ਤ੍ਰੇਹਨ ਦਾ ਸ਼ਿਵ ਗਾਨ
ਨੋਨਿਕਾ ਸਿੰਘ
ਉੱਘਾ ਫਿਲਮ ਨਿਰਮਾਤਾ ਹਨੀ ਤ੍ਰੇਹਨ ਕਹਿੰਦਾ ਹੈ, ‘‘ਮੈਨੂੰ ਪੰਜਾਬ ਦੀ ਹਰ ਚੀਜ਼ ਪਸੰਦ ਹੈ।’’ ਕਰਤਾਰ ਸਿੰਘ ਦੁੱਗਲ, ਸਰਦਾਰ ਪੰਛੀ, ਸ਼ਿਵ ਕੁਮਾਰ ਬਟਾਲਵੀ ਅਤੇ ਗੁਰਦਾਸ ਮਾਨ ਅਤੇ ਅਮਰ ਸਿੰਘ ਚਮਕੀਲਾ ਵਰਗੇ ਪ੍ਰਸਿੱਧ ਲੇਖਕਾਂ ਅਤੇ ਗਾਇਕਾਂ ਦੀ ਸਾਹਿਤਕ ਪ੍ਰਤਿਭਾ ਨੂੰ ਸੁਣ ਕੇ ਵੱਡੇ ਹੋਏ ਤ੍ਰੇਹਨ ਨੂੰ ਪੰਜਾਬ ਵੱਲੋਂ ਦੁਨੀਆ ਅੱਗੇ ਪੇਸ਼ ਕੀਤੀ ਅਮੀਰੀਅਤ ’ਤੇ ਮਾਣ ਹੈ। ਇੱਕ ਉੱਘਾ ਕਹਾਣੀਕਾਰ, ਜੋ ਜ਼ਿੰਦਗੀ ਅਤੇ ਇਤਿਹਾਸ ’ਤੇ ਨਵੇਂ ਦ੍ਰਿਸ਼ਟੀਕੋਣ ਨਾਲ ਕਹਾਣੀਆਂ ਸੁਣਾਉਣ ਵਿੱਚ ਰੁਮਾਂਚਕ ਮਹਿਸੂਸ ਕਰਦਾ ਹੈ, ਉਹ ਕਹਿੰਦਾ ਹੈ, ‘‘ਜਦੋਂ ਕਹਾਣੀ ਪੰਜਾਬ ਦੀ ਹੋਵੇ ਤਾਂ ਉਹ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਹੁੰਦੀ ਹੈ।’’
ਕਾਰਗਿਲ ਯੁੱਧ ਦੇ ਅਨੁਭਵੀ ਮੇਜਰ (ਸੇਵਾਮੁਕਤ) ਡੀ.ਪੀ. ਸਿੰਘ ’ਤੇ ਆਪਣੇ ਨਵੇਂ ਫਿਲਮ ਪ੍ਰਾਜੈਕਟ ਨੂੰ ਲੈ ਕੇ ਵੀ ਉਸ ਨੇ ਗੱਲ ਕੀਤੀ, ਜਿਸ ਨੇ ਅਪਾਹਜਤਾ ਤੋਂ ਉੱਪਰ ਉੱਠ ਕੇ ਕੰਮ ਕਰਨਾ ਸਿੱਖਿਆ ਅਤੇ ਭਾਰਤ ਦਾ ਪਹਿਲਾ ਬਲੇਡ ਰਨਰ ਬਣਿਆ। ਡੀ.ਪੀ. ਸਿੰਘ ’ਤੇ ਇਹ ਪ੍ਰਾਜੈਕਟ ਸਿਨੇਵੈਸਚਰ ਇੰਟਰਨੈਸ਼ਨਲ ਫਿਲਮ ਫੈਸਟੀਵਲ ਮਾਰਕੀਟ ਦਾ ਹਿੱਸਾ ਹੈ। ਉਸ ਨੇ ਦੱਸਿਆ ਕਿ ਇੱਕ ਚੰਗੀ ਬਾਇਓਪਿਕ ਕੀ ਹੁੰਦੀ ਹੈ ਅਤੇ ਡੀ.ਪੀ. ਸਿੰਘ ਵਰਗੇ ਕੁਝ ਆਲਮੀ ਵਿਸ਼ਿਆਂ ਨੂੰ ਸੀਆਈਐੱਫਐੱਫ ਵਰਗੇ ਅੰਤਰਰਾਸ਼ਟਰੀ ਫੈਸਟੀਵਲਾਂ ਵਿੱਚ ਪੇਸ਼ ਕਰਨ ਦੀ ਕਿਉਂ ਲੋੜ ਹੈ।
ਉਸ ਨੇ ਮਸ਼ਹੂਰ ਸ਼ਾਇਰ ਸ਼ਿਵ ਕੁਮਾਰ ਬਟਾਲਵੀ ’ਤੇ ਆਪਣੀ ਫਿਲਮ ਬਾਰੇ ਵੀ ਗੱਲ ਕੀਤੀ ਜੋ ਅਜੇ ਲਿਖਣ ਦੇ ਪੜਾਅ ਵਿੱਚ ਹੈ। ਉਸ ਨੇ ਦੱਸਿਆ ਕਿ ਇਹ ਫਿਲਮ ਸ਼ਿਵ ਕੁਮਾਰ ਬਟਾਲਵੀ ਦੀਆਂ ਬਹੁਤ ਸਾਰੀਆਂ ‘ਸੱਚਾਈਆਂ’ ਸਾਹਮਣੇ ਲਿਆਏਗੀ ਜਿਨ੍ਹਾਂ ਦੀ ਸ਼ਾਇਰੀ ਨੇ ਸਾਡੀਆਂ ਪੀੜ੍ਹੀਆਂ ਨੂੰ ਮੋਹ ਲਿਆ ਹੈ, ਪਰ ਮੇਜਰ ਡੀ.ਪੀ. ਸਿੰਘ ਦੀ ਕਹਾਣੀ ਵੀ ਘੱਟ ਪ੍ਰੇਰਨਾਦਾਇਕ ਨਹੀਂ ਹੈ।
ਫਿਲਮ ‘ਪੰਜਾਬ 95’ ਅਤੇ ‘ਰਾਤ ਅਕੇਲੀ ਹੈ’ ਦੇ ਨਿਰਦੇਸ਼ਕ ਤ੍ਰੇਹਨ ਦਾ ਕਹਿਣਾ ਹੈ, ‘‘ਹਰ ਨਵੀਂ ਕਹਾਣੀ ਦੇ ਨਾਲ ਹਰ ਫਿਲਮ ਨਿਰਮਾਤਾ ਉਸ ਖ਼ਾਸ ਕਹਾਣੀ ਲਈ ਪਹਿਲੀ ਵਾਰ ਨਿਰਮਾਤਾ ਹੁੰਦਾ ਹੈ। ਹਾਲਾਂਕਿ, ਅਜਿਹਾ ਕੋਈ ਵੀ ਵਿਅਕਤੀ ਨਹੀਂ ਹੈ ਜੋ ਕਿਸੇ ਨਵੇਂ ਪ੍ਰਾਜੈਕਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਘਬਰਾਇਆ ਨਾ ਹੋਵੇ। ਅਸੀਂ ਸਾਰੇ ਨਵੀਂ ਫਿਲਮ ਦੇ ਸੈੱਟ ’ਤੇ ਇਸ ਤਰ੍ਹਾਂ ਜਾਂਦੇ ਹਾਂ ਜਿਵੇਂ ਸਾਨੂੰ ਕੁਝ ਵੀ ਪਤਾ ਨਾ ਹੋਵੇ ਅਤੇ ਦੁਬਿਧਾ ਸਾਧਾਰਨ ਜਿਹੀਆਂ ਦਿਖਣ ਵਾਲੀਆਂ ਚੀਜ਼ਾਂ ਤੋਂ ਸ਼ੁਰੂ ਹੁੰਦੀ ਹੈ, ਜਿਵੇਂ ਕਿ ਕੈਮਰਾ ਕਿੱਥੇ ਰੱਖੀਏ।’’
ਹਾਲਾਂਕਿ, ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪ੍ਰਸਿੱਧ ਫਿਲਮ ਨਿਰਮਾਤਾ ਵਿਸ਼ਾਲ ਭਾਰਦਵਾਜ ਦੇ ਮਾਰਗਦਰਸ਼ਨ ਵਿੱਚ ਤ੍ਰੇਹਨ ਬਹੁਤ ਪੇਸ਼ੇਵਰ ਹੈ। ਜੇਕਰ ਆਪਣੇ ‘ਅਸਲ ਗੁਰੂ’ ਲਈ ਉਸ ਨੇ ਕਈ ਸਮਰੱਥਾਵਾਂ (ਐਸੋਸੀਏਟ ਡਾਇਰੈਕਟਰ ਤੋਂ ਲੈ ਕੇ ਸਿਰਜਣਾਤਮਕ ਨਿਰਮਾਤਾ ਤੱਕ) ਵਿੱਚ ਕੰਮ ਕੀਤਾ ਹੈ, ਤਾਂ ਤ੍ਰੇਹਨ ਕੋਲ ਖ਼ੁਦ ਇੱਕ ਨਿਰਮਾਤਾ ਦੇ ਰੂਪ ਵਿੱਚ ਵਿਸ਼ਾਲ ਕੰਮ ਹਨ। ਉਸ ਨੇ ਵਿਸ਼ਵਾਸ ਦਿਵਾਇਆ ਕਿ ਡੀ.ਪੀ. ਸਿੰਘ ’ਤੇ ਬਣਨ ਵਾਲੀ ਫਿਲਮ, ਕਾਲਕ੍ਰਮਿਕ ਘਟਨਾਵਾਂ ਦਾ ਨਿਯਮਤ ਖਾਕਾ ਨਹੀਂ ਹੋਵੇਗੀ। ਜੇਕਰ ਜਸਵੰਤ ਸਿੰਘ ਖਾਲੜਾ (ਪੰਜਾਬ 95) ਦੀ ਕਹਾਣੀ ਸਕੂਲ ਦੇ ਦਿਨਾਂ ਤੋਂ ਹੀ ਉਸ ਦੇ ਦਿਮਾਗ ’ਚ ਸੀ ਤਾਂ ਡੀ.ਪੀ. ਸਿੰਘ ’ਤੇ ਫਿਲਮ ਬਣਾਉਣ ਲਈ ਉਸ ਨੇ ਚੰਡੀਗੜ੍ਹ ਦੇ ਇੱਕ ਹੋਟਲ ’ਚ ਇੱਕ ਮਿੰਟ ਲਈ ਵੀ ਹੋਟਲ ਤੋਂ ਬਾਹਰ ਨਿਕਲੇ ਬਿਨਾਂ ਚਾਰ ਦਿਨਾਂ ਤੱਕ ਲਗਾਤਾਰ 14 ਘੰਟੇ ਤੱਕ ਉਸ ਬਹਾਦਰ ਸੈਨਿਕ ਨਾਲ ਗੱਲ ਕੀਤੀ। ਉਸ ਦਾ ਕਹਿਣਾ ਹੈ, ‘‘ਬਾਇਓਪਿਕ ਕਿਸੇ ਵਿਅਕਤੀ ਦੀ ਜ਼ਿੰਦਗੀ ਦੇ ਸਿਰਫ਼ ਚਾਰ ਜਾਂ ਛੇ ਮੁੱਖ ਬਿੰਦੂ ਨਹੀਂ ਹੁੰਦੇ। ਮੇਰੇ ਲਈ ਜੋ ਮਹੱਤਵਪੂਰਨ ਹੈ ਉਹ ਹੈ ਚਰਿੱਤਰ ਦਾ ਵਿਕਾਸ, ਉਹ ਸਫ਼ਰ ਜਿਸ ਨੇ ਉਸ ਨੂੰ ਉਹ ਬਣਾਇਆ ਜੋ ਉਹ ਹੈ।’’
ਬਟਾਲਵੀ ਦੀ ਬਾਇਓਪਿਕ ਲਈ ਉਹ ਉਦੋਂ ਤੋਂ ਪਰਿਵਾਰ ਦੇ ਸੰਪਰਕ ਵਿੱਚ ਹੈ ਜਦੋਂ ਤੋਂ ਉਸ ਨੇ ਬਟਾਲਵੀ ਦੇ ਬੇਟੇ ਮੇਹਰਬਾਨ ਬਟਾਲਵੀ ਤੋਂ ‘ਉੜਤਾ ਪੰਜਾਬ’ ਫਿਲਮ ਲਈ ਗੀਤ ‘ਇੱਕ ਕੁੜੀ’ ਦੇ ਅਧਿਕਾਰ ਲਏ ਸਨ। ਉਸ ਨੇ ਦੱਸਿਆ ਕਿ ਕਿਸ ਤਰ੍ਹਾਂ ਪਰਿਵਾਰ ਨੇ ਉਸ ਦਾ ਭਰਪੂਰ ਸਾਥ ਦਿੱਤਾ। ਪਰ ਜਦੋਂ ਪਰਿਵਾਰ ਇਸ ਵਿੱਚ ਸ਼ਾਮਲ ਹੋ ਜਾਂਦਾ ਹੈ, ਤਾਂ ਕੀ ਇਸ ਵਿੱਚ ਬੇਲੋੜੀ ਦਖਲਅੰਦਾਜ਼ੀ ਦਾ ਖ਼ਤਰਾ ਨਹੀਂ ਹੁੰਦਾ? ਤ੍ਰੇਹਨ ਇਸ ਗੱਲ ਨਾਲ ਸਹਿਮਤ ਨਹੀਂ ਹੈ ਅਤੇ ਕਹਿੰਦਾ ਹੈ, ‘‘ਅਰੁਣਾ ਆਂਟੀ (ਬਟਾਲਵੀ ਦੀ ਪਤਨੀ) ਬਹੁਤ ਗਹਿਰੇ ਵਿਚਾਰਾਂ ਵਾਲੀ ਬਹੁਤ ਪਰਿਪੱਕ ਔਰਤ ਹੈ। ਪੂਰਾ ਪਰਿਵਾਰ ਇਹੀ ਚਾਹੁੰਦਾ ਹੈ ਕਿ ਉਨ੍ਹਾਂ ਦੇ ਨਾਮ ਦਾ ਸ਼ੋਸ਼ਣ ਜਾਂ ਕੋਈ ਹੇਰ-ਫੇਰ ਨਾ ਹੋਵੇ। ਅੱਜ ਦੀ ਪੀੜ੍ਹੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕੀ ਲਿਖਿਆ ਸੀ।’’
ਇਤਫਾਕਨ, ਤ੍ਰੇਹਨ ਨੂੰ ਯਾਦ ਨਹੀਂ ਕਿ ਕਦੋਂ ਉਸ ਨੂੰ ਸ਼ਿਵ ਕੁਮਾਰ ਬਟਾਲਵੀ ਦੀ ਕਾਵਿਕ ਪ੍ਰਤਿਭਾ ਨਾਲ ਪਿਆਰ ਹੋ ਗਿਆ ਸੀ। ਅੱਜ, ਜਦੋਂ ਉਸ ਨੇ ਇਸ ਉੱਘੇ ਸ਼ਾਇਰ ਨੂੰ ਵੱਡੇ ਪਰਦੇ ’ਤੇ ਲਿਆਉਣ ਦਾ ਫੈਸਲਾ ਕੀਤਾ ਹੈ ਤਾਂ ਕੀ ਉਸ ਦੇ ਮਨ ਵਿੱਚ ਕੋਈ ਅਦਾਕਾਰ ਹੈ ਜੋ ਬਟਾਲਵੀ ਦਾ ਪਰਦੇ ’ਤੇ ਚਿਹਰਾ ਬਣੇਗਾ। ਉਹ ਕਹਿੰਦਾ ਹੈ, ‘‘ਜਦੋਂ ਮੈਂ ਹੁਣ ਫਿਲਮ ਲਿਖ ਰਿਹਾ ਹਾਂ ਤਾਂ ਮੇਰੇ ਮਨ ਵਿੱਚ ਸਿਰਫ਼ ਸ਼ਿਵ ਦੀ ਹੀ ਤਸਵੀਰ ਹੈ।’’ ਪਰ ਉਹ ਦਾਅਵੇ ਨਾਲ ਕਹਿੰਦਾ ਹੈ ਕਿ ਇਹ ਫਿਲਮ ‘ਇੱਕ ਸ਼ਿਵ ਪ੍ਰਸ਼ੰਸਕ’ ਵੱਲੋਂ ਸ਼ਿਵ ਦੇ ਸਾਰੇ ਪ੍ਰਸ਼ੰਸਕਾਂ ਲਈ ਤੋਹਫ਼ਾ ਹੋਵੇਗੀ।
ਤ੍ਰੇਹਨ ਨੇ ਆਪਣੇ ਨਿਰਦੇਸ਼ਨ ਵਿੱਚ ਫਿਲਮ ‘ਪੰਜਾਬ 95’ ਵਿੱਚ ਸਿੱਖਾਂ ਦੇ ਕਤਲੇਆਮ ਖਿਲਾਫ਼ ਆਵਾਜ਼ ਉਠਾਉਣ ਵਾਲੇ ਸਿੱਖ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਜੀਵੰਤ ਕੀਤਾ ਹੈ। ਇਸ ਵਿੱਚ ਦਿਲਜੀਤ ਦੋਸਾਂਝ ਨੇ ਮੁੱਖ ਭੂਮਿਕਾ ਨਿਭਾਈ ਹੈ। ‘ਪੰਜਾਬ 95’ ਨੂੰ ਰਿਲੀਜ਼ ਕਰਨ ਦੀ ਮਿਤੀ ਵਾਰ-ਵਾਰ ਮੁਲਤਵੀ ਹੋਣ ’ਤੇ ਤ੍ਰੇਹਨ ਦਾ ਕਹਿਣਾ ਹੈ, ‘‘ਇਹ ਕੋਈ ਪ੍ਰਾਪੇਗੰਡਾ ਫਿਲਮ ਨਹੀਂ ਹੈ, ਇਸ ਲਈ ਇਹ ਸਿਸਟਮ ਨੂੰ ਪਰੇਸ਼ਾਨ ਕਰਦੀ ਹੈ।’’ ਉਸ ਨੂੰ ਇਸ ਗੱਲ ਤੋਂ ਚਿੜ ਹੈ ਕਿ ਸੀਬੀਐੱਫਸੀ ਜੋ ‘ਸਿਨੇਮਾ ਵਿੱਚ ਸਰਕਾਰ ਦੀ ਕਠਪੁਤਲੀ ਅਤੇ ਪਿਛਲੇ ਦਰਵਾਜ਼ੇ ਤੋਂ ਪ੍ਰਵੇਸ਼ ਕਰਨ ਵਾਲੀ ਸੰਸਥਾ ਹੈ’ ਉਹ ਗੈਰ ਜ਼ਰੂਰੀ ਕੱਟਾਂ ਦੀ ਮੰਗ ਕਰ ਰਹੀ ਹੈ ਅਤੇ ਨਿਰਮਾਤਾਵਾਂ ’ਤੇ ਬੇਲੋੜਾ ਦਬਾਅ ਪਾ ਰਹੀ ਹੈ।
