ਜਿਸ ਤਹਿਤ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਥਾਣਾ ਕੋਤਵਾਲੀ ਦੇ ਮੁਖੀ ਜਸਪ੍ਰੀਤ ਸਿੰਘ ਕਾਹਲੋਂ ਨੇ ਕਿਹਾ ਕਿ ਮੁਲਜ਼ਮਾਂ ਨੂੰ ਪੁਲੀਸ ਲੁਧਿਆਣਾ ਤੋਂ ਜਾ ਕੇ ਗ੍ਰਿਫ਼ਤਾਰ ਕਰਕੇ ਲਿਆਈ ਹੈ ਤੇ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੀ ਛਾਪੇ ਮਾਰੇ ਜਾ ਰਹੇ ਹਨ। ਇੰਸਪੈਕਟਰ ਜਸਪ੍ਰੀਤ ਕਾਹਲੋਂ ਨੇ ਧਰਨੇ ’ਚ ਪਹੁੰਚ ਕੇ ਥਾਣੇਦਾਰ ਰਾਕੇਸ਼ ਕੁਮਾਰ ਅਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਬਣਦੀ ਕਾਰਵਾਈ ਜਲਦੀ ਅਮਲ ’ਚ ਲਿਆਉਣ ਦਾ ਭਰੋਸਾ ਦਿੱਤਾ, ਜਿਸ ਮਗਰੋਂ ਥਾਣੇਦਾਰ ਅਤੇ ਉਸ ਦੇ ਪਰਿਵਾਰ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਦੌਰਾਨ ਥਾਣੇਦਾਰ ਰਾਕੇਸ਼ ਕੁਮਾਰ ਦੀ ਇੱਕ ਪੁਲੀਸ ਅਧਿਕਾਰੀ ਦੇ ਨਾਲ ਹੋਈ ਭਖਵੀਂ ਬਹਿਸ ਦੀ ਵੀਡੀਓ ਵੀ ਵਾਇਰਲ ਹੋਈ ਹੈ।