ਟਾਹਲੀ ਉੱਤੇ ਬੈਠ ਤੋਤਿਆ...
ਜੋਗਿੰਦਰ ਕੌਰ ਅਗਨੀਹੋਤਰੀ
ਕੁਦਰਤ ਦੇ ਰੰਗ ਨਿਆਰੇ ਹਨ। ਕਹਿੰਦੇ ਹਨ ਕਿ ਮਨੁੱਖ ਸਮੇਤ 84 ਲੱਖ ਜੂਨੀਆਂ ਹਨ। 84 ਭਾਵੇਂ ਕਿਸੇ ਨੇ ਗਿਣੀਆਂ ਨਹੀਂ, ਪਰ ਇਸ ਤੋਂ ਵੱਧ ਵੀ ਹੋ ਸਕਦੀਆਂ ਹਨ। ਭਿੰਨ ਭਿੰਨ ਪ੍ਰਕਾਰ ਦੇ ਕੀਟ ਪਤੰਗਿਆਂ ਤੋਂ ਇਲਾਵਾ ਕੀੜੇ ਮਕੌੜਿਆਂ ਨੂੰ ਦੇਖਦੇ ਹਾਂ ਤਾਂ ਇੰਜ ਲੱਗਦਾ ਹੈ ਜਿਵੇਂ ਪਤਾ ਨਹੀਂ ਕਿੰਨੇ ਕੁ ਹੋਣਗੇ। ਭਾਵੇਂ ਵਿਗਿਆਨੀਆਂ ਨੇ ਵੱਖ ਵੱਖ ਨਸਲਾਂ ਦੇ ਪਸ਼ੂ-ਪੰਛੀਆਂ, ਜੀਵ-ਜੰਤੂਆਂ ਬਾਰੇ ਦੱਸਿਆ ਹੈ, ਪ੍ਰੰਤੂ ਕੁੱਝ ਕੁ ਕੀਟ-ਪਤੰਗਾਂ ਜਾਂ ਜੀਵ ਜੰਤੂਆਂ ਨੂੰ ਅਸੀਂ ਨਵਿਆਂ ਵਜੋਂ ਦੇਖਦੇ ਹਾਂ। ਕੁੱਝ ਪੁਰਾਣੀਆਂ ਜਾਤੀਆਂ ਲੁਪਤ ਹੋ ਗਈਆਂ ਹਨ ਅਤੇ ਉਨ੍ਹਾਂ ਦੀ ਥਾਂ ’ਤੇ ਨਵੀਆਂ ਜਾਤੀਆਂ ਪੈਦਾ ਹੋ ਗਈਆਂ ਹਨ। ਉਦਾਹਰਨ ਦੇ ਤੌਰ ’ਤੇ ਗਿਰਝਾਂ ਅਤੇ ਘੋਗੜ ਦੋ ਪ੍ਰਜਾਤੀਆਂ ਬਿਲਕੁਲ ਲੁਪਤ ਹਨ। ਹੋਰ ਵੀ ਪੰਛੀਆਂ ਅਤੇ ਪਸ਼ੂਆਂ, ਕੀਟ-ਪਤੰਗਾਂ ਅਤੇ ਜਾਨਵਰਾਂ ਨੂੰ ਦੇਖਦੇ ਹਾਂ। ਸਾਉਣ ਦੇ ਮਹੀਨੇ ਵਿੱਚ ਮੀਂਹ ਪੈਣ ਤੋਂ ਬਾਅਦ ਧਰਤੀ ’ਚੋਂ ਨਿਕਲੀ ਟੀਟ/ਚੀਚ ਵਹੁਟੀ ਹੁਣ ਬਹੁਤ ਘੱਟ ਦਿਖਾਈ ਦਿੰਦੀ ਹੈ। ਇਹ ਲਾਲ ਰੰਗ ਦੀ ਟੀਟ/ਚੀਚ ਵਹੁਟੀ ਸ਼ਨੀਲ ਦੇ ਕੱਪੜੇ ਵਰਗੀ ਲੱਗਦੀ ਹੈ।
ਇਸ ਤਰ੍ਹਾਂ ਹਰ ਪੰਛੀ ਦੀ ਆਪਣੀ ਆਪਣੀ ਥਾਂ ਹੈ। ਚਿੜੀਆਂ ਵੀ ਸਾਡੀ ਪ੍ਰਕਿਰਤੀ ਵਿੱਚ ਵਿਸ਼ੇਸ਼ ਥਾਂ ਰੱਖਦੀਆਂ ਹਨ। ਘਰ ਵਿੱਚ ਫਿਰਦੀਆਂ ਚਿੜੀਆਂ ਜਦ ਛੱਤਾਂ ਵਿੱਚ ਆਲ੍ਹਣੇ ਪਾਉਂਦੀਆਂ ਤਾਂ ਘਰਾਂ ਦੀ ਰੌਣਕ ਦੁੱਗਣੀ ਹੋ ਜਾਂਦੀ। ਸਵੇਰੇ ਉੱਠ ਕੇ ਚੀਂ ਚੀਂ ਕਰਨ ਵਾਲੀਆਂ ਚਿੜੀਆਂ ਮਨੁੱਖਾਂ ਨੂੰ ਵੀ ਉੱਠਣ ਲਈ ਪ੍ਰੇਰਿਤ ਕਰਦੀਆਂ। ਇਸੇ ਤਰ੍ਹਾਂ ਪੰਛੀਆਂ ਵਿੱਚ ਤੋਤਾ ਵੀ ਇੱਕ ਅਜਿਹਾ ਪੰਛੀ ਹੈ ਜੋ ਮਨੁੱਖ ਦੀ ਭਾਸ਼ਾ ਸਿੱਖ ਕੇ ਬੋਲ ਸਕਦਾ ਹੈ। ਖਾਣ ਪੀਣ ਵਿੱਚ ਤੋਤਾ ਬਹੁਤ ਹੁਸ਼ਿਆਰ ਹੈ। ਇਹ ਮਿੱਠੇ ਫ਼ਲਾਂ ਦਾ ਸ਼ੌਕੀਨ ਹੈ। ਇਹ ਬੇਰ, ਅਮਰੂਦ ਆਦਿ ਤੋੜ ਕੇ ਦੂਰ ਦੂਰ ਤੱਕ ਲੈ ਜਾਂਦਾ ਹੈ ਅਤੇ ਰੁੱਖ ’ਤੇ ਬੈਠ ਕੇ ਖਾਂਦਾ ਹੈ। ਤੋਤਾ ਤਾਂ ਹਰੀਆਂ ਮਿਰਚਾਂ ਵੀ ਤੋੜ ਕੇ ਲੈ ਜਾਂਦਾ ਹੈ।
ਹਰੇ ਰੰਗ ਦਾ ਤੋਤਾ ਜਿਸ ਦੀ ਚੁੰਝ ਲਾਲ ਹੁੰਦੀ ਹੈ, ਇਹ ਸਭ ਨੂੰ ਬਹੁਤ ਪਿਆਰਾ ਲੱਗਦਾ ਹੈ। ਇਹ ਆਮ ਕਰਕੇ ਦਰੱਖਤਾਂ ਖ਼ਾਸ ਕਰਕੇ ਨਿੰਮ ਜਾਂ ਟਾਹਲੀ ਦੀਆਂ ਖੋੜਾਂ ਵਿੱਚ ਰਹਿੰਦਾ ਹੈ। ਕਈ ਵਾਰ ਬੱਚੇ ਜਦੋਂ ਇਸ ਦੇ ਬੱਚਿਆਂ ਨੂੰ ਇਨ੍ਹਾਂ ਖੋੜਾਂ ਵਿੱਚੋਂ ਕੱਢਣ ਦਾ ਯਤਨ ਕਰਦੇ ਹਨ ਤਾਂ ਕਈ ਵਾਰ ਤੋਤੇ ਜਾਂ ਤੋਤੀਆਂ ਦੰਦੀ ਵੀ ਵੱਢ ਲੈਂਦੇ ਹਨ। ਤੋਤੇ ਦੇ ਰੰਗ ਤੋਂ ਪ੍ਰਭਾਵਿਤ ਹੋ ਕੇ ਔਰਤਾਂ ਤੋਤੇ ਰੰਗਾ ਸੂਟ ਸੰਵਾਉਣਾ ਪਸੰਦ ਕਰਦੀਆਂ ਹਨ। ਕਈ ਵਾਰ ਔਰਤਾਂ ਤੋਤੇ ਰੰਗੇ ਸੂਟ ਨਾਲ ਲਾਲ ਚੁੰਨੀ ਲੈ ਲੈਂਦੀਆਂ ਹਨ। ਉਹ ਵੀ ਬਹੁਤ ਸੋਹਣੀ ਲੱਗਦੀ ਹੈ। ਅਜਿਹੀਆਂ ਸ਼ੌਕੀਨ ਔਰਤਾਂ ਨੂੰ ਦੇਖ ਕੇ ਕਈ ਮਨਚਲੇ ਨੌਜਵਾਨ ਇਹ ਵੀ ਕਹਿ ਦਿੰਦੇ ਹਨ ਕਿ ਤੋਤਾ ਤਾਂ ਬਿਨਾਂ ਖੰਭਾਂ ਤੋਂ ਹੀ ਉੱਡਿਆ ਫਿਰਦਾ ਹੈ।
ਤੋਤੇ ਨੂੰ ਪਾਲਤੂ ਬਣਾਇਆ ਜਾਂਦਾ ਹੈ। ਸਾਰੇ ਤੋਤੇ ਬੋਲਣ ਵਿੱਚ ਮਾਹਿਰ ਨਹੀਂ ਬਣਦੇ। ਕੁੱਝ ਵਿਸ਼ੇਸ਼ ਕਿਸਮ ਦੇ ਤੋਤੇ ਜਾਂ ਤੋਤੀਆਂ ਮਨੁੱਖ ਦੀ ਨਕਲ ਕਰਦੇ ਹਨ। ਇਨ੍ਹਾਂ ਨੂੰ ਲਾਲ ਮੋਢਿਆਂ ਵਾਲੇ ਤੋਤੇ-ਤੋਤੀਆਂ ਵੀ ਕਿਹਾ ਜਾਂਦਾ ਹੈ। ਘਰ ਵਿੱਚ ਜਦੋਂ ਵੀ ਕੋਈ ਬੋਲਦਾ ਹੈ ਤਾਂ ਇਹ ਉਹੀ ਸਿੱਖ ਲੈਂਦਾ ਹੈ ਅਤੇ ਜਵਾਬ ਦੇਣਾ ਵੀ ਇਨ੍ਹਾਂ ਨੂੰ ਆਉਂਦਾ ਹੈ ਤਾਂ ਹੀ ਤਾਂ ਇਸ ਨੂੰ ਲਟਪਟ ਪੰਛੀ ਕਿਹਾ ਜਾਂਦਾ ਹੈ।
ਸੋਹਣੇ ਰੰਗ ਅਤੇ ਮਨੁੱਖੀ ਬੋਲੀ ਬੋਲਣ ਕਾਰਨ ਤੋਤਾ ਲੋਕਾਂ ਦਾ ਮਨਭਾਉਂਦਾ ਪੰਛੀ ਹੈ। ਸ਼ੌਕ ਵਜੋਂ ਇਸ ਨੂੰ ਲੋਕ ਪਾਲਦੇ ਵੀ ਹਨ ਅਤੇ ਆਪਣੀ ਬੋਲੀ ਬੋਲਣ ਲਈ ਕਹਿੰਦੇ ਹਨ। ਪਾਲਤੂ ਤੋਤਿਆਂ ਨੂੰ ਘਰਾਂ ਵਿੱਚ ਫ਼ਲਾਂ ਤੋਂ ਇਲਾਵਾ ਚੂਰੀ ਵੀ ਪਾਈ ਜਾਂਦੀ ਹੈ ਅਤੇ ਉਨ੍ਹਾਂ ਨੂੰ ਕਾਜੂ, ਬਦਾਮ ਵੀ ਪਾਏ ਜਾਂਦੇ ਹਨ। ਤੋਤੇ ਨੂੰ ਪਿੰਜਰੇ ਵਿੱਚ ਰੱਖਿਆ ਜਾਂਦਾ ਹੈ ਅਤੇ ਕੁੱਝ ਸਮੇਂ ਲਈ ਬਾਹਰ ਵੀ ਕੱਢਿਆ ਜਾਂਦਾ ਹੈ। ਇਸ ਤਰ੍ਹਾਂ ਲੋਕ ਗੀਤਾਂ ਵਿੱਚ ਤੋਤੇ ਦਾ ਜ਼ਿਕਰ ਤਰ੍ਹਾਂ ਤਰ੍ਹਾਂ ਦੇ ਭਾਵਾਂ ਨੂੰ ਜ਼ਾਹਰ ਕਰਨ ਲਈ ਕੀਤਾ ਜਾਂਦਾ ਹੈ। ਕੋਈ ਸਮਾਂ ਇਹੋ ਜਿਹਾ ਵੀ ਹੁੰਦਾ ਸੀ ਜਦੋਂ ਮਾਤਾ-ਪਿਤਾ ਦੀ ਮਜਬੂਰੀ ਕਾਰਨ ਕਈ ਵਾਰ ਕੁੜੀ ਨੂੰ ਵੱਡੀ ਉਮਰ ਦੇ ਵਿਅਕਤੀ ਨਾਲ ਵੀ ਵਿਆਹ ਦਿੱਤਾ ਜਾਂਦਾ ਸੀ। ਉਸ ਵੇਲੇ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਇਹੋ ਜਿਹੇ ਗੀਤ ਲੋਕ ਗੀਤਾਂ ਵਿੱਚ ਆ ਕੇ ਰਲੇ;
