ਘਟ ਰਿਹਾ ਪਸ਼ੂ ਧਨ: ਠੋਸ ਉਪਰਾਲਿਆਂ ਦੀ ਲੋੜ

ਦੋਗਲੀਆਂ ਗਾਵਾਂ ਦੇ ਵੱਡੇ ਫਾਰਮ ਖੁੱਲ੍ਹੇ ਹਨ, ਜਿਸ ਕਰ ਕੇ ਇਨ੍ਹਾਂ ਦੀ ਗਿਣਤੀ ਨਾ-ਮਾਤਰ ਘਟੀ ਹੈ ਪਰ ਮੱਝਾਂ ਦੀ ਗਿਣਤੀ 2019 ਵਿੱਚ 40.15 ਲੱਖ ਸੀ ਜੋ 2024-25 ਵਿੱਚ ਘਟ ਕੇ 34.93 ਲੱਖ ਰਹਿ ਗਈ ਹੈ। ਦੁੱਧ ਮੱਖਣ ਦੇ ਸ਼ੁਕੀਨ ਪੰਜਾਬ ਵਿੱਚੋਂ ਮੱਝਾਂ ਦੀ ਗਿਣਤੀ ਹਰ ਸਾਲ ਇੱਕ ਲੱਖ ਘੱਟ ਹੋਣੀ ਚਿੰਤਾ ਦਾ ਵਿਸ਼ਾ ਹੈ। ਪੰਜਾਬ ਦੇ ਧਰਾਤਲ ’ਤੇ ਕੰਮ ਕਰਦਿਆਂ ਜੋ ਦੇਖਿਆ, ਉਸ ਮੁਤਾਬਿਕ ਦੋ-ਚਾਰ ਪਸ਼ੂ ਰੱਖਣ ਵਾਲੇ ਘਰਾਂ ਦੀ ਗਿਣਤੀ ਵੀ ਜ਼ਰੂਰ ਘਟੀ ਹੋਵੇਗੀ।
ਪਸ਼ੂ ਪਾਲਣ ਪੰਜਾਬ ਦੇ ਲੋਕਾਂ ਦਾ ਸਹਾਇਕ ਧੰਦਾ ਹੈ। ਪੁਰਸ਼ਾਂ ਦੀ ਗੈਰ-ਮੌਜੂਦਗੀ ਵਿੱਚ ਘਰਾਂ ਦੀਆਂ ਸੁਆਣੀਆਂ ਵੀ ਦੋ-ਚਾਰ ਪਸ਼ੂ ਰੱਖ ਕੇ ਘਰ ਦਾ ਗੁਜ਼ਾਰਾ, ਬੱਚਿਆਂ ਦੀਆਂ ਕਿਤਾਬਾਂ, ਫੀਸਾਂ ਵਰਗੀਆਂ ਲੋੜਾਂ ਪੂਰੀਆਂ ਕਰਦੀਆਂ ਹਨ। ਬੇਜ਼ਮੀਨੇ ਅਤੇ ਛੋਟੇ ਕਿਸਾਨ ਪਸ਼ੂ ਰੱਖ ਕੇ ਆਪਣੀਆਂ ਘਰੇਲੂ ਜ਼ਰੂਰਤਾਂ ਪੂਰੀਆਂ ਕਰਦੇ ਹਨ। ਬੇਰੁਜ਼ਗਾਰੀ ਅਤੇ ਖੇਤੀ ਸੰਕਟ ਦਾ ਸਾਹਮਣਾ ਕਰ ਰਹੇ ਪੰਜਾਬ ਵਾਸਤੇ ਪਸ਼ੂਆਂ ਦੀ ਗਿਣਤੀ ਘਟਣਾ ਫਿ਼ਕਰ ਵਾਲੀ ਗੱਲ ਹੈ।
ਦੇਖਿਆ ਜਾਵੇ ਤਾਂ ਪਸ਼ੂਆਂ ਦੀ ਗਿਣਤੀ ਘਟਣ ਦੇ ਕਾਰਨਾਂ ਵਿੱਚ ਦੁੱਧ ਦੀਆਂ ਕੀਮਤਾਂ ਘੱਟ ਅਤੇ ਲਾਗਤਾਂ ਜਿ਼ਆਦਾ ਹੋਣੀਆਂ ਹਨ। ਪਸ਼ੂ ਖੁਰਾਕਾਂ, ਦਵਾਈਆਂ, ਸੀਮਨ ਦੀ ਕੁਆਲਟੀ ਤੇ ਰੇਟਾਂ ਉੱਤੇ ਸਰਕਾਰੀ ਕੰਟਰੋਲ ਨਾ ਹੋਣਾ, ਸਿੱਖਿਅਤ ਸਟਾਫ ਦੀ ਘਾਟ ਅਤੇ ਉਨ੍ਹਾਂ ਕੋਲੋਂ ਵਿਭਾਗ ਤੋਂ ਬਾਹਰੀ ਕੰਮ (ਜਿਵੇਂ ਚੋਣ ਡਿਊਟੀਆਂ, ਪਰਾਲੀ ਸਾੜਨ ਤੋਂ ਰੋਕਣਾ, ਵਿਜੀਲੈਂਸ ਡਿਊਟੀ, ਪਸ਼ੂ ਧਨ ਗਣਨਾ ਆਦਿ) ਲੈਣੇ, ਸਰਕਾਰੀ ਸੈਕਸਡ ਸੀਮਨ (ਲਿੰਗ ਨਿਰਧਾਰਤ ਵੀਰਜ) ਮਹਿੰਗਾ ਅਤੇ ਲੋੜ ਅਨੁਸਾਰ ਨਾ ਮਿਲਣਾ, ਨਵੀਂ ਪੀੜ੍ਹੀ ਨੂੰ ਵੱਧ ਮੁਨਾਫੇ ਵਾਲੇ ਸੁਫਨਿਆਂ ਨੇ ਕਿਰਤ ਤੇ ਕਿਰਸ ਤੋਂ ਦੂਰ ਕਰਨਾ, ਚੌਵੀ ਘੰਟੇ ਦੀ ਦੇਖ-ਰੇਖ ਕਰ ਕੇ ਮਜ਼ਦੂਰ ਨਾ ਮਿਲਣੇ, ਛੂਤ ਦੀਆਂ ਬਿਮਾਰੀਆਂ ਦੇ ਹਮਲੇ, ਮਾਪਿਆਂ ਵੱਲੋਂ ‘ਕੀ ਗੋਹੇ ’ਚ ਹੱਥ ਮਾਰੇਂਗਾ, ਕੋਈ ਹੋਰ ਧੰਦਾ ਕਰ ਲੈ’, ਵਰਗੀਆਂ ਸਲਾਹਾਂ ਆਦਿ ਵੱਡੇ ਕਾਰਨ ਹਨ।
ਹੋਰ ਨਜ਼ਰ ਮਾਰੀਏ ਤਾਂ ਸੜਕਾਂ ’ਤੇ ਫਿਰਦੀਆਂ ਅਵਾਰਾ ਗਾਵਾਂ ਅਤੇ ਯੂਪੀ ਵਾਲਿਆਂ ਨੂੰ ਵੇਚੀਆਂ ਜਾਂਦੀਆਂ ਝੋਟੀਆਂ ਤੇ ਮੱਝਾਂ ਵੀ ਇਹ ਗਿਣਤੀ ਘਟਣ ਦੇ ਕਾਰਨਾਂ ਵਿੱਚ ਸ਼ਾਮਲ ਹਨ। ਅਵਾਰਾ ਅਤੇ ਵੇਚੇ ਜਾਣ ਵਾਲੇ 90% ਪਸ਼ੂ ਗਰਭ ਧਾਰਨ ਨਾ ਕਰਨ ਕਰ ਕੇ ਅਤੇ ਕੁਝ ਥਣਾਂ ਦੀਆਂ ਬਿਮਾਰੀਆਂ ਵਾਲੇ ਹੁੰਦੇ ਹਨ। ਮੁੱਢ ਤੋਂ ਪਾਲਣ ਪੋਸ਼ਣ ਦੀ ਅਗਿਆਨਤਾ, ਸੰਤੁਲਿਤ ਫੀਡ ਨਾ ਪਾਉਣਾ ਅਤੇ ਤੱਤਾਂ ਦੀ ਘਾਟ ਇਸ ਦੇ ਮੁੱਖ ਕਾਰਨ ਹਨ। ਜੇਕਰ ਇਨ੍ਹਾਂ ਕਾਰਨਾਂ ਨੂੰ ਦੂਰ ਕੀਤਾ ਜਾ ਸਕੇ ਤਾਂ ਪਸ਼ੂ ਧਨ ਵਧਣ ਵਿੱਚ ਮਦਦ ਮਿਲ ਸਕਦੀ ਹੈ।
