ਡੀਸੀ ਵੱਲੋਂ ਮੰਡੀਆਂ ’ਚੋਂ ਕਣਕ ਤੁਰੰਤ ਚੁੱਕਣ ਦੇ ਹੁਕਮ
ਜੋਗਿੰਦਰ ਸਿੰਘ ਮਾਨ
ਮਾਨਸਾ, 12 ਮਈ
ਖਰੀਦ ਕੇਂਦਰਾਂ ’ਚ ਚੁਕਾਈ ਲਈ ਪਈ ਕਣਕ ਦਾ ਆੜ੍ਹਤੀਆਂ ਅਤੇ ਮਜ਼ਦੂਰਾਂ ਵੱਲੋਂ ਪਾਏ ਗਏ ਰੌਲੇ-ਰੱਪੇ ਤੋਂ ਬਾਅਦ ਹੁਣ ਜ਼ਿਲ੍ਹਾ ਪ੍ਰਸ਼ਾਸਨ ਲਿਫਟਿੰਗ ਕਰਵਾਉਣ ਲਈ ਹਰਕਤ ਵਿੱਚ ਆਇਆ ਹੈ। ਭਾਵੇਂ ਹੁਣ ਕਣਕ ਦੀ ਕੋਈ ਵੀ ਢੇਰੀ ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਵਿਕਣ ਲਈ ਨਹੀਂ ਆ ਰਹੀ ਅਤੇ ਖਰੀਦ ਏਜੰਸੀਆਂ ਵੱਲੋਂ ਖਰੀਦ ਕੇ ਮੰਡੀਆਂ ਵਿੱਚ ਰੱਖੀ ਕਣਕ ਨੂੰ ਚੁੱਕਣ ਲਈ ਲਗਾਤਾਰ ਸੁਸਤੀ ਨੇ ਆੜ੍ਹਤੀਆਂ ਸਮੇਤ ਮਜ਼ਦੂਰਾਂ ਵਿੱਚ ਰੋਹ ਪੈਦਾ ਕਰ ਦਿੱਤਾ ਹੈ। ਹਿੰਦ-ਪਾਕਿ ਸਰਹੱਦੀ ਤਣਾਅ ਦੌਰਾਨ ਰਾਤ ਨੂੰ ਮਜ਼ਦੂਰਾਂ ਵੱਲੋਂ ਕਣਕ ਦੀ ਰਾਖੀ ਕਰਨ ਲਈ ਖਰੀਦ ਕੇਂਦਰਾਂ ਵਿੱਚ ਰਾਤਾਂ ਗੁਜਾਰਨੀਆਂ ਪੈ ਰਹੀਆਂ ਹਨ ਅਤੇ ਜਦੋਂ ਹੀ ਇਹ ਮਾਮਲਾ ਅਖ਼ਬਾਰਾਂ ਰਾਹੀਂ ਡਿਪਟੀ ਕਮਿਸ਼ਨਰ ਕੋਲ ਪੁੱਜਿਆ ਤਾਂ ਉਨ੍ਹਾਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਦੀ ਖਿਚਾਈ ਕਰਦਿਆਂ ਤੁਰੰਤ ਮੰਡੀਆਂ ਵਿੱਚੋਂ ਕਣਕ ਦੀ ਲਿਫਟਿੰਗ ਕਰਵਾਉਣ ਸਖ਼ਤ ਆਦੇਸ਼ ਜਾਰੀ ਕੀਤੇ ਹਨ।
ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਕਣਕ ਦੀ ਖਰੀਦ ਦਾ ਕੰਮ ਕਰੀਬ ਆਖ਼ਰੀ ਪੜਾਅ ’ਤੇ ਹੈ ਅਤੇ ਕਿਸਾਨਾਂ ਵੱਲੋਂ ਮੰਡੀਆਂ ਅੰਦਰ ਲਿਆਂਦੀ ਗਈ ਫ਼ਸਲ ਦੀ ਜਿੱਥੇ ਨਿਰਵਿਘਨਤਾ ਨਾਲ ਖਰੀਦ ਕੀਤੀ ਗਈ ਹੈ, ਉੱਥੇ ਹੀ ਲਿਫਟਿੰਗ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ਅੰਦਰ ਕਰੀਬ 96 ਫੀਸਦੀ ਖਰੀਦ ਦਾ ਕੰਮ ਮੁਕੰਮਲ ਹੋ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕੁੱਲ 6 ਲੱਖ 53 ਹਜ਼ਾਰ 636 ਮੀਟਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 6 ਲੱਖ 48 ਹਜ਼ਾਰ 273 ਮੀਟਰਿਕ ਟਨ ਕਣਕ ਦੀ ਖਰੀਦ ਵੀ ਕੀਤੀ ਜਾ ਚੁੱਕੀ ਹੈ ਅਤੇ ਮੰਡੀਆਂ ਵਿੱਚੋਂ ਖਰੀਦ ਕੀਤੀ ਗਈ ਫ਼ਸਲ ਵਿੱਚੋਂ 5 ਲੱਖ 87 ਹਜ਼ਾਰ 38 ਮੀਟਰਿਕ ਟਨ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ।
ਸਰਕਾਰੀ ਅੰਕੜਿਆਂ ਅਨੁਸਾਰ ਅਜੇ ਵੀ ਮਾਨਸਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 66,598 ਮੀਟਰਿਕ ਟਨ ਕਣਕ ਲਿਫਟਿੰਗ ਹੋਣ ਵੰਨੀਓਂ ਪਈ ਹੈ। ਉਨ੍ਹਾਂ ਦੱਸਿਆ ਕਿ ਖਰੀਦੀ ਗਈ ਕਣਕ ਬਦਲੇ ਕਿਸਾਨਾਂ ਨੂੰ 1500.54 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ
ਇਸੇ ਦੌਰਾਨ ਜ਼ਿਲ੍ਹਾ ਫੂਡ ਤੇ ਸਿਵਲ ਸਪਲਾਈ ਕੰਟਰੋਲਰ ਮਨਦੀਪ ਸਿੰਘ ਮਾਨ ਨੇ ਦੱਸਿਆ ਕਿ ਪਨਗਰੇਨ ਵੱਲੋਂ 2 ਲੱਖ 3 ਹਜ਼ਾਰ 764 ਮੀਟਰਿਕ ਟਨ, ਮਾਰਕਫੈੱਡ ਵੱਲੋਂ 1 ਲੱਖ 74 ਹਜ਼ਾਰ 343 ਮੀਟਰਕ ਟਨ, ਪਨਸਪ ਵੱਲੋਂ 1 ਲੱਖ 59 ਹਜ਼ਾਰ 186, ਪੰਜਾਬ ਵੇਅਰਹਾਊਸ ਵੱਲੋਂ 88 ਹਜ਼ਾਰ 667 ਮੀਟਰਿਕ ਟਨ ਅਤੇ ਪ੍ਰਾਈਵੇਟ ਵਪਾਰੀਆਂ ਵੱਲੋਂ 22 ਹਜ਼ਾਰ 311 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।