ਜਸਟਿਸ ਅਲੋਕ ਜੈਨ ਵੱਲੋਂ ਜ਼ਿਲ੍ਹਾ ਅਦਾਲਤਾਂ ਦਾ ਦੌਰਾ
ਕਮਲਜੀਤ ਕੌਰ
ਫ਼ਰੀਦਕੋਟ, 28 ਮਾਰਚ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਅਲੋਕ ਜੈਨ ਨੇ ਅੱਜ ਇੱਥੇ ਜ਼ਿਲ੍ਹਾ ਅਦਾਲਤਾਂ ਦਾ ਸਾਲਾਨਾ ਨਿਰੀਖਣ ਕੀਤਾ। ਉਨ੍ਹਾਂ ਦੀ ਪੂਰੀ ਟੀਮ ਉਨ੍ਹਾਂ ਦੇ ਨਾਲ ਇੱਥੇ ਆਈ ਸੀ। ਜਸਟਿਸ ਅਲੋਕ ਜੈਨ ਨੇ ਹਰੇਕ ਅਦਾਲਤ ਦਾ ਰਿਕਾਰਡ ਅਤੇ ਅਦਾਲਤੀ ਕਾਰਵਾਈ ਦਾ ਖੁਦ ਨਿਰੀਖਣ ਕੀਤਾ ਅਤੇ ਇਸ ਤੋਂ ਬਾਅਦ ਅਦਾਲਤਾਂ ਵਿੱਚ ਨਾਬਾਲਿਗ ਬੱਚਿਆਂ ਅਤੇ ਅਪਾਹਜ ਤੇ ਬਿਮਾਰ ਵਿਅਕਤੀਆਂ ਦੀ ਸੁਣਵਾਈ ਲਈ ਅਦਾਲਤ ਵਿੱਚ ਬਣਾਏ ਗਏ ਨਵੇਂ ਕੰਪਲੈਕਸ ਦਾ ਉਦਘਾਟਨ ਕੀਤਾ ਜਿਸ ਉੱਪਰ ਇੱਕ ਕਰੋੜ ਰੁਪਏ ਦੀ ਲਾਗਤ ਆਈ ਹੈ। ਜਸਟਿਸ ਅਲੋਕ ਜੈਨ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਦਫ਼ਤਰ ਵਿੱਚ ਵਕੀਲਾਂ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅਦਾਲਤੀ ਪ੍ਰਕਿਰਿਆ ਨੂੰ ਸਰਲ ਕੀਤਾ ਜਾ ਰਿਹਾ ਹੈ ਤਾਂ ਜੋ ਲੋੜਵੰਦ ਲੋਕਾਂ ਨੂੰ ਜਲਦ ਇਨਸਾਫ਼ ਮਿਲ ਸਕੇ। ਜਸਟਿਸ ਜੈਨ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੇ ਫ਼ਰੀਦਕੋਟ ਦੀ ਸੈਸ਼ਨ ਜੱਜ ਨਵਜੋਤ ਕੌਰ ਨੂੰ ਵਿਸ਼ੇਸ਼ ਪ੍ਰਸ਼ੰਸਾ ਪੱਤਰ ਦਿੱਤਾ ਹੈ ਕਿਉਂਕਿ ਉਹਨਾਂ ਨੇ ਇੱਕ ਸਾਲ ਵਿੱਚ ਪੁਰਾਣੇ ਕੇਸਾਂ ਦਾ ਪੰਜਾਬ ਭਰ ਵਿੱਚ ਸਭ ਤੋਂ ਵੱਧ ਨਿਪਟਾਰਾ ਕਰਕੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ। ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਨਵਜੋਤ ਕੌਰ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੁਗਪਾਲ ਸਿੰਘ ਬਰਾੜ, ਚੀਫ ਜੁਡੀਸ਼ਲ ਮੈਜਿਸਟਰੇਟ ਸ਼ੈਂਪੀ ਚੌਧਰੀ, ਵਧੀਕ ਸੈਸ਼ਨ ਜੱਜ ਦਿਨੇਸ਼ ਕੁਮਾਰ ਵਧਵਾ, ਕਿਰਨ ਬਾਲਾ ਸ਼ੈਰਲ ਸੋਹੀ, ਦਮਨਦੀਪ ਕਮਲ ਹੀਰਾ, ਜ਼ਿਲ੍ਹਾ ਪੁਲੀਸ ਮੁਖੀ ਪ੍ਰੱਗਿਆ ਜੈਨ, ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਅਤੇ ਸਮੁੱਚਾ ਪ੍ਰਸ਼ਾਸਨ ਹਾਜ਼ਰ ਸੀ। ਜਸਟਿਸ ਜੈਨ ਨੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ।