ਟਰੰਪ ਦਾ ਯੂ-ਟਰਨ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਇੱਕ ਵਾਰ ਫ਼ੈਸਲਾ ਲੈ ਕੇ ਸੌਖਿਆਂ ਪਿੱਛੇ ਮੁੜਨਾ ਥੋੜ੍ਹਾ ਅਜੀਬ ਲੱਗ ਸਕਦਾ ਹੈ। ਪਰ ਕਰੀਬ 60 ਮੁਲਕਾਂ ’ਤੇ ‘ਜਵਾਬੀ ਟੈਕਸ’ 90 ਦਿਨਾਂ ਲਈ ਰੋਕਣ ਦਾ ਐਲਾਨ ਕਰ ਕੇ ਉਸ ਨੇ ਅਜਿਹਾ ਹੀ ਕੀਤਾ ਹੈ। ਇਨ੍ਹਾਂ ਦੇਸ਼ਾਂ ਵਿੱਚ ਭਾਰਤ ਤੇ ਯੂਰੋਪੀਅਨ ਯੂਨੀਅਨ (ਈਯੂ) ਦੇ ਮੈਂਬਰ ਵੀ ਸ਼ਾਮਿਲ ਹਨ। ਟਰੰਪ ਵੱਲੋਂ ਅਚਾਨਕ ਲਏ ਇਸ ਫ਼ੈਸਲੇ ਨਾਲ ਗੋਤੇ ਖਾ ਰਹੇ ਆਲਮੀ ਸ਼ੇਅਰ ਬਾਜ਼ਾਰਾਂ ਨੂੰ ਰਾਹਤ ਮਿਲੀ ਹੈ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਆਲਮੀ ਪੱਧਰ ’ਤੇ ਆਪਣੇ ਬਾਰੇ ਬਣ ਰਹੀ ਮਾੜੀ ਰਾਇ ਅਤੇ ਘਰ ਵਿੱਚ ਉੱਠ ਰਹੀ ਬਗ਼ਾਵਤ ਤੋਂ ਪੂਰੀ ਤਰ੍ਹਾਂ ਅਣਜਾਣ ਨਹੀਂ ਹੈ। ਹਾਲਾਂਕਿ, ਉਨ੍ਹਾਂ ਚੀਨ ਖ਼ਿਲਾਫ਼ ਹਮਲਾਵਰ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ, ਤੇ ਚੀਨੀ ਦਰਾਮਦਾਂ ’ਤੇ ਟੈਕਸ ਦੀ ਦਰ ਵਧਾ ਕੇ 125 ਪ੍ਰਤੀਸ਼ਤ ਕਰ ਦਿੱਤੀ ਹੈ। ਜਾਪਦਾ ਹੈ ਕਿ ਟਰੰਪ ਨੂੰ ਅਹਿਸਾਸ ਹੋ ਗਿਆ ਹੈ ਕਿ ਦੁਨੀਆ ਭਰ ਵਿੱਚ ਸੈਂਕੜੇ ਦੇਸ਼ਾਂ ਨੂੰ ਨਾਰਾਜ਼ ਕਰਨ ਦੀ ਬਜਾਏ ਇੱਕ ਵਿਰੋਧੀ ’ਤੇ ਨਿਸ਼ਾਨਾ ਸੇਧਣਾ ਸੁਰੱਖਿਅਤ ਤੇ ਸਿਆਣਪ ਵਾਲਾ ਕੰਮ ਹੈ। ਇਸ ਤੋਂ ਇਲਾਵਾ ਜਾਪਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਇਸ ਗੱਲ ’ਤੇ ਵੀ ਮੁੜ ਵਿਚਾਰ ਕਰਨਾ ਚਾਹੁੰਦਾ ਹੈ ਕਿ ਕਿਤੇ ਉਸ ਦੇ ਇਹ ਕਦਮ ‘ਮੇਕ ਅਮੈਰਿਕਾ ਗ੍ਰੇਟ ਅਗੇਨ’ ਦੇ ਉਸ ਦੇ ਆਪਣੇ ਹੀ ਸੁਪਨੇ ਨੂੰ ਤਾਂ ਖ਼ਤਰੇ ਵਿੱਚ ਨਹੀਂ ਪਾ ਰਹੇ। ਪਰ ਇਸ ਬਾਰੇ ਪੱਕੇ ਤੌਰ ’ਤੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਕੀ ਇਸੇ ਤਰ੍ਹਾਂ ਦੀ ਸਿਆਣਪ ਅਗਾਂਹ ਵੀ ਵਰਤੀ ਜਾਵੇਗੀ।
