ਥਾਈਲੈਂਡ ਤੇ ਮਿਆਂਮਾਰ ’ਚ ਭੂਚਾਲ; 150 ਤੋਂ ਵੱਧ ਮੌਤਾਂ
ਬੈਂਕਾਕ, 28 ਮਾਰਚ
ਥਾਈਲੈਂਡ ਤੇ ਗੁਆਂਢੀ ਮੁਲਕ ਮਿਆਂਮਾਰ ’ਚ ਅੱਜ ਦੁਪਹਿਰ 7.7 ਦੀ ਸ਼ਿੱਦਤ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਕਾਰਨ ਥਾਈਲੈਂਡ ਦੀ ਰਾਜਧਾਨੀ ਬੈਂਕਾਕ ’ਚ ਨਿਰਮਾਣ ਅਧੀਨ ਇੱਕ ਬਹੁ-ਮੰਜ਼ਿਲਾ ਇਮਾਰਤ ਢਹਿ ਗਈ। ਭੂਚਾਲ ਕਾਰਨ ਦੋਵਾਂ ਮੁਲਕਾਂ ਵਿੱਚ 150 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਜਦਕਿ 750 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।
ਮਿਆਂਮਾਰ ਨੇ ਭੂਚਾਲ ਕਾਰਨ ਛੇ ਖੇਤਰਾਂ ਤੇ ਰਾਜਾਂ ਵਿੱਚ ਐਮਰਜੈਂਸੀ ਐਲਾਨ ਦਿੱਤੀ ਹੈ। ਭੂਚਾਲ ਦਾ ਕੇਂਦਰ ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਨੇੜੇ ਸੀ। ਮੁੱਖ ਝਟਕੇ ਤੋਂ ਬਾਅਦ ਵੀ 6.4 ਦੀ ਰਫ਼ਤਾਰ ਦਾ ਦੂਜਾ ਝਟਕਾ ਮਹਿਸੂਸ ਕੀਤਾ ਗਿਆ। ਰੈੱਡ ਕਰਾਸ ਨੇ ਕਿਹਾ ਕਿ ਬਿਜਲੀ ਸਪਲਾਈ ਠੱਪ ਹੋਣ ਕਾਰਨ ਮਿਆਂਮਾਰ ’ਚ ਰਾਹਤ ਕਾਰਜਾਂ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਥਾਈਲੈਂਡ ਦੇ ਰੱਖਿਆ ਮੰਤਰੀ ਫੁਮਥਾਮ ਵੇਚਾਯਾਚਾਈ ਨੇ ਦੱਸਿਆ ਕਿ ਬੈਂਕਾਕ ’ਚ ਬਹੁ-ਮੰਜ਼ਿਲਾ ਇਮਾਰਤ ਡਿੱਗਣ ਕਾਰਨ ਤਿੰਨ ਜਣਿਆਂ ਦੀ ਮੌਤ ਹੋਈ ਹੈ ਤੇ 90 ਹੋਰ ਲਾਪਤਾ ਹਨ। -ਪੀਟੀਆਈ
ਥਾਈਲੈਂਡ ’ਚ ਸਾਰੇ ਭਾਰਤੀ ਸੁਰੱਖਿਅਤ
ਬੈਂਕਾਕ: ਥਾਈਲੈਂਡ ਵਿਚਲੀ ਭਾਰਤੀ ਅੰਬੈਸੀ ਨੇ ਅੱਜ ਬਿਆਨ ਜਾਰੀ ਕਰਕੇ ਕਿਹਾ ਕਿ ਸਥਿਤੀ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਤੇ ਅਜੇ ਤੱਕ ਭਾਰਤੀ ਨਾਗਰਿਕਾਂ ਨਾਲ ਜੁੜੀ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਮਿਲੀ ਹੈ। ਅੰਬੈਸੀ ਨੇ ਕਿਹਾ ਕਿ ਥਾਈਲੈਂਡ ’ਚ ਭਾਰਤੀ ਨਾਗਰਿਕਾਂ ਨੂੰ ਐਮਰਜੈਂਸੀ ਨੰਬਰ 66 618819218 ’ਤੇ ਸੰਪਰਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। -ਏਐੱਨਆਈ