ਜੱਲ੍ਹਿਆਂਵਾਲੇ ਬਾਗ਼ ਦਾ ਖੂਨੀ ਸਾਕਾ
ਦਲਜੀਤ ਰਾਏ ਕਾਲੀਆ
ਭਾਰਤ ਦੀ ਆਜ਼ਾਦੀ ਲਈ ਵੱਖ-ਵੱਖ ਲਹਿਰਾਂ ਚੱਲੀਆਂ ਅਤੇ ਕਈ ਮਹੱਤਵਪੂਰਨ ਘਟਨਾਵਾਂ ਵਾਪਰੀਆਂ। 1857 ਵਿੱਚ ਅੰਗਰੇਜ਼ਾਂ ਖਿਲਾਫ਼ ਪਹਿਲੀ ਚੰਗਿਆੜੀ ਭੜਕੀ, ਪਰ ਉਨ੍ਹਾਂ ਨੇ ਇਸ ਨੂੰ ਦਬਾਅ ਦਿੱਤਾ। ਕੌਮੀ ਪਰਵਾਨਿਆਂ ਦੇ ਦਿਲਾਂ ਵਿੱਚ ਦੇਸ਼ ਨੂੰ ਆਜ਼ਾਦ ਕਰਾਉਣ ਦੀ ਜੋ ਲਗਨ ਸੀ, ਉਹ ਸਦੀਵੀ ਰੂਪ ਵਿੱਚ ਨਾ ਦੱਬ ਸਕੀ। 1885 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਹੋਈ ਜਿਸ ਨੇ ਰਾਸ਼ਟਰੀ ਚੇਤਨਾ ਪੈਦਾ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ। ਅੰਗਰੇਜ਼ਾਂ ਨੇ ਭਾਰਤੀਆਂ ਉੱਪਰ ਬਹੁਤ ਸਾਰੇ ਵਹਿਸ਼ੀਆਨਾ ਜ਼ੁਲਮ ਢਾਹੇ। 20ਵੀਂ ਸਦੀ ਦੇ ਆਰੰਭਕ ਸਾਲਾਂ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ। 1905 ਵਿੱਚ ਬੰਗਾਲ ਦੀ ਵੰਡ ਕਰ ਦਿੱਤੀ ਗਈ। 1907 ਵਿੱਚ ਪਗੜੀ ਸੰਭਾਲ ਜੱਟਾ ਲਹਿਰ ਚੱਲੀ। 1910 ਵਿੱਚ ਹਾਰਡਿੰਗ ਬੰਬ ਕੇਸ, 1914 ਵਿੱਚ ਗ਼ਦਰ ਲਹਿਰ, 1919 ਵਿੱਚ ਜੱਲ੍ਹਿਆਂਵਾਲੇ ਬਾਗ਼ ਦਾ ਸਾਕਾ, 1920 ਵਿੱਚ ਗੁਰਦੁਆਰਾ ਸੁਧਾਰ ਲਹਿਰ, 1921-22 ਵਿੱਚ ਬੱਬਰ ਅਕਾਲੀ ਆਦਿ ਲਹਿਰਾਂ ਅਤੇ ਘਟਨਾਵਾਂ ਸਦਕਾ ਅੰਗਰੇਜ਼ਾਂ ਪ੍ਰਤੀ ਭਾਰਤੀਆਂ ਦੇ ਦਿਲਾਂ ਵਿੱਚ ਨਫ਼ਰਤ ਬਹੁਤ ਵਧ ਗਈ।
ਜੱਲ੍ਹਿਆਂਵਾਲੇ ਬਾਗ਼ ਦਾ ਖੂਨੀ ਸਾਕਾ ਬਹੁਤ ਹੀ ਮਹੱਤਵਪੂਰਨ ਘਟਨਾ ਸੀ ਜਿਸ ਨੇ ਰਾਸ਼ਟਰੀ ਆਜ਼ਾਦੀ ਦੇ ਅੰਦੋਲਨ ਨੂੰ ਨਵਾਂ ਮੋੜ ਦਿੱਤਾ। ਇਹ ਬਰਤਾਨਵੀ ਸ਼ਾਸਨ ਕਾਲ ਦੀ ਸਭ ਤੋਂ ਸ਼ਰਮਨਾਕ ਅਤੇ ਘਿਨਾਉਣੀ ਘਟਨਾ ਸੀ। ਜੱਲ੍ਹਿਆਂਵਾਲੇ ਬਾਗ਼ ਦੇ ਖੂਨੀ ਸਾਕੇ ਬਾਰੇ ਗੱਲ ਕਰਨ ਤੋਂ ਪਹਿਲਾਂ ਥੋੜ੍ਹਾ ਜਿਹਾ ਇਸ ਘਟਨਾ ਦੇ ਪਿਛੋਕੜ ਨੂੰ ਜਾਣ ਲੈਣਾ ਜ਼ਰੂਰੀ ਹੈ। ਪਹਿਲੇ ਸੰਸਾਰ ਯੁੱਧ ਸਮੇਂ ਅੰਗਰੇਜ਼ਾਂ ਨੇ ਪੰਜਾਬ ਵਿੱਚੋਂ ਬਹੁਤ ਸਾਰੇ ਫੌਜੀ ਜਬਰੀ ਭਰਤੀ ਕੀਤੇ ਤੇ ਫੰਡ ਵੀ ਜਬਰੀ ਉਗਰਾਹਿਆ। ਭਰਤੀ ਹੋਣ ਤੋਂ ਇਨਕਾਰ ਕਰਨ ’ਤੇ 150 ਬੰਦੇ ਗ੍ਰਿਫ਼ਤਾਰ ਕੀਤੇ ਗਏ ਅਤੇ ਕਈਆਂ ਨੂੰ ਸਜ਼ਾ ਵੀ ਹੋਈ। ਅੰਗਰੇਜ਼ਾਂ ਦਾ ਇਸ ਤਰ੍ਹਾਂ ਦਾ ਜਬਰ, ਵਧਦੀਆਂ ਕੀਮਤਾਂ ਅਤੇ ਆਮਦਨ ਕਰ ਵਿੱਚ ਵਾਧਾ ਹੋ ਜਾਣ ਨਾਲ ਜਨਤਾ ਨੂੰ ਭਾਰੀ ਬੇਚੈਨੀ ਹੋਈ। ਭਾਰਤੀਆਂ ਨੂੰ ਆਸ ਸੀ ਕਿ ਜੰਗ ਦੇ ਖਾਤਮੇ ਪਿੱਛੋਂ ਬਰਤਾਨਵੀ ਹਕੂਮਤ ਉਨ੍ਹਾਂ ਨੂੰ ਕੁਝ ਵਿਸ਼ੇਸ਼ ਰਿਆਇਤਾਂ ਦੇਵੇਗੀ, ਪਰ ਗੋਰੀ ਸਰਕਾਰ ਨੇ ਜੰਗ ਦਾ ਖਾਤਮਾ ਨੇੜੇ ਦੇਖ ਕੇ 22 ਅਪਰੈਲ, 1918 ਨੂੰ ਮਾਨਟੈਂਗੋ- ਚੈਮਸਫੋਰਡ ਯੋਜਨਾ ਸਾਹਮਣੇ ਲਿਆਂਦੀ। 11 ਨਵੰਬਰ, 1918 ਨੂੰ ਜੰਗ ਖ਼ਤਮ ਹੋਈ। 6 ਫਰਵਰੀ 1919 ਨੂੰ ਸਿਡਨੀ ਰੌਲੇਟ ਨੇ ਇੰਪੀਰੀਅਲ ਲੈਜਿਸਲੇਟਿਵ ਵਿੱਚ ਇੱਕ ਬਿੱਲ ਪੇਸ਼ ਕੀਤਾ ਜਿਹੜਾ ਭਾਰਤੀਆਂ ਦੇ ਹੱਕਾਂ ’ਤੇ ਡਾਕਾ ਸੀ। ਸਾਰੇ ਭਾਰਤੀਆਂ ਨੇ ਇਸ ਬਿਲ ਦੇ ਵਿਰੁੱਧ ਆਪਣਾ ਪ੍ਰਤੀਕਰਮ ਦਿੱਤਾ, ਪਰ ਸਰਕਾਰ ਨੇ ਰੌਲੇਟ ਐਕਟ ਵਰਗਾ ਕਾਲਾ ਕਾਨੂੰਨ 21 ਮਾਰਚ, 1919 ਨੂੰ ਪਾਸ ਕਰ ਦਿੱਤਾ। ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਰੌਲੇਟ ਐਕਟ ਦੇ ਵਿਰੁੱਧ ਹੜਤਾਲਾਂ ਕੀਤੀਆਂ ਗਈਆਂ। 30 ਮਾਰਚ, 1919 ਨੂੰ ਅੰਮ੍ਰਿਤਸਰ ਸ਼ਹਿਰ ਵਿੱਚ ਇਸ ਐਕਟ ਦੇ ਵਿਰੋਧ ਵਿੱਚ ਮੁਕੰਮਲ ਹੜਤਾਲ ਹੋਈ। ਸਰਕਾਰ ਇਸ ਹੜਤਾਲ ਦੀ ਕਾਮਯਾਬੀ ਵੇਖ ਕੇ ਘਬਰਾ ਉੱਠੀ।