ਤਿੰਨ ਕੁ ਸਾਲ ਪਹਿਲਾਂ ਲੰਪੀ ਸਕਿਨ ਬਿਮਾਰੀ ਨਾਲ ਮਰੇ ਪਸ਼ੂ ਦਾ ਗਿਣਤੀ ਵੀ ਪਸ਼ੂ ਧਨ ਘਟਣ ’ਚ ਸ਼ਾਮਲ ਹੈ। ਕੁਝ ਪਸ਼ੂ ਤਾਂ ਮਰ ਹੀ ਗਏ ਅਤੇ ਕੁਝ ਕੰਡਮ ਹੋ ਕੇ ਸੂਆ ਨਹੀਂ ਦੇ ਸਕੇ।
ਉਪਰੋਕਤ ਸਾਰੇ ਕਾਰਨਾਂ ਤੋਂ ਐਨ ਸਪੱਸ਼ਟ ਹੈ ਕਿ ਇਸ ਧੰਦੇ ਨੂੰ ਤਿੰਨ ਧਿਰਾਂ- ਸਰਕਾਰ, ਪਸ਼ੂ ਪਾਲਣ ਵਿਭਾਗ ਅਤੇ ਪਸ਼ੂ ਪਾਲਕਾਂ ਦਾ ਆਪਸੀ ਤਾਲਮੇਲ ਪ੍ਰਫੁਲਿਤ ਕਰ ਸਕਦਾ ਹੈ।
ਜੇਕਰ ਅੱਡੋ-ਅੱਡ ਕਰ ਕੇ ਦੇਖੀਏ ਤਾਂ ਸਰਕਾਰ ਵੱਲੋਂ ਲਾਗਤਾਂ ਅਨੁਸਾਰ ਦੁੱਧ ਦੀਆਂ ਕੀਮਤਾਂ ਤੈਅ ਕੀਤੀਆਂ ਜਾਣ, ਨਕਲੀ ਦੁੱਧ ’ਤੇ ਸਿ਼ਕੰਜਾ ਕੱਸਦਿਆਂ ਮੀਡੀਆ ਵਿੱਚ ਦੁੱਧ ਨੂੰ ਜ਼ਹਿਰ ਕਹਿਣ ਵਾਲੀਆਂ ਸ਼ਕਤੀਆਂ ਦਾ ਟਾਕਰਾ ਕਰਦਿਆਂ ਦੁੱਧ ਨੂੰ ਫਿਰ 13ਵੇਂ ਰਤਨ ਦਾ ਦਰਜਾ ਦਿਵਾਉਣ ਦੀ ਜ਼ਰੂਰਤ ਹੈ। ਫੀਡ, ਦਵਾਈਆਂ, ਸੀਮਨ ਦੇ ਰੇਟਾਂ ਤੇ ਕੁਆਲਟੀ ’ਤੇ ਸਰਕਾਰੀ ਕੰਟਰੋਲ ਹੋਵੇ, ਪਸ਼ੂ ਪਾਲਣ ਵਿਭਾਗ ਵਾਸਤੇ ਬਜਟ ਵਿੱਚ ਵੱਧ ਪੈਸਾ ਰੱਖਿਆ ਜਾਵੇ।
ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਆਪਣੀਆਂ ਸੰਸਥਾਵਾਂ ਅੰਦਰ ਹਾਜ਼ਰੀ ਯਕੀਨੀ ਹੋਵੇ, ਛੂਤ ਦੀਆਂ ਬਿਮਾਰੀਆਂ ਲਈ ਇੱਕ ਵੈਕਸੀਨ ਲਗਾਈ ਜਾਵੇ, ਹਰ ਪਿੰਡ ਵਿੱਚ ਪਸ਼ੂ ਪਾਲਣ ਨੂੰ ਪ੍ਰਫੁਲਿਤ ਕਰਨ ਲਈ ਸੈਮੀਨਾਰ ਬਗੈਰਾ ਕੀਤੇ ਜਾਣ ਕਿਉਂਕਿ ਕਿੱਤੇ ਤੋਂ ਅਣਜਾਣ ਲੋਕ ਜ਼ਿਆਦਾ ਖਰਚ ਕਰ ਕੇ ਵੀ ਘੱਟ ਪੈਦਾਵਾਰ ਲੈ ਰਹੇ ਹਨ। ਬਾਂਝਪਣ (Infertility), ਪਸ਼ੂਆਂ ਦਾ ਸਮੇਂ ’ਤੇ ਹੀਟ ’ਚ ਨਾ ਆਉਣਾ (Anestrous) ਵਰਗੇ ਕਾਰਨ ਅਤੇ ਵਿਸ਼ੇਸ਼ ਧਿਆਨ ਦੇ ਕੇ ਹਰ ਸਾਲ ਸੂਆ ਲੈਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਵੈਟਨਰੀ ਅਫਸਰ ਅਤੇ ਵੈਟਨਰੀ ਇੰਸਪੈਕਟਰ ਪਸ਼ੂ ਪਾਲਕਾਂ ਦੀਆਂ ਤਕਲੀਫਾਂ ਨੂੰ ਸਮਝਦਿਆਂ ਉਨ੍ਹਾਂ ਦੀ ਮਦਦ ਲਈ ਹਰ ਸੰਭਵ ਯਤਨ ਕਰਨ।
ਇਸ ਦੇ ਨਾਲ ਹੀ ਪਸ਼ੂ ਪਾਲਕਾਂ ਨੂੰ ਚਾਹੀਦਾ ਹੈ ਕਿ ਉਹ ਪਸ਼ੂ ਨੂੰ ਡੰਗਰ ਸਮਝਣ ਦੀ ਥਾਂ ਆਪਣੇ ਬੱਚਿਆਂ ਵਾਂਗ ਸੰਭਾਲਣ, ਆਪਣੇ ਪਿਤਾ ਪੁਰਖੀ ਕਿੱਤੇ ਨੂੰ ਨਿੰਦਣ ਨਾ, ਸਮੇਂ ਤੇ ਲੋੜ ਅਨੁਸਾਰ ਖੁਰਾਕ ਪਾਣੀ ਦਿੱਤਾ ਜਾਵੇ। ਪਸ਼ੂ, ਪਸ਼ੂਆਂ ਦਾ ਚਾਰਾ ਅਤੇ ਪਸ਼ੂਆਂ ਦੇ ਸ਼ੈੱਡ ਬਿਲਕੁਲ ਸਾਫ ਸੁਥਰੇ ਰੱਖੇ ਜਾਣ।
ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਕਾਂ ਲਈ ਸਸਤੀਆਂ ਵਿਆਜ ਦਰਾਂ ਅਤੇ ਸਬਸਿਡੀ ਵਾਲੇ ਕਰਜ਼ੇ, ਸਸਤਾ ਪਸ਼ੂ ਸਿਹਤ ਬੀਮਾ, ਮੱਝਾਂ ਦੀ ਨਸਲ ਸੁਧਾਰਨ ਵਾਸਤੇ ਪੀਟੀ ਪ੍ਰਾਜੈਕਟ ਵਰਗਾ ਪੂਰੇ ਪੰਜਾਬ ’ਚ ਕੋਈ ਪਾਇਲਟ ਪ੍ਰਾਜੈਕਟ ਲਾਗੂ ਕਰਨਾ, ਪਸ਼ੂ ਦੇ ਇਲਾਜ ਅਤੇ ਮੌਤ ਹੋਣ ਦੀ ਹਾਲਤ ਵਿੱਚ ਵਿਤੀ ਸਹਾਇਤੀ ਇਸ ਧੰਦੇ ਨੂੰ ਬਚਾ ਸਕਦੀ ਹੈ। ਵੈਟਨਰੀ ਸਟਾਫ ਦੀ ਘਾਟ ਪੂਰਾ ਕਰ ਕੇ, ਵਿਭਾਗ ਤੋਂ ਬਾਹਰੀ ਡਿਊਟੀਆਂ ਬੰਦ ਕਰ ਕੇ, ਕਈ ਬਿਮਾਰੀਆਂ ਦੀ ਇਕੱਠੀ ਵੈਕਸੀਨ (Triovac ਜੋ ਗਲ ਘੋਟੂ, ਮੂੰਹ-ਖੁਰ, ਪੱਟ ਸੋਜਾ ਰੋਕਦੀ ਹੈ) ਲਗਾ ਕੇ ਉਨ੍ਹਾਂ ਦਾ ਸਮਾਂ ਇਲਾਜ, ਨਸਲ ਸੁਧਾਰ ਅਤੇ ਜਾਗਰੂਕਤਾ ਲਈ ਵਰਤਣਾ ਚਾਹੀਦਾ ਹੈ। ਉਨ੍ਹਾਂ ਦੀ ਹਾਜ਼ਰੀ ਅਸਿੱਖਿਅਤ ਲੋਕਾਂ ਤੋਂ ਪਸ਼ੂ ਧਨ ਦੇ ਨੁਕਸਾਨ ਨੂੰ ਬਚਾ ਸਕਦੀ ਹੈ।
