ਜਗਰਾਉਂ ਵੈੱਲਫੇਅਰ ਸੁਸਾਇਟੀ ਵੱਲੋਂ ਐੱਸਐੱਸਪੀ ਨਾਲ ਮੁਲਾਕਾਤ
ਜਗਰਾਉਂ ਵੈੱਲਫੇਅਰ ਸੁਸਾਇਟੀ ਨੇ ਅਹੁਦੇਦਾਰਾਂ ਨੇ ਅੱਜ ਇਥੇ ਲੁਧਿਆਣਾ ਦਿਹਾਤੀ ਦੇ ਜ਼ਿਲ੍ਹਾ ਪੁਲੀਸ ਮੁਖੀ ਡਾ. ਅੰਕੁਰ ਗੁਪਤਾ ਨਾਲ ਮੁਲਾਕਾਤ ਕੀਤੀ। ਸੁਸਾਇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ, ਅਰੁਣ ਗੋਇਲ, ਰਜਿੰਦਰ ਜੈਨ, ਬਿੰਦਰ ਮਨੀਲਾ, ਰਾਜਕੁਮਾਰ ਭੱਲਾ, ਪਵਨ ਕੁਮਾਰ ਲੱਡੂ, ਡਾਕਟਰ ਨਰਿੰਦਰ ਸਿੰਘ, ਕੈਪਟਨ ਨਰੇਸ਼ ਵਰਮਾ ਨੇ ਐਸਐਸਪੀ ਨੂੰ ਸ਼ਹਿਰ ਦੀ ਗੰਭੀਰ ਹੋ ਚੁੱਕੀ ਟਰੈਫਿਕ ਸਮੱਸਿਆ ਦੇ ਨਾਲ ਹੋਰ ਦਰਪੇਸ਼ ਦਿੱਕਤਾਂ ਤੋਂ ਜਾਣੂ ਕਰਾਇਆ। ਇਸ ਤੋਂ ਇਲਾਵਾ ਜਗਰਾਉਂ ਇਲਾਕੇ ਵਿੱਚ ਪਿਛਲੇ ਦਿਨਾਂ ਤੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਸਫ਼ਲ ਬਣਾਉਣ ਬਦਲੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਸਨਮਾਨਿਤ ਕੀਤਾ।
ਲੱਖਾ ਜਵੈਲਰਜ਼ ਦੇ ਸ਼ੋਅਰੂਮ ’ਤੇ ਪਿਛਲੇ ਦਿਨੀ ਹੋਈ ਫਾਇਰਿੰਗ ਮਾਮਲੇ ਨੂੰ ਜਲਦ ਸੁਲਝਾਉਣ ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਐਸਐਸਪੀ ਦਾ ਧੰਨਵਾਦ ਕੀਤਾ ਗਿਆ। ਇਨ੍ਹਾਂ ਅਹੁਦੇਦਾਰਾਂ ਨੇ ਕਿਹਾ ਕਿ ਡਾ. ਅੰਕੁਰ ਗੁਪਤਾ ਨੇ ਬਤੌਰ ਐਸਐਸਪੀ ਅਹੁਦਾ ਸੰਭਾਲਣ ਮਗਰੋਂ ਬਦਲਾਅ ਨਜ਼ਰ ਆਉਣ ਲੱਗੇ ਹਨ। ਇਸ ਮੌਕੇ ਉਨ੍ਹਾਂ ਐੱਸਐੱਸਪੀ ਨਾਲ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਚਰਚਾ ਕੀਤੀ। ਪ੍ਰਧਾਨ ਗੁਰਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੁਲੀਸ ਦੀ ਕਾਰਵਾਈ ਨਾਲ ਵਪਾਰੀਆਂ ਵਿੱਚ ਪੁਲੀਸ ਪ੍ਰਤੀ ਵਿਸ਼ਵਾਸ ਬਹਾਲ ਵੀ ਹੋਇਆ ਹੈ ਤੇ ਵਧਿਆ ਵੀ ਹੈ। ਸੁਸਾਇਟੀ ਅਹੁਦੇਦਾਰਾਂ ਨੇ ਐਸਐਸਪੀ ਨੂੰ ਸ਼ਹਿਰ ਵਿੱਚ ਆ ਰਹੀ ਟਰੈਫਿਕ ਸਮੱਸਿਆ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਕਿਹਾ ਕਿ ਇਸ ਸਮੇਂ ਸ਼ਹਿਰ ਟਰੈਫਿਕ ਦੀ ਸਮੱਸਿਆ ਨਾਲ ਲਗਾਤਾਰ ਜੂਝ ਰਿਹਾ ਹੈ। ਇਸ 'ਤੇ ਐਸਐਸਪੀ ਡਾ. ਅੰਕੁਰ ਗੁਪਤਾ ਨੇ ਕਿਹਾ ਕਿ ਉਹ ਜਲਦ ਹੀ ਨਗਰ ਕੌਂਸਲ ਅਧਿਕਾਰੀਆਂ ਨਾਲ ਇਕ ਮੀਟਿੰਗ ਕਰਨਗੇ ਅਤੇ ਸ਼ਹਿਰ ਨੂੰ ਟਰੈਫਿਕ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਉਪਰਾਲੇ ਕੀਤੇ ਜਾਣਗੇ। ਟਰੈਫਿਕ ਦੀ ਸਮੱਸਿਆ ਨੂੰ ਸੁਲਝਾਉਣ ਲਈ ਜੇਕਰ ਸਖ਼ਤ ਕਦਮ ਚੁੱਕਣੇ ਪਏ ਤਾਂ ਉਹ ਪਿੱਛੇ ਨਹੀਂ ਹਟਣਗੇ। ਜ਼ਿਲ੍ਹਾ ਪੁਲੀਸ ਮੁਖੀ ਨੇ ਇਸ ਕੰਮ ਵਿੱਚ ਵੀ ਲੋਕਾਂ ਤੋਂ ਸਹਿਯੋਗ ਮੰਗਿਆ ਅਤੇ ਵਾਹਨ ਪਾਰਕਿੰਗ ਵਾਲੀ ਥਾਂ 'ਤੇ ਹੀ ਖੜ੍ਹਾਉਣ ਲਈ ਕਿਹਾ।