9 ਅਪਰੈਲ ਨੂੰ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੇ ਰਲ ਕੇ ਰਾਮ ਨੌਮੀ ਦਾ ਤਿਉਹਾਰ ਮਨਾਇਆ। ਸਦਭਾਵਨਾ ਭਰਿਆ ਜਲੂਸ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਗੁਜ਼ਰਿਆ। ਇਸ ਜਲੂਸ ਵਿੱਚ ਡਾਕਟਰ ਸੈਫੂ ਦੀਨ ਕਿਚਲੂ ਅਤੇ ਡਾਕਟਰ ਸੱਤਪਾਲ ਲੋਕਾਂ ਦੀ ਅਗਵਾਈ ਕਰ ਰਹੇ ਸਨ। ਲੋਕਾਂ ਨੇ ਹਿੰਦੂ ਮੁਸਲਮਾਨ ਦੀ ਜੈ, ਡਾਕਟਰ ਕਿਚਲੂ ਜ਼ਿੰਦਾਬਾਦ, ਡਾਕਟਰ ਸੱਤਪਾਲ ਜ਼ਿੰਦਾਬਾਦ ਦੇ ਨਾਅਰੇ ਲਾਏ। ਇਸ ਭਰਾਤਰੀ ਭਾਵ ਵਾਲੇ ਜਲੂਸ ਦੀਆਂ ਰਿਪੋਰਟਾਂ ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਮਾਈਕਲ ਓਡਵਾਇਰ ਨੂੰ ਵੀ ਮਿਲ ਗਈਆਂ। 10 ਅਪਰੈਲ ਨੂੰ ਡਾਕਟਰ ਸਤਪਾਲ ਦੇ ਡਾਕਟਰ ਕਿਚਲੂ ਨੂੰ ਗ੍ਰਿਫ਼ਤਾਰ ਕਰਕੇ ਧਰਮਸ਼ਾਲਾ ਦੀ ਜੇਲ੍ਹ ਭੇਜਿਆ ਗਿਆ। ਉੱਧਰ 9 ਅਪਰੈਲ ਨੂੰ ਮਹਾਤਮਾ ਗਾਂਧੀ ਨੂੰ ਪੰਜਾਬ ਵੱਲ ਆਉਂਦਿਆਂ ਰਸਤੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਆਪਣੇ ਕੌਮੀ ਨੇਤਾਵਾਂ ਦੀ ਗ੍ਰਿਫ਼ਤਾਰੀ ਪ੍ਰਤੀ ਲੋਕਾਂ ਵਿੱਚ ਬਹੁਤ ਰੋਸ ਸੀ। 10 ਅਪਰੈਲ ਨੂੰ ਲੋਕ ਘਬਰਾਹਟ ਵਿੱਚ ਆ ਕੇ ਡੀਸੀ ਅੰਮ੍ਰਿਤਸਰ ਦੀ ਕੋਠੀ ਵੱਲ ਵਧਣ ਲੱਗੇ। ਅੰਗਰੇਜ਼ ਸਿਪਾਹੀਆਂ ਨੇ ਪੁਰਅਮਨ ਜਲੂਸ ਤੇ ਰੇਲਵੇ ਪੁਲ ਦੇ ਲਾਗੇ ਦੋ ਵਾਰ ਗੋਲੀ ਚਲਾਈ। ਇਸ ਗੋਲੀਬਾਰੀ ਵਿੱਚ ਦਰਜਨਾਂ ਆਦਮੀ ਮਾਰੇ ਗਏ ਅਤੇ ਬਹੁਤ ਸਾਰੇ ਜ਼ਖ਼ਮੀ ਹੋਏ। ਜਲੂਸ ਬੜੇ ਰੋਹ ਅਤੇ ਗੁੱਸੇ ਵਿੱਚ ਸ਼ਹਿਰ ਨੂੰ ਮੁੜਿਆ। ਭੜਕੀ ਹੋਈ ਭੀੜ ਨੇ ਸਾੜ-ਫੂਕ ਅਤੇ ਮਾਰ-ਧਾੜ ਕੀਤੀ ਤੇ ਪੰਜ ਅੰਗਰੇਜ਼ਾਂ ਨੂੰ ਜਾਨੋਂ ਮਾਰ ਦਿੱਤਾ। ਸ਼ਹਿਰ ਵਿੱਚ ਫੌਜ ਬੁਲਾ ਲਈ ਗਈ ਅਤੇ ਸ਼ਹਿਰ ਨੂੰ ਜਨਰਲ ਡਾਇਰ ਦੇ ਹਵਾਲੇ ਕਰ ਦਿੱਤਾ ਗਿਆ।