ਰਾਇਆ, ਰਾਇਆ, ਰਾਇਆ
ਟੁੱਟ ਪੈਣੇ ਤੋਤੇ ਨੇ
ਮੇਰੀ ਗੁੱਤ ’ਤੇ ਆਲ੍ਹਣਾ ਪਾਇਆ।
ਸ਼ੀਸ਼ੀਏ ਬਦਾਮੀ ਰੰਗੀਏ
ਚਿੱਟੀ ਪੱਗ ਨੂੰ ਦਾਗ ਨਾ ਲਾਇਆ।
ਰੋਂਦੀ ਮਾਂ ਕੋਲੇ
ਹਾਣ ਦਾ ਮੁੰਡਾ ਨਾ ਥਿਆਇਆ।
ਇਸੇ ਤਰ੍ਹਾਂ ਜਦੋਂ ਦੋ ਪ੍ਰੇਮੀ ਆਪਸ ਵਿੱਚ ਨਾ ਮਿਲ ਸਕਣ ਜਾਂ ਸਮਾਜ ਵੱਲੋਂ ਉਨ੍ਹਾਂ ਦਾ ਵਿਰੋਧ ਕੀਤੇ ਜਾਣ ’ਤੇ ਦੋਵੇਂ ਇੱਕ ਦੂਜੇ ਤੋਂ ਵਿੱਛੜ ਜਾਣ ਤਾਂ ਵੀ ਇਸ ਤਰ੍ਹਾਂ ਜ਼ਿਕਰ ਕੀਤਾ ਜਾਂਦਾ ਹੈ;
ਰਾਇਆ, ਰਾਇਆ, ਰਾਇਆ
ਟੁੱਟ ਪੈਣੇ ਤੋਤੇ ਨੇ
ਮੇਰੀ ਗੁੱਤ ’ਤੇ ਆਲ੍ਹਣਾ ਪਾਇਆ
ਸ਼ੀਸ਼ੀਏ ਬਦਾਮੀ ਰੰਗੀਏ
ਚਿੱਟੀ ਪੱਗ ਨੂੰ ਦਾਗ ਨਾ ਲਾਇਆ
ਚੁਗਦੇ ਹੰਸਾਂ ਦਾ
ਰੱਬ ਨੇ ਵਿਛੋੜਾ ਪਾਇਆ।
ਸਾਡੇ ਸਮਾਜ ਦੀ ਬਾਜ਼ ਅੱਖ ਹਰ ਬੰਦੇ ’ਤੇ ਹੁੰਦੀ ਹੈ। ਸਾਧਾਰਨ ਵਿਅਕਤੀ ਨੂੰ ਲੋਕ ਸਾਧਾਰਨ ਸਮਝਦੇ ਨੇ, ਪ੍ਰੰਤੂ ਜੇਕਰ ਸ਼ੌਕੀਨ ਵਿਅਕਤੀ ਜਾਂ ਔਰਤ ਕੋਈ ਵਧੀਆ ਕੱਪੜੇ ਪਾ ਲਵੇ ਤਾਂ ਉਸ ਨੂੰ ਦੇਖ ਕੇ ਕੁੱਝ ਨਾ ਕੁੱਝ ਜ਼ਰੂਰ ਬੋਲਦੇ ਹਨ, ਹੋਰ ਨਹੀਂ ਤਾਂ ਲੋਕ ਗੀਤਾਂ ਦਾ ਸਹਾਰਾ ਲੈ ਕੇ ਨਵੇਂ ਗੀਤ ਬਣਾ ਦਿੰਦੇ ਹਨ।
ਤੋਤਾ ਮਨੁੱਖਾਂ ਵਾਲੀ ਭਾਸ਼ਾ ਸਿੱਖਦਾ ਹੈ ਅਤੇ ਬੋਲਦਾ ਹੈ। ਕਈ ਵਾਰ ਜਦੋਂ ਕੋਈ ਬੰਦਾ ਕਿਸੇ ਦੇ ਮਗਰ ਲੱਗੇ ਤਾਂ ਉਸ ਨੂੰ ਲੋਕ ਚਾਬੀ ਵਾਲਾ ਤੋਤਾ ਵੀ ਕਹਿ ਦਿੰਦੇ ਹਨ ਕਿਉਂਕਿ ਖਿਡਾਉਣੇ ਤੋਤਿਆਂ ਵਿੱਚ ਚਾਬੀ ਵਾਲਾ ਤੋਤਾ ਵੀ ਦੂਜੇ ਤੋਤੇ ਵਾਂਗ ਬੋਲਦਾ ਹੈ ਤੇ ਇਸ ਲਈ ਇਸ ਨੂੰ ਸੱਚ ਕਰਨ ਲਈ ਲੋਕ ਉਸ ਮਨੁੱਖ ਨੂੰ ਚਾਬੀ ਵਾਲਾ ਤੋਤਾ ਵੀ ਕਹਿ ਦਿੰਦੇ ਹਨ। ਤੋਤਾ ਜਿਊਂਦਾ ਹੋਵੇ ਜਾਂ ਬਣਾਉਟੀ, ਬੱਚਿਆਂ ਨੂੰ ਬਹੁਤ ਪਸੰਦ ਹੈ। ਬੱਚਿਆਂ ਦੇ ਖਿਡੌਣਿਆਂ ਵਿੱਚ ਤੋਤਾ ਹਮੇਸ਼ਾਂ ਸ਼ਾਮਲ ਹੁੰਦਾ ਹੈ।
ਤੋਤੇ ਨੂੰ ਚਲਾਕ ਪੰਛੀ ਸਮਝਿਆ ਜਾਂਦਾ ਹੈ ਕਿਉਂਕਿ ਉਹ ਦੇਖਦੇ ਦੇਖਦੇ ਹੀ ਰੁੱਖਾਂ ਤੋਂ ਫ਼ਲ ਤੋੜ ਕੇ ਲੈ ਜਾਂਦਾ ਹੈ। ਤੋਤੇ ਦੀ ਚਲਾਕੀ ਦੀ ਗੱਲ ਲੋਕ ਗੀਤਾਂ ਵਿੱਚ ਇੰਜ ਕੀਤੀ ਜਾਂਦੀ ਹੈ;
ਉੱਡਿਆ ਸੀ ਤਿਲੀਅਰ ਤੋਤਾ
ਸੱਗੀ ’ਤੇ ਬਹਿ ਗਿਆ ਨੀਂ।
ਸੱਗੀ ਦੀ ਆਬ ਗਵਾ ਗਿਆ
ਰਸ ਫੁੱਲੀਆਂ ਦਾ ਲੈ ਗਿਆ ਨੀਂ।
ਡਰਦੀ ਹਾਂ ਸਿੰਘ ਜੀ ਕੋਲੋਂ
ਮੁੱਖੋਂ ਨਾ ਬੋਲਦਾ ਨੀਂ।
ਤੋਤੇ ਦੀ ਸੁੰਦਰਤਾ ਦੇਖ ਕੇ ਇਸ ਨੂੰ ਬੁਝਾਰਤਾਂ ਵਿੱਚ ਵੀ ਲਿਆਂਦਾ ਗਿਆ;
ਹਰੀ ਚੁੰਨੀ, ਲਾਲ ਕਿਨਾਰੀ
ਤੂੰ ਟੁੱਟ ਪੈਣਿਆਂ
ਮੇਰੇ ਇੱਟ ਕਿਉਂ ਮਾਰੀ।
ਅੱਸੂ-ਕੱਤੇ ਪੱਕੇ ਹੋਏ ਬਾਜਰੇ ਦੀ ਫ਼ਸਲ ਨੂੰ ਤੋਤਿਆਂ ਤੋਂ ਬਚਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਦੀ ਰਾਖੀ ਬੈਠ ਕੇ ਕਰਨੀ ਪੈਂਦੀ ਹੈ। ਇਹ ਤੋਤੇ ਸਿੱਟੇ ਵੀ ਤੋੜ ਕੇ ਨਾਲ ਲੈ ਜਾਂਦੇ ਹਨ। ਸੋ ਤੋਤਾ ਦੂਜੇ ਪੰਛੀਆਂ ਨਾਲੋਂ ਵੱਧ ਚਲਾਕ ਅਤੇ ਸ਼ਰਾਰਤੀ ਹੁੰਦਾ ਹੈ।
ਸੰਪਰਕ: 94178-40323