ਚਨਾਲੋਂ ਦੀ ਟੀਮ ਨੇ ਜਿੱਤਿਆ ਖਿਜ਼ਰਾਬਾਦ ਦਾ ਫੁਟਬਾਲ ਕੱਪ
ਮਿਹਰ ਸਿੰਘ
ਕੁਰਾਲੀ, 26 ਮਾਰਚ
ਇਤਿਹਾਸਕ ਪਿੰਡ ਖਿਜ਼ਰਾਬਾਦ ਦੇ ਖੇਡ ਸਟੇਡੀਅਮ ਵਿਖੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਵੱਲੋਂ ਕਰਵਾਇਆ ਫੁਟਬਾਲ ਕੱਪ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ। ਚਨਾਲੋਂ ਦੀ ਟੀਮ ਨੇ ਕੱਪ ਆਪਣੇ ਨਾਂ ਕੀਤਾ। ਕਲੱਬ ਦੇ ਪ੍ਰਧਾਨ ਅਵਤਾਰ ਸਿੰਘ ਪਾਬਲਾ ਦੀ ਦੇਖਰੇਖ ਹੇਠ ਕਰਵਾਏ ਤਿੰਨ ਰੋਜ਼ਾ ਫੁਟਬਾਲ ਕੱਪ ਦੇ ਆਖਰੀ ਦਿਨ ਸੈਮੀਫਾਈਨਲ ਮੈਚਾਂ ਦਾ ਉਦਘਾਟਨ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਕੀਤਾ। ਉਨ੍ਹਾਂ ਟੀਮਾਂ ਨਾਲ ਜਾਣ-ਪਛਾਣ ਕੀਤੀ ਅਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਪਹਿਲੇ ਸੈਮੀਫਾਈਨਲ ਵਿੱਚ ਕਾਲੇਵਾਲ ਨੇ ਖਿਜ਼ਰਾਬਾਦ-ਏ ਨੂੰ ਹਰਾਇਆ ਜਦਕਿ ਦੂਜੇ ਸੈਮੀਫਾਈਨਲ ਮੈਚ ਵਿੱਚ ਚਨਾਲੋਂ ਦੀ ਟੀਮ ਨੇ ਚਤਾਮਲੀ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ।
ਚਨਾਲੋਂ ਅਤੇ ਕਾਲੇਵਾਲ ਦੀਆਂ ਟੀਮਾਂ ਵਿਚਕਾਰ ਹੋਏ ਫਾਈਨਲ ਮੈਚ ਦਾ ਉਦਘਾਟਨ ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ ਅਤੇ ਯੂਥ ਅਕਾਲੀ ਆਗੂ ਰਵਿੰਦਰ ਸਿੰਘ ਖੇੜਾ ਨੇ ਕੀਤਾ। ਇਸ ਮੈਚ ਵਿੱਚ ਚਨਾਲੋਂ ਦੀ ਟੀਮ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਕਾਲੇਵਾਲ ਨੂੰ 2-0 ਦੇ ਫਰਕ ਨਾਲ ਹਰਾਇਆ ਅਤੇ ਕੱਪ ਆਪਣੇ ਨਾਂ ਕੀਤਾ। ਇਨਾਮ ਵੰਡ ਸਮਾਗਮ ਦੌਰਾਨ ਜੇਤੂ ਅਤੇ ਉੱਪ ਜੇਤੂ ਟੀਮਾਂ ਨੂੰ ਨਕਦ ਇਨਾਮ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬਲਵੀਰ ਸਿੰਘ ਮੰਗੀ, ਸਰਪੰਚ ਗੁਰਿੰਦਰ ਸਿੰਘ,ਗੁਰਨਾਮ ਸਿੰਘ,ਗੁਰਸ਼ਰਨ ਸਿੰਘ, ਸਰਪੰਚ ਨਿਰਪਾਲ ਰਾਣਾ, ਗਗਨਦੀਪ ਸਿੰਘ, ਸਤਨਾਮ ਸਿੰਘ, ਮਾਸਟਰ ਤੇਜਿੰਦਰ ਸਿੰਘ, ਰਵਿੰਦਰ ਸਿੰਘ ਰਵੀ, ਸਤਨਾਮ ਸਿੰਘ, ਬਲਜਿੰਦਰ ਭੇਲੀ ਸਮੇਤ ਕਈ ਪਤਵੰਤੇ ਹਾਜ਼ਰ ਸਨ।
ਬੇਗਮਪੁਰਾ ਤੇ ਆਲਮਪੁਰ ਨੇ ਮੈਚ ਜਿੱਤੇ
ਘਨੌਲੀ (ਜਗਮੋਹਨ ਸਿੰਘ): ਬਾਬਾ ਅਜੀਤ ਸਿੰਘ ਸਪੋਰਟਸ ਕਲੱਬ ਮੱਦੋਮਾਜਰਾ ਵੱਲੋਂ ਗਰਾਮ ਪੰਚਾਇਤ ਬਹਾਦਰਪੁਰ ਅਤੇ ਮੱਦੋਮਾਜਰਾ ਪਿੰਡ ਦੇ ਵਸਨੀਕਾਂ ਦੇ ਸਹਿਯੋਗ ਨਾਲ ਕਰਵਾਇਆ ਜਾਣ ਵਾਲਾ ਫੁਟਬਾਲ ਟੂਰਨਾਮੈਂਟ ਅੱਜ ਸ਼ੁਰੂ ਹੋ ਗਿਆ। ਪਹਿਲੇ ਦਿਨ ਦੇ ਮੁਕਾਬਲਿਆਂ ਦੌਰਾਨ ਬੇਗਮਪੁਰਾ ਨੇ ਕੋਟਲਾ ਨਿਹੰਗ, ਆਲਮਪੁਰ ਨੇ ਮਨਸਾਲੀ, ਮਕੌੜੀ ਨੇ ਦੁੱਗਰੀ, ਲੋਹਗੜ੍ਹ ਫਿੱਡੇ ਦੀ ਟੀਮ ਨੇ ਭਲਿਆਣ, ਰਸੂਲਪੁਰ ਨੇ ਅਲੀਪੁਰ ਦੀ ਟੀਮ ਨੂੰ ਹਰਾਇਆ। ਪ੍ਰਬੰਧਕਾਂ ਨੇ ਦੱਸਿਆ ਕਿ ਫਾਈਨਲ ਮੁਕਾਬਲੇ 30 ਮਾਰਚ ਨੂੰ ਹੋਣਗੇ। ਜੇਤੂ ਟੀਮਾਂ ਨੂੰ ਹਲਕਾ ਵਿਧਾਇਕ ਦਿਨੇਸ਼ ਚੱਢਾ ਇਨਾਮ ਵੰਡਣਗੇ।