11 ਅਪਰੈਲ ਨੂੰ ਅੰਮ੍ਰਿਤਸਰ ਸ਼ਹਿਰ ਪੂਰੇ ਫੌਜੀ ਕਬਜ਼ੇ ਹੇਠ ਸੀ ਅਤੇ ਸ਼ਹਿਰ ਦੀ ਨਿਗਰਾਨੀ ਫੌਜੀ ਕਮਾਂਡਰ ਜਨਰਲ ਡਾਇਰ ਕਰ ਰਿਹਾ ਸੀ। 12 ਅਪਰੈਲ ਨੂੰ ਸ਼ਹਿਰ ਵਿੱਚ ਜਲਸੇ, ਜਲੂਸ, ਇਕੱਠ ਅਤੇ ਮੀਟਿੰਗਾਂ ਆਦਿ ਕਰਨ ਦੀ ਮਨਾਹੀ ਕਰ ਦਿੱਤੀ ਗਈ। 13 ਅਪਰੈਲ 1919 ਨੂੰ ਵਿਸਾਖੀ ਦਾ ਦਿਨ ਸੀ। ਜਨਰਲ ਡਾਇਰ ਨੇ ਆਪਣੀ ਨਿਗਰਾਨੀ ਹੇਠ ਸਾਰੇ ਸ਼ਹਿਰ ਵਿੱਚ ਮੁਨਿਆਦੀ ਕਰਵਾਈ ਕਿ ਕੋਈ ਘਰੋਂ ਬਾਹਰ ਨਾ ਨਿਕਲੇ। ਦੂਜੇ ਪਾਸੇ ਗੁਰਾਂ ਦਿੱਤਾ ਬਾਣੀਏ ਅਤੇ ਬਿੱਲੂ ਹਲਵਾਈ ਨੇ ਸ਼ਹਿਰ ਵਿੱਚ ਮੁਨਿਆਦੀ ਕਰਵਾਈ ਕਿ ਸ਼ਾਮੀਂ 4 ਵਜੇ ਘਨੱਈਆ ਲਾਲ ਦੀ ਪ੍ਰਧਾਨਗੀ ਹੇਠ ਜੱਲ੍ਹਿਆਂਵਾਲੇ ਬਾਗ਼ ਵਿੱਚ ਜਲਸਾ ਹੋਵੇਗਾ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮਿੱਥੇ ਸਮੇਂ ’ਤੇ ਜੱਲ੍ਹਿਆਂਵਾਲੇ ਬਾਗ਼ ਪੁੱਜ ਗਏ। ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰ ਰਹੇ ਲੀਡਰਾਂ ਦੀਆਂ ਤਕਰੀਰਾਂ ਨਾਲ ਜਲਸਾ ਸ਼ੁਰੂ ਹੋਇਆ। ਆਗੂਆਂ ਵੱਲੋਂ ਰੌਲੇਟ ਐਕਟ ਅਤੇ 10 ਅਪਰੈਲ ਨੂੰ ਸ਼ਹਿਰ ਵਿੱਚ ਵਾਪਰੀਆਂ ਘਟਨਾਵਾਂ ਦੀ ਆਪਣੀਆਂ ਤਕਰੀਰਾਂ ਵਿੱਚ ਜ਼ੋਰਦਾਰ ਨਿਖੇਧੀ ਕੀਤੀ ਜਾ ਰਹੀ ਸੀ। ਸਟੇਜ ਤੋਂ ਦੋ ਮਤੇ ਪਾਸ ਕੀਤੇ ਗਏ, ਇੱਕ ਰੌਲੇਟ ਐਕਟ ਨੂੰ ਮਨਸੂਖ ਕਰਨ ਬਾਰੇ ਅਤੇ ਦੂਸਰਾ 10 ਅਪਰੈਲ ਨੂੰ ਹੋਈ ਪੁਲੀਸ ਫਾਇਰਿੰਗ ਦੀ ਨਿਖੇਧੀ ਬਾਰੇ। ਸਾਰਾ ਜੱਲ੍ਹਿਆਂਵਾਲਾ ਬਾਗ਼ ਲੋਕਾਂ ਨਾਲ ਭਰਿਆ ਹੋਇਆ ਸੀ ਅਤੇ ਲੋਕ ਆਪਣੇ ਨੇਤਾਵਾਂ ਦੇ ਵਿਚਾਰ ਬੜੇ ਗਹੁ ਨਾਲ ਸੁਣ ਰਹੇ ਸਨ।