ਭਾਰਤ ਨੇ ਟਰੰਪ ਦੇ ਟੈਰਿਫਾਂ ’ਤੇ ਸਖ਼ਤ ਰੁਖ਼ ਅਖ਼ਤਿਆਰ ਕਰਨ ਦੀ ਥਾਂ ਉਡੀਕ ਕਰਨ ਦੀ ਰਣਨੀਤੀ ਅਪਣਾਈ, ਜਿਸ ਦਾ ਇਸ ਨੂੰ ਫ਼ਾਇਦਾ ਹੋਇਆ ਲੱਗਦਾ ਹੈ। ਇੱਥੇ ਦੁਵੱਲਾ ਵਪਾਰ ਸਮਝੌਤਾ ਦਾਅ ਉੱਤੇ ਲੱਗਾ ਹੋਇਆ ਹੈ, ਜਿਸ ’ਤੇ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਕੰਮ ਕਰ ਰਹੇ ਹਨ। ਭਾਰਤ, ਜਿਸ ਦਾ ਨਿਸ਼ਾਨਾ ਅਮਰੀਕਾ ਨਾਲ ਆਪਣੇ ਵਪਾਰ ਨੂੰ ਢਾਈ ਗੁਣਾ ਵਧਾਉਣਾ ਹੈ, ਨੇ ਸੂਝ-ਬੂਝ ਤੋਂ ਕੰਮ ਲੈਂਦਿਆਂ ਕਾਹਲੀ ਕਰਨ ਤੋਂ ਗੁਰੇਜ਼ ਕੀਤਾ ਹੈ। ਮੌਜੂਦਾ ਛੋਟ ਨੂੰ ਧਿਆਨ ’ਚ ਰੱਖ ਕੇ, ਨਿਰੰਤਰ ਗੱਲਬਾਤ ਜਾਰੀ ਰੱਖਣੀ ਜ਼ਰੂਰੀ ਹੈ ਤਾਂ ਕਿ ਲੰਮੇ ਸਮੇਂ ਲਈ ਭਾਰਤ ’ਤੇ ਮੋਟੇ ਟੈਕਸਾਂ ਦਾ ਬੋਝ ਨਾ ਪਏ।
ਚੀਨ ਨੇ ਅਖ਼ੀਰ ਤੱਕ ਇਹ ਵਪਾਰਕ ਜੰਗ ਲੜਨ ਦਾ ਅਹਿਦ ਕਰਦਿਆਂ ਯੂਰੋਪੀਅਨ ਯੂਨੀਅਨ ਤੇ ਆਸੀਆਨ ਮੁਲਕਾਂ ਨਾਲ ਰਾਬਤਾ ਕੀਤਾ ਹੈ ਅਤੇ ਅਮਰੀਕਾ ਵਿਰੋਧੀ ਮੋਰਚਾ ਖੋਲ੍ਹਣ ਦੀ ਕੋਸ਼ਿਸ਼ ਆਰੰਭੀ ਹੈ। ਲੱਗਦਾ ਹੈ ਕਿ ਪੇਈਚਿੰਗ ਨੂੰ ਸਮਝ ਆ ਗਈ ਹੈ ਕਿ ਉਹ ਇਕੱਲਾ ਅਮਰੀਕਾ ਦਾ ਟਾਕਰਾ ਨਹੀਂ ਕਰ ਸਕਦਾ। ਦਿਲਚਸਪ ਗੱਲ ਇਹ ਹੈ ਕਿ ਚੀਨ ਨੇ ਭਾਰਤ ਵੱਲ ਵੀ ਹੱਥ ਵਧਾਇਆ ਹੈ ਤੇ ਕਿਹਾ ਹੈ ਕਿ ‘‘ਦੋ ਵੱਡੇ ਵਿਕਾਸਸ਼ੀਲ ਦੇਸ਼ਾਂ ਨੂੰ ਮੁਸ਼ਕਿਲਾਂ ਤੋਂ ਪਾਰ ਪਾਉਣ ਲਈ ਇਕੱਠੇ ਹੋਣਾ ਚਾਹੀਦਾ ਹੈ।’’ ਭਾਰਤ ਐਨੀ ਸਿਆਣਪ ਤਾਂ ਰੱਖਦਾ ਹੀ ਹੈ ਕਿ ਚੀਨ ਦੀ ਮੌਕਾਪ੍ਰਸਤੀ ਨੂੰ ਸਮਝ ਸਕੇ, ਫਿਰ ਵੀ ਇਹ ਰਸਤਾ ਸੌਖਾ ਤੈਅ ਨਹੀਂ ਹੋਵੇਗਾ, ਕਿਉਂਕਿ ਚੀਨ ਤੇ ਅਮਰੀਕਾ ਦੋਵੇਂ ਇਸ ਦੇ ਸਭ ਤੋਂ ਵੱਡੇ ਵਪਾਰਕ ਭਾਈਵਾਲ ਹਨ। ਜ਼ਾਹਿਰ ਹੈ ਕਿ ਆਉਣ ਵਾਲੇ ਸਮੇਂ ਵਿੱਚ ਸੰਸਾਰ ਪੱਧਰ ਤੇ ਨਵੇਂ ਸਿਰਿਓਂ ਵਪਾਰਕ ਰਿਸ਼ਤੇ ਬਣਨਗੇ। ਇਸ ਸੂਰਤ ਵਿੱਚ ਭਾਰਤ ਨੂੰ ਸਭ ਮੁਲਕਾਂ ਬਾਰੇ ਆਪਣੇ ਰਵੱਈਏ ਬਾਰੇ ਕਾਰਗਰ ਨਜ਼ਰਸਾਨੀ ਕਰਨੀ ਚਾਹੀਦੀ ਹੈ।