ਤਹੱਵੁਰ ਰਾਣਾ ਦੀ ਹਵਾਲਗੀ
ਮੁੰਬਈ ਦਹਿਸ਼ਤੀ ਹਮਲਿਆਂ ਦੇ ਕੇਸ ਦੇ ਮੁਲਜ਼ਮ ਤਹੱਵੁਰ ਰਾਣਾ ਨੂੰ ਵੀਰਵਾਰ ਵਿਸ਼ੇਸ਼ ਜਹਾਜ਼ ਰਾਹੀਂ ਅਮਰੀਕਾ ਤੋਂ ਦਿੱਲੀ ਲਿਆਂਦਾ ਗਿਆ, ਜਿਸ ਨੂੰ ਸਰਹੱਦ ਪਾਰ ਦਹਿਸ਼ਤਗਰਦੀ ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਅਹਿਮ ਪਲ ਵਜੋਂ ਦੇਖਿਆ ਜਾ ਰਿਹਾ ਹੈ। ਤਕਰੀਬਨ ਦੋ ਮਹੀਨੇ ਪਹਿਲਾਂ ਵਾਸ਼ਿੰਗਟਨ ਵਿੱਚ ਵ੍ਹਾਈਟ ਹਾਊਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਤਹੱਵੁਰ ਰਾਣਾ ਨੂੰ ਭਾਰਤ ਹਵਾਲੇ ਕਰਨ ਦੀ ਹਾਮੀ ਭਰੀ ਸੀ। ਹੁਣ ਉਸ ਦੇ ਇੱਥੇ ਪਹੁੰਚਣ ਤੋਂ ਬਾਅਦ ਭਾਰਤ ਦੀਆਂ ਜਾਂਚ ਏਜੰਸੀਆਂ ’ਤੇ ਨਜ਼ਰ ਰਹੇਗੀ ਕਿ ਉਹ ਨਵੰਬਰ 2008 ਵਿੱਚ ਹੋਏ ਦਹਿਸ਼ਤਗਰਦ ਹਮਲਿਆਂ ਵਿੱਚ ਉਸ ਦੀ ਭੂਮਿਕਾ ਨੂੰ ਨਿਰਧਾਰਤ ਕਰਨ ਵਿੱਚ ਕਿੰਨੀ ਤੇਜ਼ੀ ਅਤੇ ਸਾਬਤਕਦਮੀ ਨਾਲ ਕੰਮ ਕਰਦੀਆਂ ਹਨ। ਇਉਂ ਇਸ ਕੇਸ ਦੇ ਕੁਝ ਹੋਰ ਪਹਿਲੂ ਸਾਹਮਣੇ ਆ ਸਕਦੇ ਹਨ। ਇਨ੍ਹਾਂ ਦੇ ਆਧਾਰ ’ਤੇ ਦਹਿਸ਼ਤਗਰਦੀ ਖਿ਼ਲਾਫ਼ ਵਿਉਂਤਬੰਦੀ ਵਿੱਚ ਮਦਦ ਵੀ ਮਿਲ ਸਕਦੀ ਹੈ।
ਪਾਕਿਸਤਾਨੀ ਮੂਲ ਦੇ ਕੈਨੇਡੀਅਨ ਨਾਗਰਿਕ ਰਾਣਾ ਤੋਂ ਪੁੱਛ ਪੜਤਾਲ ਕਾਫ਼ੀ ਅਹਿਮ ਸਾਬਿਤ ਹੋ ਸਕਦੀ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਉਸ ਦੇ ਨਾ ਕੇਵਲ ਲਸ਼ਕਰ-ਏ-ਤੋਇਬਾ ਨਾਲ ਸਬੰਧ ਸਨ ਸਗੋਂ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਤੱਕ ਵੀ ਪਹੁੰਚ ਸੀ। ਇਨ੍ਹਾਂ ਹਮਲਿਆਂ ਵਿੱਚ 166 ਲੋਕ ਮਾਰੇ ਗਏ ਸਨ ਅਤੇ ਪਾਕਿਸਤਾਨ ਤੋਂ ਆਏ ਦਸ ਦਹਿਸ਼ਤਗਰਦਾਂ ’ਚੋਂ ਨੌਂ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਮੌਕੇ ’ਤੇ ਹੀ ਮਾਰੇ ਗਏ ਸਨ; ਅਜਮਲ ਕਸਾਬ ਨੂੰ ਕਾਬੂ ਕਰ ਲਿਆ ਸੀ ਜਿਸ ਨੂੰ 2012 ਵਿੱਚ ਫ਼ਾਂਸੀ ਦੇ ਦਿੱਤੀ ਗਈ ਸੀ। ਇਹ ਦਹਿਸ਼ਤਗਰਦ ਸੈਟੇਲਾਈਟ ਫੋਨਾਂ ਰਾਹੀਂ ਹਮਲੇ ਦੀ ਸਾਜ਼ਿਸ਼ ਰਚਣ ਵਾਲਿਆਂ ਅਤੇ ਆਪਣੇ ਹੈਂਡਲਰਾਂ ਨਾਲ ਸੰਪਰਕ ਵਿੱਚ ਸਨ। ਕੌਮੀ ਜਾਂਚ ਏਜੰਸੀ ਵੱਲੋਂ ਰਾਣਾ ਤੋਂ ਪੁੱਛ ਪੜਤਾਲ ਰਾਹੀਂ ਲਸ਼ਕਰ-ਏ-ਤੋਇਬਾ ਦੇ ਅਪਰੇਸ਼ਨਾਂ ਬਾਰੇ ਅਹਿਮ ਜਾਣਕਾਰੀਆਂ ਹਾਸਿਲ ਕੀਤੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਅਮਰੀਕੀ ਨਾਗਰਿਕ ਡੇਵਿਡ ਕੋਲਮੈਨ ਹੈਡਲੀ ਨਾਲ ਉਸ ਦੀ ਸਾਂਝ ਅਤੇ ਮੇਜਰ ਇਕਬਾਲ ਜਿਹੇ ਆਈਐੱਸਆਈ ਦੇ ਕਾਰਿੰਦਿਆਂ ਨਾਲ ਹੁੰਦੀ ਗੱਲਬਾਤ ਦੇ ਵੇਰਵਿਆਂ ਤੋਂ ਇਹ ਪਤਾ ਲੱਗ ਸਕਦਾ ਹੈ ਕਿ ਹਮਲਿਆਂ ਦੀ ਯੋਜਨਾ, ਫੰਡਿੰਗ ਅਤੇ ਹੋਰ ਮਦਦ ਮੁਤੱਲਕ ਉਸ ਨੂੰ ਕਿੰਨੀ ਕੁ ਜਾਣਕਾਰੀ ਸੀ।
ਉਂਝ, ਸਾਬਕਾ ਗ੍ਰਹਿ ਸਕੱਤਰ ਜੀਕੇ ਪਿੱਲੇ ਦਾ ਖ਼ਿਆਲ ਹੈ ਕਿ ਰਾਣਾ ਇਨ੍ਹਾਂ ਹਮਲਿਆਂ ਵਿੱਚ ‘ਛੋਟਾ ਖਿਡਾਰੀ’ ਸੀ ਤੇ ਉਸ ਦਾ ਕੰਮ ਹੈਡਲੀ ਲਈ ਸਾਜ਼ੋ-ਸਾਮਾਨ ਮੁਹੱਈਆ ਕਰਾਉਣ ਤੱਕ ਸੀਮਤ ਸੀ। ਇਸ ਦੇ ਕਈ ਪ੍ਰਮੁੱਖ ਪਾਤਰ ਹਾਲੇ ਵੀ ਪਾਕਿਸਤਾਨ ਵਿੱਚ ਮੌਜੂਦ ਹਨ ਜਿਨ੍ਹਾਂ ਵਿੱਚ ਲਸ਼ਕਰ ਦਾ ਅਪਰੇਸ਼ਨ ਕਮਾਂਡਰ ਜ਼ਕੀਉਰ ਰਹਿਮਾਨ ਲਖਵੀ, ਲਸ਼ਕਰ ਦਾ ਬਾਨੀ ਹਾਫ਼ਿਜ਼ ਸਈਦ, ਇਸ ਦਾ ਪ੍ਰਮੁੱਖ ਆਗੂ ਸਾਜਿਦ ਮੀਰ ਉਰਫ਼ ਸਾਜਿਦ ਮਜੀਦ ਅਤੇ ਸਾਬਕਾ ਆਈਐੱਸਆਈ ਅਫ਼ਸਰ ਮੇਜਰ ਇਕਬਾਲ ਤੋਂ ਇਲਾਵਾ ਡੇਵਿਡ ਕੋਲਮੈਨ ਹੈਡਲੀ ਸ਼ਾਮਿਲ ਸਨ। ਹੈਡਲੀ ਅਮਰੀਕੀ ਏਜੰਸੀਆਂ ਕੋਲ ਵਾਅਦਾ-ਮੁਆਫ਼ ਗਵਾਹ ਬਣਨ ਕਰ ਕੇ ਉਹ ਭਾਰਤ ਦੇ ਹਵਾਲੇ ਕੀਤੇ ਜਾਣ ਤੋਂ ਬਚ ਗਿਆ ਹੈ। ਜਾਂਚ ਏਜੰਸੀਆਂ ਨੂੰ ਰਾਣਾ ਖ਼ਿਲਾਫ਼ ਨਵੇਂ ਸਿਰੇ ਤੋਂ ਕੇਸ ਵਿਉਂਤਣਾ ਪਵੇਗਾ ਅਤੇ ਇਸ ਲਈ ਉਨ੍ਹਾਂ ਨੂੰ ਕਾਫ਼ੀ ਭੱਜ-ਨੱਸ ਕਰਨੀ ਪਵੇਗੀ ਤਾਂ ਕਿ ਇਸ ਕੇਸ ਦੀ ਅਹਿਮ ਕੜੀ ਨੂੰ ਜੋੜ ਕੇ ਪੀੜਤਾਂ ਲਈ ਇਨਸਾਫ਼ ਦਿਵਾਉਣ ਵਿੱਚ ਮਦਦ ਕੀਤੀ ਜਾ ਸਕੇ। ਪਾਕਿਸਤਾਨ ਦੇ ਰਵਾਇਤੀ ਰੁਖ਼ ਦੇ ਮੱਦੇਨਜ਼ਰ ਇਸ ਕੇਸ ਵਿੱਚ ਕਿਸੇ ਤਰ੍ਹਾਂ ਦੇ ਸਹਿਯੋਗ ਦੀ ਉਮੀਦ ਕਰਨ ਦਾ ਕੋਈ ਠੋਸ ਆਧਾਰ ਨਹੀਂ ਹੈ।