ਮੁਜਾਫਤ ਦਾ ਨੌਜਵਾਨ ਬਣਿਆ ਆਈਐੱਸਐੱਸ ਅਫਸਰ
ਸੰਜੀਵ ਬੱਬੀ
ਚਮਕੌਰ ਸਾਹਿਬ, 2 ਅਪਰੈਲ
ਹਿਮਾਲਿਆ ਸੀਨੀਅਰ ਸਕੈਡੰਰੀ ਪਬਲਿਕ ਸਕੂਲ ਮੁਜਾਫਤ ਵਿੱਚ ਪੜ੍ਹੇ ਇੱਕ ਵਿਦਿਆਰਥੀ ਜਸਵਿੰਦਰਪਾਲ ਸਿੰਘ ਪੁੱਤਰ ਲਾਭ ਸਿੰਘ ਨੇ ਯੂਪੀਐੱਸਸੀ ਆਈਐੱਸਐੱਸ-2024 ਦੀ ਪ੍ਰੀਖਿਆ ਪੂਰੇ ਭਾਰਤ ਵਿੱਚੋਂ ਚੌਥਾ ਰੈਂਕ ਲੈ ਕੇ ਪਾਸ ਕੀਤੀ ਹੈ। ਇਹ ਪ੍ਰੀਖਿਆ ਪਾਸ ਕਰਨ ਵਾਲਾ ਉਹ ਪੰਜਾਬ ਦਾ ਇਕਲੌਤਾ ਉਮੀਦਵਾਰ ਹੈ। ਰੂਪਨਗਰ ਜ਼ਿਲ੍ਹੇ ਦੇ ਪਿੰਡ ਮੁਜਾਫਤ ਦੇ ਜੰਮਪਲ ਜਸਵਿੰਦਰਪਾਲ ਨੂੰ ਭਾਰਤੀ ਅੰਕੜਾ ਸੇਵਾ ਵਿੱਚ ਬਤੌਰ ਵਧੀਕ ਨਿਰਦੇਸ਼ਕ ਵਜੋਂ ਨਿਯੁਕਤ ਕੀਤਾ ਗਿਆ ਹੈ, ਜਿਸ ਸਬੰਧੀ ਉਨ੍ਹਾਂ ਨੂੰ ਪਹਿਲੀ ਅਪਰੈਲ ਨੂੰ ਸਰਕਾਰ ਵੱਲੋਂ ਜੁਆਇਨ ਕਰਨ ਲਈ ਪੱਤਰ ਮਿਲਿਆ ਹੈ। ਹਿਮਾਲਿਆ ਪਬਲਿਕ ਸਕੂਲ ਮੁਜਾਫਤ ਦੇ ਪ੍ਰਿੰਸੀਪਲ ਮਨਜਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਜਸਵਿੰਦਰਪਾਲ ਸਿੰਘ ਦੇ ਪਿਤਾ ਦੀ ਮੌਤ ਹੋਣ ਮਗਰੋਂ ਉਸ ਦੇ ਮਾਤਾ ਗੁਰਨਾਮ ਕੌਰ ਨੇ ਸਖ਼ਤ ਮਿਹਨਤ ਕਰਕੇ ਆਪਣੇ ਪੁੱਤਰ ਨੂੰ ਇਸ ਮੁਕਾਮ ’ਤੇ ਪਹੁੰਚਾਇਆ ਹੈ।
ਜਸਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਬਚਪਨ ਤੋਂ ਹੀ ਯੂਪੀਐੱਸਸੀ ਦੀ ਪ੍ਰੀਖਿਆ ਪਾਸ ਕਰਨ ਦਾ ਟੀਚਾ ਰੱਖਿਆ ਸੀ। ਉਸ ਨੇ ਦੱਸਿਆ ਕਿ ਹਿਮਾਲਿਆ ਸਕੂਲ ਮੁਜਾਫਤ ਇੱਕ ਡੇ ਬੋਰਡਿੰਗ ਸਕੂਲ ਹੈ ਜਿੱਥੇ ਸਵੇਰ ਤੋਂ ਸ਼ਾਮ ਤੱਕ ਉਸ ਨੂੰ ਪੜ੍ਹਾਈ ਦੇ ਨਾਲ ਨਾਲ ਹੋਰ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਸਨ।