ਤਨਖਾਹ ਨਾ ਮਿਲਣ ’ਤੇ ਵੀ ਕੰਮ ਕਰ ਰਹੇ ਨੇ ਫਰਦ ਕੇਂਦਰ ਦੇ ਕਰਮਚਾਰੀ
ਮਾਛੀਵਾੜਾ, 4 ਅਪਰੈਲ
ਸਬ-ਤਹਿਸੀਲ ਮਾਛੀਵਾੜਾ ਦੇ ਫਰਦ ਕੇਂਦਰ ਵਿਚ ਕੰਮ ਕਰ ਰਹੇ ਕਰਮਚਾਰੀ ਅੱਜ ਕੱਲ੍ਹ ਬੇਹੱਦ ਪ੍ਰੇਸ਼ਾਨੀ ਵਾਲੇ ਮਾਹੌਲ ਵਿੱਚੋਂ ਗੁਜ਼ਰ ਰਹੇ ਹਨ। ਪ੍ਰਾਈਵੇਟ ਕੰਪਨੀ ਤਹਿਤ ਫਰਦ ਕੇਂਦਰ ਵਿਚ ਕੰਮ ਕਰਨ ਵਾਲੇ ਮੁਲਾਜ਼ਮ ਬਲਜਿੰਦਰ ਸਿੰਘ ਨੇ ਦੱਸਿਆ ਕਿ ਦੋ ਮਹੀਨਿਆਂ ਤੋਂ ਉਨ੍ਹਾਂ ਨੂੰ ਤਨਖਾਹ ਨਹੀਂ ਮਿਲੀ, ਪਰ ਉਹ ਰੋਜ਼ਾਨਾ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਵਿੱਚ ਕੁਲ 73 ਕਰਮਚਾਰੀ ਹਨ ਜਿਨਾਂ ਨੂੰ ਦੋ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ ਹੈ। ਜਦਕਿ ਪਹਿਲਾਂ ਹੀ ਉਹ 8 ਹਜ਼ਾਰ ਰੁਪਏ ਵਿੱਚ ਘਰ ਤੋਰਨ ਲਈ ਮਰਜੂਰ ਹਨ।
ਤਨਖ਼ਾਹ ਨਾ ਮਿਲਣ ਕਰਕੇ ਘਰ ਦਾ ਕਿਰਾਇਆ ਤੇ ਹੋਰ ਖਰਚੇ ਕੱਢਣੇ ਹੁਣ ਉਨ੍ਹਾਂ ਲਈ ਬਹੁਤ ਔਖੇ ਹੋ ਗਹੇ ਹਨ। ਫਰਦ ਕੇਂਦਰ ਦੇ ਕਾਮਿਆਂ ਨੇ ਦੱਸਿਆ ਕਿ ਉਹ ਰੋਜ਼ਾਨਾ ਲੱਖਾਂ ਰੁਪਏ ਸਰਕਾਰੀ ਖ਼ਜ਼ਾਨੇ ਵਿੱਚ ਪਾ ਰਹੇ ਹਨ ਪਰ ਉਨ੍ਹਾਂ ਦੇ ਆਪਣੇ ਚੁੱਲ੍ਹੇ ਅੱਜ ਬੁਝਣ ਕਿਨਾਰੇ ਪੁੱਜ ਗਏ ਹਨ। ਫਰਦ ਕੇਂਦਰ ਦੇ ਕਾਮਿਆਂ ਨੇ ਕਿਹਾ ਕਿ ਸਰਕਾਰ ਇੱਕ ਪਾਸੇ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਦਾਅਵੇ ਕਰਦੀ ਹੈ ਪਰ ਦੂਜੇ ਪਾਸੇ ਉਨ੍ਹਾਂ ਦਾ ਰੁਜ਼ਗਾਰ ਖੋਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕਰਮਚਾਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤਾ ਹੈ ਕਿ ਫਰਦ ਕੇਂਦਰ ਦੇ ਕਰਮਚਾਰੀਆਂ ਦੀ ਤਨਖਾਹ ਜਲਦ ਤੋਂ ਜਲਦ ਦਿੱਤੀ ਜਾਵੇ ਅਤੇ ਉਨ੍ਹਾਂ ਨੂੰ ਬੇਰੁਜ਼ਗਾਰ ਨਾ ਕੀਤਾ ਜਾਵੇ।