ਪਸ਼ੂ ਪਾਲਕਾਂ ਬਾਰੇ ਇੱਕ ਗੱਲ ਜ਼ਰੂਰ ਕਹਾਂਗੇ ਕਿ ਉਹ ਦੂਜੇ ਲੋਕਾਂ ਦੇ ਮੁਕਾਬਲਤਨ ਵਧੇਰੇ ਚੁਸਤ, ਤੰਦਰੁਸਤ, ਮਿਹਨਤੀ ਅਤੇ ਜ਼ਿੰਮੇਵਾਰ ਹੁੰਦੇ ਹਨ। ਕੰਮਕਾਜ ਵਿੱਚ ਰੁੱਝੇ ਰਹਿਣ ਕਾਰਨ ਨਸ਼ਾ ਅਤੇ ਮਾੜੀ ਸੰਗਤ ਤੋਂ ਅਕਸਰ ਦੂਰ ਰਹਿੰਦੇ ਹਨ, ਉਹ ਹਰ ਗੱਲ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਸ਼ੂ ਧਨ ਸਬੰਧੀ ਉਨ੍ਹਾਂ ਨੂੰ ਦਿੱਤੀ ਗਈ ਸਹੀ ਜਾਣਕਾਰੀ ਬਿਹਤਰ ਨਤੀਜੇ ਦੇ ਸਕਦੀ ਹੈ।
ਪੰਜਾਬ ਦਾ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਹੇਠ ਹੈ, ਗੁਜ਼ਾਰੇ ਲਾਇਕ ਧੰਦਿਆਂ ਦਾ ਬੰਦ ਹੋਣਾ ਹੋਰ ਖ਼ਤਰਨਾਕ ਹੋਵੇਗਾ। ਦੁੱਧ ਤੋਂ ਬਣਨ ਵਾਲੀਆਂ ਵਸਤਾਂ ਸਬੰਧੀ ਸਨਅਤ ਲਗਾ ਕੇ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਜਾ ਸਕਦੇ ਹਨ, ਪਸ਼ੂ ਪਾਲਣ ਧੰਦਾ ਘਰੇਲੂ ਸੁਆਣੀਆਂ ਨੂੰ ਵੀ ਰੁਜ਼ਗਾਰ ਦਿੰਦਾ ਹੈ। ਰਲ-ਮਿਲ ਕੇ ਉਪਰਾਲੇ ਕਰੀਏ ਤਾਂ ਕਿ ਪੰਜਾਬ ਅੰਦਰ ਨਸ਼ਿਆਂ ਦਾ ਛੇਵਾਂ ਦਰਿਆ ਬੰਦ ਹੋ ਕੇ ਦੁੱਧ ਦੀਆਂ ਨਦੀਆਂ ਵਹਿ ਸਕਣ। ਆਓ, ਠੋਸ ਉਪਰਾਲੇ ਕਰ ਕੇ ਘਟ ਰਹੇ ਪਸ਼ੂ ਧਨ ਨੂੰ ਬਚਾਈਏ।
*ਲੇਖਕ ਸੇਵਾ ਮੁਕਤ ਵੈਟਨਰੀ ਇੰਸਪੈਕਟਰ ਹੈ।
ਸੰਪਰਕ: 98144-24896