ਜਰਨੈਲੀ ਸੜਕ ’ਤੇ ਛੱਡੇ ਕੱਟ ਬੰਦ ਕਰਵਾਉਣ ਦੀ ਮੰਗ
ਨਿੱਜੀ ਪੱਤਰ ਪ੍ਰੇਰਕ
ਖੰਨਾ, 4 ਅਪਰੈਲ
ਸਮਾਜ ਸੇਵੀ ਸੰਸਥਾ ਹਰ ਮੈਦਾਨ ਫ਼ਤਹਿ ਸੇਵਾ ਦਲ ਖੰਨਾ ਅਤੇ ਕਿਸਾਨ ਮਜ਼ਦੂਰ ਸੰਘਰਸ਼ ਐਸੋਸੀਏਸ਼ਨ ਵੱਲੋਂ ਜਰਨੈਲੀ ਸੜਕ ’ਤੇ ਛੱਡੇ ਨਾਜਾਇਜ਼ ਕੱਟ ਬੰਦ ਕਰਵਾਉਣ ਲਈ ਕਸ਼ਮੀਰ ਸਿੰਘ ਖਾਲਸਾ ਅਤੇ ਰਾਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠ ਐੱਸਡੀਐੱਮ ਡਾ. ਬਲਜਿੰਦਰ ਸਿੰਘ ਢਿੱਲੋਂ ਨੂੰ ਮੰਗ ਪੱਤਰ ਸੌਂਪਿਆ ਗਿਆ ਜੋ ਉਨ੍ਹਾਂ ਦੀ ਗ਼ੈਰ ਹਾਜ਼ਰੀ ਵਿੱਚ ਸੁਪਰਡੈਂਟ ਹਰਵਿੰਦਰ ਕੌਰ ਨੇ ਫੜਿਆ।
ਜਥੇਬੰਦੀ ਦੇ ਆਗੂਆਂ ਨੇ ਮੰਗ ਕੀਤੀ ਕਿ ਖੰਨਾ ਤੋਂ ਦੋਰਾਹਾ ਤੱਕ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਵੱਲੋਂ ਸੜਕ ਸੁਰੱਖਿਆ ਦੇ ਮੱਦੇਨਜ਼ਰ ਸੜਕ ਦੇ ਦੋਵੇਂ ਪਾਸੇ ਰੇਲਿੰਗ ਲਾਈ ਗਈ ਹੈ ਪਰ ਕਈ ਥਾਵਾਂ ਤੇ ਐੈਨਐਚਏਆਈ ਦੇ ਅਧਿਕਾਰੀਆਂ ਵੱਲੋਂ ਮਿਲੀਭੁਗਤ ਨਾਲ ਵੱਡੇ ਵਪਾਰੀਆ ਨੂੰ ਫਾਇਦਾ ਪਹੁੰਚਾਉਣ ਲਈ ਸਰਵਿਸ ਲਾਈਨ ਨੂੰ ਹਾਈਵੇਅ ਨਾਲ ਜੋੜਨ ਲਈ ਰਸਤੇ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦਹੇੜੂ ਦੇ ਸਰਕਾਰੀ ਹਾਈ ਸਕੂਲ ਤੋਂ ਥੋੜੀ ਦੂਰੀ ਤੇ ਸਰਵਿਸ ਲਾਈਨ ਨੂੰ ਹਾਈਵੇਅ ਨਾਲ ਜੋੜਨ ਲਈ ਪ੍ਰਸਾਸ਼ਨ ਵੱਲੋਂ ਰਸਤਾ ਬਣਾਇਆ ਗਿਆ ਹੈ ਜਿੱਥੇ ਰੋਜ਼ਾਨਾ ਅਨੇਕਾਂ ਹਾਦਸੇ ਵਾਪਰਦੇ ਹਨ। ਇਸ ਤੋਂ ਇਲਾਵਾ ਸੜਕ ’ਤੇ ਬਣੇ ਢਾਬਿਆਂ ਦੇ ਸਾਹਮਣੇ ਨਾਜਾਇਜ਼ ਕੱਟ ਛੱਡੇ ਹੋਏ ਹਨ ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਹੋਰ ਛੋਟੇ ਵੱਡੇ ਕੱਟ ਸੜਕ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ।
ਉਪਰੋਕਤ ਆਗੂਆਂ ਨੇ ਅਪੀਲ ਕੀਤੀ ਕਿ ਇਨ੍ਹਾਂ ਛੱਡੇ ਗਏ ਰਸਤਿਆਂ ਨੂੰ ਤੁਰੰਤ ਬੰਦ ਕਰਵਾਇਆ ਜਾਵੇ। ਇਸ ਮੌਕੇ ਅਮਰੀਕ ਸਿੰਘ ਖਾਲਸਾ, ਕੁਲਵੰਤ ਸਿੰਘ ਖਾਲਸਾ, ਨਰਿੰਦਰ ਸਿੰਘ ਨਿੰਦੀ, ਪਰਮਿੰਦਰ ਸਿੰਘ, ਅਨਮੋਲਪ੍ਰੀਤ ਸਿੰਘ, ਜਤਿੰਦਰ ਸਿੰਘ ਮਹਿਮੀ ਤੇ ਹੋਰ ਹਾਜ਼ਰ ਸਨ।