ਜਨਰਲ ਡਾਇਰ ਨੂੰ ਸਾਢੇ ਚਾਰ ਵਜੇ ਇਸ ਹੋ ਰਹੇ ਜਲਸੇ ਬਾਰੇ ਪਤਾ ਲੱਗ ਚੁੱਕਿਆ ਸੀ। ਹਵਾਈ ਜਹਾਜ਼ ਦੀ ਉਡਾਨ ਨੇ ਵੀ ਇਸ ਜਲਸੇ ਦੀ ਤਸਦੀਕ ਕਰ ਦਿੱਤੀ ਸੀ। ਜਨਰਲ ਡਾਇਰ ਆਪਣੇ ਫੌਜੀ ਦਸਤੇ ਸਮੇਤ ਜੱਲ੍ਹਿਆਂਵਾਲੇ ਬਾਗ਼ ਦੇ ਤੰਗ ਰਸਤੇ ਰਾਹੀਂ ਪੁੱਜਿਆ ਅਤੇ ਪੁਜੀਸ਼ਨਾਂ ਸੰਭਾਲ ਲਈਆਂ। ਇਸ ਸਮੇਂ ਦੁਰਗਾ ਦਾਸ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਜਨਰਲ ਡਾਇਰ ਨੇ ਬਿਨਾਂ ਚਿਤਾਵਨੀ ਦਿੱਤਿਆਂ 5 ਵੱਜ ਕੇ 15 ਮਿੰਟ ’ਤੇ ਭਾਰਤੀ ਲੋਕਾਂ ਵੱਲ ਨਿਸ਼ਾਨਾ ਸੇਧ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਅੰਨ੍ਹੇਵਾਹ ਗੋਲੀਬਾਰੀ ਉਦੋਂ ਤੱਕ ਜਾਰੀ ਰੱਖੀ, ਜਦੋਂ ਤੱਕ ਉਸ ਪਾਸੋਂ ਗੋਲੀ ਸਿੱਕਾ ਖ਼ਤਮ ਨਹੀਂ ਹੋ ਗਿਆ। 10 ਮਿੰਟਾਂ ਵਿੱਚ 1650 ਰਾਊਂਡ ਗੋਲੀ ਚਲਾਈ ਗਈ। ਕੁਝ ਲੋਕਾਂ ਨੇ ਜਿਊਂਦਿਆਂ ਹੀ ਖੂਹ ਵਿੱਚ ਛਾਲਾਂ ਮਾਰ ਦਿੱਤੀਆਂ। 14 ਅਪਰੈਲ ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਕੁਝ ਸ਼ਹਿਰੀਆਂ ਦੀ ਮੀਟਿੰਗ ਬੁਲਾਈ। ਇਸ ਵਿੱਚ ਨਿਹੱਥੇ ਲੋਕਾਂ ਦੇ ਕਤਲੇਆਮ ਸਬੰਧੀ ਪਛਤਾਵਾ ਕਰਨ ਦੀ ਥਾਂ ਸ਼ਹਿਰੀਆਂ ਨੂੰ ਭੈਅ-ਭੀਤ ਕੀਤਾ ਗਿਆ। ਉਨ੍ਹਾਂ ਨੂੰ ਡਰਾਇਆ ਧਮਕਾਇਆ ਗਿਆ।
ਕਾਂਗਰਸ ਦੀ ਜਾਂਚ ਟੀਮ ਦੀ ਰਿਪੋਰਟ ਅਨੁਸਾਰ ਇਸ ਸਾਕੇ ਵਿੱਚ 530 ਤੋਂ ਵਧੇਰੇ ਲੋਕ ਮਾਰੇ ਗਏ। ਸਰਕਾਰੀ ਰਿਪੋਰਟ ਅਨੁਸਾਰ 379 ਬੰਦੇ ਮਰੇ ਅਤੇ 1200 ਜ਼ਖ਼ਮੀ ਹੋਏ। ਸਵਾਮੀ ਸ਼ਰਧਾ ਨੰਦ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ 1500 ਅਤੇ ਮਦਨ ਮੋਹਨ ਮਾਲਵੀਆ ਅਨੁਸਾਰ ਇਹ ਗਿਣਤੀ 1900 ਸੀ। ਚਸ਼ਮਦੀਦ ਗਵਾਹਾਂ ਅਨੁਸਾਰ ਘੱਟ ਤੋਂ ਘੱਟ 2000 ਸ਼ਹੀਦੀਆਂ ਹੋਈਆਂ। ਮੇਜਰ ਐੱਫ ਸੀ ਬ੍ਰਿਗਸ ਦੇ ਬਿਆਨ ਅਨੁਸਾਰ 13 ਅਪਰੈਲ ਵਾਲੇ ਦਿਨ ਬਾਗ਼ ਵਿੱਚ 25000 ਤੋਂ ਵੱਧ ਲੋਕ ਇਕੱਤਰ ਹੋਏ ਸਨ। ਜੱਲ੍ਹਿਆਂਵਾਲੇ ਬਾਗ਼ ਦੇ ਸਾਕੇ ਪਿੱਛੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਾੜ ਫੂਕ ਹੋਈ।
14 ਅਪਰੈਲ ਨੂੰ ਅੰਮ੍ਰਿਤਸਰ ਸ਼ਹਿਰ ਵਿੱਚ ਮੁਕੰਮਲ ਹੜਤਾਲ ਹੋਈ। ਗੁੱਜਰਾਂਵਾਲੇ ਦਾ ਰੇਲਵੇ ਸਟੇਸ਼ਨ ਫੂਕ ਦਿੱਤਾ ਗਿਆ। ਅੰਗਰੇਜ਼ ਪੁਲੀਸ ਨੇ 14 ਅਪਰੈਲ ਨੂੰ ਗੁੱਜਰਾਂਵਾਲਾ ਸ਼ਹਿਰ ਵਿਖੇ ਕਈ ਬੰਬ ਸੁੱਟੇ ਅਤੇ ਕਈ ਥਾਵਾਂ ’ਤੇ ਲੋਕਾਂ ਦੇ ਇਕੱਠਾਂ ਉੱਪਰ ਫਾਇਰਿੰਗ ਵੀ ਕੀਤੀ। ਸਰਕਾਰੀ ਰਿਪੋਰਟਾਂ ਅਨੁਸਾਰ ਇਨ੍ਹਾਂ ਘਟਨਾਵਾਂ ਵਿੱਚ 11 ਆਦਮੀ ਮਰੇ ਅਤੇ 27 ਜ਼ਖ਼ਮੀ ਹੋਏ। ਲਾਹੌਰ, ਕਸੂਰ, ਵਜ਼ੀਰਾਬਾਦ, ਅਕਾਲਗੜ੍ਹ, ਸ਼ੇਖੂਪੁਰਾ, ਗੁਰਦਾਸਪੁਰ ਅਤੇ ਹੋਰ ਕਈ ਥਾਵਾਂ ’ਤੇ ਹੜਤਾਲਾਂ ਹੋਈਆਂ।
ਅੰਗਰੇਜ਼ਾਂ ਨੇ ਜੱਲ੍ਹਿਆਂਵਾਲੇ ਬਾਗ਼ ਦੀ ਘਟਨਾ ਦੀ ਪੜਤਾਲ ਲਈ ਹੰਟਰ ਕਮੇਟੀ ਬਣਾਈ ਜਿਸ ਨੇ 8 ਮਈ 1920 ਨੂੰ ਕੌਂਸਲ ਵਿੱਚ ਰਿਪੋਰਟ ਪੇਸ਼ ਕੀਤੀ। ਇਸ ਸਮੇਂ ਚਰਚਿਲ ਨੇ ਬ੍ਰਿਟਸ਼ ਲੋਕ ਸਭਾ ਵਿੱਚ ਕਿਹਾ, ‘‘ਜੱਲ੍ਹਿਆਂਵਾਲੇ ਬਾਗ਼ ਦੀ ਘਟਨਾ ਹੌਲਨਾਕ, ਨਿਵੇਕਲੀ ਮਨਹੂਸ ਅਤੇ ਕਲਮੂੰਹੀਂ ਘਟਨਾ ਹੈ।’’ ਮਹਾਤਮਾ ਗਾਂਧੀ ਨੇ ਜੱਲ੍ਹਿਆਂਵਾਲੇ ਬਾਗ਼ ਦੇ ਖੂਨੀ ਸਾਕੇ ਬਾਰੇ ਕਿਹਾ, ‘‘ਮੇਰੇ ਲਈ ਤਾਂ ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਕਿਸੇ ਪੜ੍ਹੇ-ਲਿਖੇ ਜਾਂ ਚਲਾਕ ਵੱਲੋਂ ਹੋਈ ਭੜਕਾਹਟ ਦੇ ਬਾਵਜੂਦ ਜਿਹੜੇ ਫਸਾਦ ਭੜਕੇ ਜਾਂ ਗੜਬੜ ਹੋਈ, ਉਹ ਕਦੇ ਨਾ ਹੁੰਦੀ, ਜੇ ਪੰਜਾਬ ਦੇ ਗਵਰਨਰ ਮਾਈਕਲ ਓਡਵਾਇਰ ਨੇ ਬੜੀਆਂ ਗੰਭੀਰ ਅਤੇ ਖ਼ਤਰਨਾਕ ਗ਼ਲਤੀਆਂ ਨਾ ਕੀਤੀਆਂ ਹੁੰਦੀਆਂ। ਜੇ ਓਡਵਾਇਰ ਭੜਕਾਉਣ-ਚਿੜਾਉਣ ਵਾਲੀਆਂ ਤਕਰੀਰਾਂ ਨਾ ਕਰਦਾ, ਡਾਕਟਰ ਕਿਚਲੂ ਅਤੇ ਸੱਤਪਾਲ ਨੂੰ ਜੇਲ੍ਹਾਂ ਵਿੱਚ ਨਾ ਡੱਕਦਾ ਤਾਂ ਪਿਛਲੇ ਦੋ ਮਹੀਨਿਆਂ ਦਾ ਇਤਿਹਾਸ ਹੁਣ ਨਾਲੋਂ ਹੋਰ ਤਰ੍ਹਾਂ ਲਿਖਿਆ ਜਾਣਾ ਸੀ।’’ ਰਾਬਿੰਦਰ ਨਾਥ ਟੈਗੋਰ ਨੇ ਇਸ ਘਟਨਾ ਤੋਂ ਦੁਖੀ ਹੋ ਕੇ ਸਰ ਦਾ ਖਿਤਾਬ ਵਾਪਸ ਕਰ ਦਿੱਤਾ ਸੀ। ਆਪਣੀ ਰਿਹਾਈ ਮਗਰੋਂ ਡਾਕਟਰ ਕਿਚਲੂ ਨੇ ਕਿਹਾ ਸੀ, ‘‘ਲੋਕੋ! ਜੱਲ੍ਹਿਆਂਵਾਲੇ ਬਾਗ਼ ਨੂੰ ਕਰੋ ਚੇਤੇ ਤੇ ਫਿਰ ਮੈਨੂੰ ਦੱਸੋ ਕਿ ਕੀ ਤੁਸੀਂ ਉਨ੍ਹਾਂ ਨਾਲ ਮਿਲਵਰਤਨ ਕਰਨਾ ਚਾਹੁੰਦੇ ਹੋ, ਜਿਨ੍ਹਾਂ ਦੇ ਹੱਥ ਸਾਡੇ ਤੁਹਾਡੇ ਬੱਚਿਆਂ ਦੇ ਖੂਨ ਨਾਲ ਰੰਗੇ ਹੋਏ ਹਨ।’’
ਜਨਰਲ ਡਾਇਰ ਦੀ ਵਹਿਸ਼ੀਆਨਾ ਕਰਤੂਤ ਦੀ ਹਰ ਪਾਸਿਓਂ ਨਿਖੇਧੀ ਹੋ ਰਹੀ ਸੀ, ਪਰ ਉਸ ਨੂੰ ਆਪਣੀ ਕੋਝੀ ਕਰਤੂਤ ’ਤੇ ਬੜਾ ਫਖਰ ਸੀ। ਹੰਟਰ ਕਮੇਟੀ ਦੇ ਸਾਹਮਣੇ ਬਿਆਨ ਦਿੰਦੇ ਹੋਏ ਜਨਰਲ ਡਾਇਰ ਨੇ ਕਿਹਾ, ‘‘ਬਾਗ਼ ਵਿੱਚੋਂ ਭੀੜ ਨੂੰ ਇੱਧਰ ਉੱਧਰ ਕਰਨਾ ਮੇਰਾ ਨਿਸ਼ਾਨਾ ਨਹੀਂ ਸੀ। ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ।’’
