ਸੀਟੀਯੂ ਵਰਕਰਜ਼ ਯੂਨੀਅਨ ਵੱਲੋਂ ਗੇਟ ਰੈਲੀ
ਕੁਲਦੀਪ ਸਿੰਘ
ਚੰਡੀਗੜ੍ਹ, 29 ਮਾਰਚ
ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਦੇ ਡਿੱਪੂ ਨੰਬਰ-2 ਵਿੱਚ ਸੀਟੀਯੂ ਵਰਕਰਜ਼ ਯੂਨੀਅਨ ਵੱਲੋਂ ਵਿਸ਼ਾਲ ਗੇਟ ਰੈਲੀ ਕੀਤੀ ਗਈ, ਜਿਸ ਵਿੱਚ ਭਾਰੀ ਗਿਣਤੀ ਵਿੱਚ ਵਰਕਰਾਂ ਨੇ ਸ਼ਮੂਲੀਅਤ ਕੀਤੀ। ਬੁਲਾਰਿਆਂ ਨੇ ਵਿਭਾਗ ਦੇ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ। ਅੱਜ ਦੀ ਰੈਲੀ ਵਿੱਚ ਵਰਕਰਾਂ ਦੀ ਭਰਵੀਂ ਸ਼ਮੂਲੀਅਤ ਨੇ ਲੀਡਰਸ਼ਿਪ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਹੁਣ ਇਨ੍ਹਾਂ ਮਸਲਿਆਂ ਨੂੰ ਹੋਰ ਲਟਕਾਇਆ ਨਹੀਂ ਜਾ ਸਕੇਗਾ। ਮੀਟਿੰਗ ਵਿੱਚ ਡਾਇਰੈਕਟਰ ਟਰਾਂਸਪੋਰਟ ਪ੍ਰਦੁੱਮਣ ਸਿੰਘ ਸਹਿਰਾਵਤ (ਐੱਚ.ਸੀ.ਐੱਸ.) ਵੀ ਖੁਦ ਗੇਟ ਰੈਲੀ ਵਿੱਚ ਪਹੁੰਚੇ। ਸਟੇਜ ਸੈਕਟਰੀ ਨੇ ਡਾਇਰੈਕਟਰ ਟਰਾਂਸਪੋਰਟ ਨੂੰ ਹੱਕੀ ਮੰਗਾਂ ਬਾਰੇ ਜਾਣੂ ਕਰਵਾਇਆ ਤਾਂ ਡਾਇਰੈਕਟਰ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਉਹ ਸਾਰੀਆਂ ਜ਼ਰੂਰੀ ਮੰਗਾਂ ’ਤੇ ਆਪਣੀ ਟੀਮ ਨਾਲ ਗੰਭੀਰਤਾਪੂਰਵਕ ਵਿਚਾਰ ਕਰ ਰਹੇ ਹਨ ਅਤੇ ਜਲਦ ਹੀ ਹਾਂ-ਪੱਖੀ ਊਸਾਰੁ ਨਤੀਜੇ ਸਾਹਮਣੇ ਆਉਣਗੇ। ਡਾਇਰੈਕਟਰ ਟਰਾਂਸਪੋਰਟ ਨੇ ਰੈਲੀ ਵਿੱਚ ਹਾਜ਼ਰ ਵਰਕਰਾਂ ਸੰਬੋਧਨ ਕਰਦਿਆਂ ਦੱਸਿਆ ਕਿ ਜਲਦੀ ਹੀ ਵਿਭਾਗ ਦੇ ਵਿੱਚ 40 ਸਧਾਰਨ ਬੱਸਾਂ ਦਾ ਟੈਂਡਰ ਹੋਣ ਜਾ ਰਿਹਾ ਹੈ ਜੋ ਕਿ ਜੁਲਾਈ ਦੇ ਅੰਤ ਤੱਕ ਸੀਟੀਯੂ ਵਿੱਚ ਪਹੁੰਚ ਜਾਣਗੀਆਂ। ਇਸ ਤੋਂ ਇਲਾਵਾ ਵਰਕਸ਼ਾਪ ਦੀ ਭਰਤੀ ਦੀ ਜੁਆਇਨਿੰਗ ਵੀ ਜਲਦੀ ਹੀ ਹੋਣ ਜਾ ਰਹੀ ਹੈ ਅਤੇ ਨਾਲ ਹੀ ਜੋ ਰਾਤਰੀ ਭੱਤਾ ਵੀ ਕਰਮਚਾਰੀਆਂ ਨੂੰ ਬਕਾਇਆਂ ਸਮੇਤ ਅਪਰੈਲ ਦੇ ਵਿੱਚ ਮਿਲਣ ਦੀ ਸੰਭਾਵਨਾ ਹੈ। ਯੂਨੀਅਨ ਨੇ ਡਾਇਰੈਕਟਰ ਟਰਾਂਸਪੋਰਟ ਦਾ ਸਨਮਾਨ ਕੀਤਾ। ਅੰਤ ਵਿੱਚ ਭੁਪਿੰਦਰ ਸਿੰਘ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਵਰਕਰਾਂ ਨੂੰ ਯੂਨੀਅਨ ਦਾ ਸਾਥ ਦੇਣ ਦੀ ਅਪੀਲ ਕੀਤੀ।