ਡੱਲੇਵਾਲ ਦਾ ਮਰਨ ਵਰਤ ਸਮਾਪਤ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨੀ ਮੰਗਾਂ ਮਨਵਾਉਣ ਲਈ ਵਿੱਢਿਆ ਆਪਣਾ ਮਰਨ ਵਰਤ ਤੋੜਨ ਦਾ ਐਲਾਨ ਕਰ ਦਿੱਤਾ ਹੈ ਪਰ ਇਸ ਲਈ ਉਨ੍ਹਾਂ ਜੋ ਤਰਕ ਪੇਸ਼ ਕੀਤਾ ਹੈ, ਉਸ ’ਤੇ ਬਹੁਤ ਸਾਰੇ ਲੋਕਾਂ ਵਲੋਂ ਤਿੱਖੀ ਪ੍ਰਤੀਕਿਰਿਆ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਅਤੇ ਕੇਂਦਰ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਸੀਨੀਅਰ ਅਧਿਕਾਰੀਆਂ ਨਾਲ ਲੰਘੀ 19 ਮਾਰਚ ਦੀ ਮੀਟਿੰਗ ਤੋਂ ਬਾਅਦ ਪੰਜਾਬ ਪੁਲੀਸ ਨੇ ਵਾਪਸ ਜਾ ਰਹੇ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲੈ ਕੇ ਅਤੇ ਫਿਰ ਰਾਤ ਨੂੰ ਸ਼ੰਭੂ ਅਤੇ ਖਨੌਰੀ ਲਾਗੇ ਢਾਬੀ ਗੁੱਜਰਾਂ ਬਾਰਡਰਾਂ ’ਤੇ ਵੱਡੀ ਕਾਰਵਾਈ ਕਰਦਿਆਂ ਕਿਸਾਨ ਅੰਦੋਲਨ ਨੂੰ ਖਦੇੜ ਦਿੱਤਾ ਸੀ ਅਤੇ ਦੋਵਾਂ ਥਾਵਾਂ ਤੋਂ 14 ਸੌ ਦੇ ਕਰੀਬ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਸੀ। ਪੁਲੀਸ ਦੀ ਉਸ ਕਾਰਵਾਈ ਤੋਂ ਬਾਅਦ ਸ੍ਰੀ ਡੱਲੇਵਾਲ ਨੇ ਆਪਣਾ ਮਰਨ ਵਰਤ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਹੁਣ ਉਨ੍ਹਾਂ ਆਖਿਆ ਕਿ ਕਿਸਾਨਾਂ ਵਲੋਂ ਉਨ੍ਹਾਂ ਆਪਣਾ ਮਰਨ ਵਰਤ ਤੋੜਨ ਲਈ ਕਿਹਾ ਜਾ ਰਿਹਾ ਸੀ ਅਤੇ ਉਹ ਕਿਸਾਨਾਂ ਨੂੰ ਰੱਬ ਦਾ ਰੂਪ ਮੰਨਦੇ ਹੋਏ ਆਪਣਾ ਮਰਨ ਵਰਤ ਤੋੜਨ ਦਾ ਫ਼ੈਸਲਾ ਕਰ ਰਹੇ ਹਨ।
ਇਸ ਤੋਂ ਇਕ ਦਿਨ ਪਹਿਲਾਂ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮਾਮਲਿਆਂ ਦੇ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ੍ਰੀ ਡੱਲੇਵਾਲ ਨੂੰ ਮਰਨ ਵਰਤ ਤੋੜਨ ਦੀ ਅਪੀਲ ਕੀਤੀ ਸੀ ਅਤੇ ਨਾਲ ਹੀ ਇਹ ਉਮੀਦ ਜਤਾਈ ਗਈ ਸੀ ਕਿ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਜਾਰੀ ਰਹੇਗੀ। ਸ੍ਰੀ ਡੱਲੇਵਾਲ ਦੇ ਫ਼ੈਸਲੇ ਨੂੰ ਲੈ ਕੇ ਕੁਝ ਲੋਕਾਂ ਨੇ ਉਨ੍ਹਾਂ ਦੀ ਜਾਨ ਦੀ ਸਲਾਮਤੀ ਦਾ ਸ਼ੁਕਰ ਮਨਾਇਆ ਹੈ ਪਰ ਇਸ ਤੋਂ ਵੱਡਾ ਸਵਾਲ ਖੇਤੀ ਕਿਸਾਨੀ ਦੀਆਂ ਉਨ੍ਹਾਂ ਮੰਗਾਂ ਦਾ ਹੈ ਜਿਸ ਨੂੰ ਲੈ ਕੇ ਇਹ ਅੰਦੋਲਨ ਸ਼ੁਰੂ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਹ ਸਵਾਲ ਵੀ ਹਵਾ ਵਿਚ ਤੈਰ ਰਿਹਾ ਹੈ ਕਿ ਕੀ ਇਸ ਕਦਮ ਨਾਲ ਪੰਜਾਬ ਵਿਚ ਕਿਸਾਨ ਜਥੇਬੰਦੀਆਂ ਦਰਮਿਆਨ ਏਕਤਾ ਤੇ ਤਾਲਮੇਲ ਦੀਆਂ ਕੋਸ਼ਿਸ਼ਾਂ ਨੂੰ ਬਲ ਮਿਲੇਗਾ ਜਾਂ ਫਿਰ ਇਨ੍ਹਾਂ ਵਿਚ ਟੁੱਟ-ਭੱਜ ਦਾ ਸਿਲਸਿਲਾ ਹੋਰ ਤੇਜ਼ ਹੋਵੇਗਾ। ਸ੍ਰੀ ਡੱਲੇਵਾਲ ਨੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੇ ਕਾਨੂੰਨ ਅਤੇ ਕਈ ਹੋਰ ਮੰਗਾਂ ਨੂੰ ਲੈ ਕੇ ਪਿਛਲੇ ਸਾਲ 26 ਨਵੰਬਰ ਤੋਂ ਖਨੌਰੀ ਬਾਰਡਰ ’ਤੇ ਆਪਣਾ ਮਰਨ ਵਰਤ ਆਰੰਭਿਆ ਸੀ। ਕਰੀਬ ਡੇਢ ਮਹੀਨੇ ਬਾਅਦ ਕੇਂਦਰ ਵਲੋਂ ਸ਼ੰਭੂ ਅਤੇ ਖਨੌਰੀ ਬੈਰੀਅਰਾਂ ’ਤੇ ਬੈਠੇ ਦੋਵੇਂ ਮੋਰਚਿਆਂ ਦੇ ਆਗੂਆਂ ਨੂੰ ਮੀਟਿੰਗ ਦਾ ਸਮਾਂ ਦੇਣ ਤੋਂ ਬਾਅਦ ਉਹ ਮੈਡੀਕਲ ਇਲਾਜ ਲੈਣ ਲਈ ਤਿਆਰ ਹੋ ਗਏ ਸਨ। ਪਿਛਲੇ ਦਿਨੀਂ ਹਸਪਤਾਲ ਤੋਂ ‘ਛੁੱਟੀ’ ਹੋਣ ਤੋਂ ਬਾਅਦ ਸ੍ਰੀ ਡੱਲੇਵਾਲ ਆਪਣੇ ਪਿੰਡ ਵਿਚ ਲੱਗੇ ਧਰਨੇ ਵਿਚ ਸ਼ਾਮਲ ਹੋਏ ਸਨ ਜਿੱਥੇ ਉਨ੍ਹਾਂ ਕਿਸਾਨ ਅੰਦੋਲਨ ਨੂੰ ਖਦੇੜਨ ਦੀ ਕਾਰਵਾਈ ਦੇ ਪ੍ਰਸੰਗ ਵਿਚ ਪੰਜਾਬ ਸਰਕਾਰ ’ਤੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਨ ਦਾ ਦੋਸ਼ ਲਾਇਆ ਸੀ।
ਬਹੁਤ ਸਾਰੇ ਲੋਕਾਂ ਦੀ ਰਾਇ ਸੀ ਕਿ ਜਦੋਂ ਕਿਸਾਨਾਂ ਦੀਆਂ ਮੰਗਾਂ ’ਤੇ ਕਿਸਾਨ ਮੋਰਚਿਆਂ, ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਿਚਕਾਰ ਤਿੰਨ ਧਿਰੀ ਗੱਲਬਾਤ ਸ਼ੁਰੂ ਹੋਈ ਸੀ ਤਾਂ ਉਨ੍ਹਾਂ ਨੂੰ ਆਪਣਾ ਮਰਨ ਵਰਤ ਉਦੋਂ ਹੀ ਤੋੜ ਦੇਣਾ ਚਾਹੀਦਾ ਸੀ, ਹਾਲਾਂਕਿ ਗੱਲਬਾਤ ਦਾ ਕੋਈ ਠੋਸ ਨਤੀਜਾ ਆਉਣ ਤੱਕ ਕਿਸਾਨ ਸੰਘਰਸ਼ ਜਾਰੀ ਰੱਖਿਆ ਜਾ ਸਕਦਾ ਸੀ। ਇਸ ਸਮੁੱਚੇ ਵਰਤਾਰੇ ’ਚੋਂ ਕਿਸਾਨ ਜਥੇਬੰਦੀਆਂ ਅਤੇ ਉਨ੍ਹਾਂ ਦੇ ਆਗੂ ਸਬਕ ਲੈ ਕੇ ਆਪਣਾ ਭਵਿੱਖ ਦਾ ਰਾਹੇ ਅਮਲ ਤਿਆਰ ਕਰ ਸਕਦੇ ਹਨ।