ਨੌਜਵਾਨ ਊਧਮ ਸਿੰਘ ਨੇ ਜੱਲ੍ਹਿਆਂਵਾਲੇ ਬਾਗ਼ ਦੇ ਖੂਨੀ ਸਾਕੇ ਦੇ ਜ਼ਿੰਮੇਵਾਰ ਸਰ ਮਾਈਕਲ ਓਡਵਾਇਰ ਨੂੰ ਮਾਰਨ ਦੀ ਪ੍ਰਤਿੱਗਿਆ ਕੀਤੀ ਤੇ ਆਪਣੀ 21 ਸਾਲ ਪਹਿਲਾਂ ਕੀਤੀ ਹੋਈ ਪ੍ਰਤਿੱਗਿਆ 13 ਮਾਰਚ 1940 ਨੂੰ ਜਨਰਲ ਓਡਵਾਇਰ ਨੂੰ ਇੰਗਲੈਂਡ ਦੀ ਧਰਤੀ ’ਤੇ ਸਦਾ ਦੀ ਨੀਂਦ ਸੁਆ ਕੇ ਪੂਰੀ ਕਰ ਵਿਖਾਈ। 1919 ਦਾ ਜੱਲ੍ਹਿਆਂਵਾਲੇ ਬਾਗ਼ ਦਾ ਸਾਕਾ ਦੇਸ਼ ਵਾਸੀਆਂ ਲਈ ਪ੍ਰੇਰਨਾ ਸਰੋਤ ਬਣ ਗਿਆ। ਇਸ ਸਾਕੇ ਨੇ ਦੇਸ਼ ਵਾਸੀਆਂ ਨੂੰ ਅੰਗਰੇਜ਼ਾਂ ਵਿਰੁੱਧ ਜਾਗਰੂਕ ਕਰਨ ਵਿੱਚ ਚੋਖਾ ਯੋਗਦਾਨ ਪਾਇਆ।
ਇਸ ਸਾਕੇ ਨਾਲ ਦੇਸ਼ ਦੀ ਆਜ਼ਾਦੀ ਦੀ ਲਹਿਰ ਨੂੰ ਬਹੁਤ ਬਲ ਮਿਲਿਆ। ਇਹ ਸਾਕਾ ਰਾਸ਼ਟਰੀ ਆਜ਼ਾਦੀ ਦੇ ਅੰਦੋਲਨ ਵਿੱਚ ਇੱਕ ਮੀਲ ਪੱਥਰ ਸਾਬਤ ਹੋਇਆ ਜਿਸ ਦੇ ਸਿੱਟੇ ਵਜੋਂ ਗੁਰਦੁਆਰਾ ਸੁਧਾਰ ਲਹਿਰ ਅਤੇ ਸਿਵਲ ਨਾ-ਫੁਰਮਾਨੀ ਲਹਿਰਾਂ ਉੱਠੀਆਂ। ਦੇਸ਼ ਭਗਤਾਂ ਨੂੰ ਸਦਾ ਹੀ ਜੱਲ੍ਹਿਆਂਵਾਲਾ ਬਾਗ਼ ਅੰਗਰੇਜ਼ਾਂ ਵਿਰੁੱਧ ਜੂਝਣ ਲਈ ਹਲੂਣਾ ਦਿੰਦਾ ਰਿਹਾ। ਆਜ਼ਾਦੀ ਉਪਰੰਤ ਜੱਲ੍ਹਿਆਂਵਾਲਾ ਬਾਗ਼ ਟਰੱਸਟ ਜਿਸ ਦੇ ਪ੍ਰਧਾਨ ਪੰਡਿਤ ਜਵਾਹਰ ਲਾਲ ਨਹਿਰੂ ਸਨ, ਵੱਲੋਂ ਇਹ ਜਗ੍ਹਾ ਖ਼ਰੀਦ ਕੇ ਇੱਥੇ ਕੌਮੀ ਸ਼ਹੀਦਾਂ ਦੀ ਯਾਦਗਾਰ ਉਸਾਰੀ ਗਈ। ਇਹ ਯਾਦਗਾਰ 13 ਅਪਰੈਲ, 1961 ਨੂੰ ਭਾਰਤ ਦੇ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ ਨੇ ਕੌਮ ਨੂੰ ਸਮਰਪਿਤ ਕੀਤੀ। ਅੱਜ ਵੀ ਜੱਲ੍ਹਿਆਂਵਾਲੇ ਬਾਗ਼ ਦਾ ਕੌਮੀ ਸਮਾਰਕ ਦੇਸ਼ ਵਾਸੀਆਂ ਨੂੰ ਦੇਸ਼ ਲਈ ਹਰ ਕੁਰਬਾਨੀ ਕਰਨ ਦੀ ਪ੍ਰੇਰਨਾ ਦਿੰਦਾ ਹੈ। ਆਸ ਪਾਸ ਦੇ ਮਕਾਨਾਂ ’ਤੇ ਲੱਗੇ ਹੋਏ ਗੋਲੀਆਂ ਦੇ ਨਿਸ਼ਾਨ ਅਤੇ ਸ਼ਹੀਦੀ ਖੂਹ ਅੰਗਰੇਜ਼ਾਂ ਦੇ ਢਾਹੇ ਹੋਏ ਕਹਿਰ ਦੇ ਸਬੂਤ ਪੇਸ਼ ਕਰਦੇ ਹਨ। ਜੱਲ੍ਹਿਆਂਵਾਲੇ ਵਾਲੇ ਬਾਗ਼ ਦੇ ਸ਼ਹੀਦਾਂ ਨੂੰ ਦੇਸ ਵਾਸੀ ਸਦਾ ਸੀਸ ਝੁਕਾਉਂਦੇ ਰਹਿਣਗੇ।
ਸੰਪਰਕ: 97812-00168