ਉਹ ਕਹਿੰਦਾ ਹੈ ਕਿ ਫਿਲਮ ਵੀ ਇੱਕ ਕਾਰੋਬਾਰ ਹੈ। ਹਰ ਵਾਰ ਜਦੋਂ ਉਹ ਅਤੇ ਮੈਕਗਫਿਨ ਪਿਕਚਰਜ਼ ਵਿੱਚ ਉਨ੍ਹਾਂ ਦੇ ਪ੍ਰੋਡਕਸ਼ਨ ਪਾਰਟਨਰ ਅਤੇ ਉੱਘੇ ਨਿਰਦੇਸ਼ਕ ਅਭਿਸ਼ੇਕ ਚੌਬੇ, ਕੋਈ ਫਿਲਮ ਬਣਾਉਣ ਦੀ ਯੋਜਨਾ ਬਣਾਉਂਦੇ ਹਨ, ਤਾਂ ਤ੍ਰੇਹਨ ਇਹ ਯਕੀਨੀ ਬਣਾਉਂਦਾ ਹੈ ਕਿ ਉਨ੍ਹਾਂ ਦੇ ਵਿੱਤੀ ਹਿੱਤਧਾਰਕ ਘੱਟੋ-ਘੱਟ ਆਪਣਾ ਪੈਸਾ ਵਸੂਲ ਕਰਨ। ਦਿਲਚਸਪ ਗੱਲ ਇਹ ਹੈ ਕਿ ਆਪਣੀਆਂ ਫਿਲਮਾਂ ਦੀ ਸੁਰੱਖਿਆ ਲਈ ਉਹ ਖ਼ੁਦ ਨਿਰਮਾਤਾ ਬਣ ਗਿਆ ਹੈ। ਉਹ ਹੱਸਦਾ ਹੋਇਆ ਕਹਿੰਦਾ ਹੈ, ‘‘ਇਸ ਲਈ ਸਾਨੂੰ ਫਿਲਮ ਦੇ ਅੰਤ ਵਿੱਚ ਗੀਤ ਪਾਉਣ ਲਈ ਮਜਬੂਰ ਨਹੀਂ ਕੀਤਾ ਜਾਂਦਾ।’’
ਇੱਕ ਹੀ ਫਿਲਮ ਲਈ ਕਈ ਨਿਰਮਾਤਾਵਾਂ ਨਾਲ ਮਿਲ ਕੇ ਕੰਮ ਕਰਨ ਦੇ ਹਾਲ ਹੀ ਦੇ ਰੁਝਾਨ ਬਾਰੇ ਉਹ ਕਹਿੰਦਾ ਹੈ, ‘‘ਸਾਡੇ ਵੱਖ-ਵੱਖ ਪ੍ਰਾਜੈਕਟਾਂ ਲਈ ਸਾਡੀ ਵੱਖ-ਵੱਖ ਸਾਂਝੇਦਾਰੀ ਹੈ। ਜਿਵੇਂ ਕਿ ‘ਕਿਲਰ ਸੂਪ’ ਅਤੇ ‘ਰਾਤ ਅਕੇਲੀ ਹੈ’ ਲਈ ਨੈੱਟਫਲਿਕਸ ਸੀ, ‘ਪੰਜਾਬ 95’ ਲਈ ਇਹ ਰੋਨੀ ਸਕ੍ਰੂਵਾਲਾ ਦੀ ਆਰਐੱਸਵੀਪੀ ਅਤੇ ਸ਼ਰਮਾਜੀ ਨਮਕੀਨ ਐਕਸਲ ਸੁਭਾਵਿਕ ਸਹਿਯੋਗੀ ਸੀ।’’