ਗੁਰੂ ਨਾਨਕ ਦੇਵ ਦੇ ਅਧਿਆਤਮਕ ਤੇ ਰਾਜਨੀਤਕ ਚਿੰਤਨ ਬਾਰੇ ਚਰਚਾ
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਅਪਰੈਲ
ਇੰਡੀਆ ਹੈਬੀਟੈੱਟ ਸੈਂਟਰ, ਲੋਧੀ ਰੋਡ ਨਵੀਂ ਦਿੱਲੀ ਵਿਖੇ ਇੰਡੀਆ ਫ਼ਾਊਂਡੇਸ਼ਨ ਵਲੋਂ ਵੱਖ ਵੱਖ ਵਕਾਰੀ ਅਕਾਦਮਿਕ ਤੇ ਸੱਭਿਆਚਾਰਕ ਸੰਸਥਾਵਾਂ ਦੇ ਸਾਂਝੇ ਸਹਿਯੋਗ ਨਾਲ ਰਿਫ਼ਰੈਸ਼ਰ ਕੋਰਸ ਕਰਵਾਇਆ ਗਿਆ। ਕੈਪੇਸਿਟੀ ਬਿਲਡਿੰਗ ਪ੍ਰੋਗਰਾਮ ਦੇ ਅੰਤਰਗਤ ਇਸ ਕੋਰਸ ਦਾ ਵਿਸ਼ਾ ਸੀ : ‘ਭਾਰਤ ਦੀਆਂ ਪ੍ਰਾਚੀਨ ਤੇ ਮੱਧਕਾਲੀਨ ਸਭਿਆਚਾਰਕ ਤੇ ਰਾਜਨੀਤਕ ਪਰੰਪਰਾਵਾਂ’। ਵੱਖ ਵੱਖ ਯੂਨੀਵਰਸਿਟੀਆਂ ਤੇ ਅਕਾਦਮਕ ਸੰਸਥਾਵਾਂ ਨਾਲ਼ ਸਬੰਧਤ ਸਕਾਲਰਾਂ ਤੇ ਅਧਿਆਪਕਾਂ ਨੇ ਪ੍ਰੋਗਰਾਮ ਵਿੱਚ ਹਾਜ਼ਰੀ ਭਰੀ। ਪ੍ਰੋ. ਮਨਜੀਤ ਸਿੰਘ (ਸਾਬਕਾ ਮੁਖੀ, ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ) ਨੇ, ਗੁਰੂ ਨਾਨਕ ਦੇਵ ਜੀ ਦੇ ਅਧਿਆਤਮਕ ਤੇ ਰਾਜਨੀਤਕ-ਸਭਿਆਚਾਰਕ ਚਿੰਤਨ ’ਤੇ ਚਰਚਾ ਕੀਤੀ। ਇਸ ਮੌਕੇ ਉਨ੍ਹਾਂ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਗੁਰੂ ਨਾਨਕ ਸਾਹਿਬ ਨੂੰ ਸਮਝਣ ਲਈ, ਉਨ੍ਹਾਂ ਦੀ ਸਾਰੀ ਪਰੰਪਰਾ ਨੂੰ ਜਾਣਨਾ ਜ਼ਰੂਰੀ ਹੈ। ਇਸ ਵਿਚਾਰ ਦੀ ਪੁਸ਼ਟੀ ਲਈ ਉਨ੍ਹਾਂ ਨੇ, ਮੱਧਕਾਲੀਨ ਭਗਤੀ ਲਹਿਰ, ਸਿੱਖ ਗੁਰੂ ਸਾਹਿਬਾਨ ਤੇ ਉਸ ਮਗਰੋਂ ਦੇ ਸਿੱਖਾਂ ਦੇ ਕਾਰਨਾਮਿਆਂ ਦਾ ਤਫ਼ਸੀਲ ਸਹਿਤ ਵਰਣਨ ਕੀਤਾ। ਇਸ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਦੇ ਜੀਵਨ-ਦਰਸ਼ਨ, ਸਿੱਖ ਲਹਿਰ ਦੇ ਕਾਰਨਾਮਿਆਂ, ਮੁਗ਼ਲ ਬਾਦਸ਼ਾਹਾਂ ਦੇ ਸਿੱਖ ਗੁਰੂ ਸਾਹਿਬਾਨ ਨਾਲ਼ ਬਣਦੇ-ਵਿਗੜਦੇ ਰਾਜਨੀਤਕ ਤੇ ਸਾਂਸਕ੍ਰਿਤਕ ਸੰਬੰਧਾਂ ਦੇ ਬਿਆਨ ਉਪਰ, ਪ੍ਰੋ. ਸਹਿਬ ਨੇ ਆਪਣੀ ਅਮਿੱਟ ਛਾਪ ਛੱਡੀ। ਉਨ੍ਹਾਂ ਨੇ, ਖ਼ਾਸ ਕਰਕੇ, ਗੁਰੂ ਨਾਨਕ ਦੇਵ ਦੀ ਦੇ ਸਮੁੱਚੇ ਚਿੰਤਨ ਦੀ ਮੌਜੂਦਾ ਸਾਰਥਕਤਾ ਤੇ ਪ੍ਰਸੰਗਿਕਤਾ ਨੂੰ ਵੀ ਬਾਖ਼ੂਬੀ ਸਥਾਪਤ ਕੀਤਾ। ਪ੍ਰੋ. ਮਨਜੀਤ ਸਿੰਘ ਨੇ ਗੁਰੂ ਅਮਰਦਾਸ ਜੀ ਦੇ ਇੱਕ ਸ਼ਬਦ ਦਾ ਹਵਾਲਾ ਵੀ ਦਿੱਤਾ। ਨਾਨਕਬਾਣੀ ਵੀ ਇਸ ਸਬੰਧ ਵਿੱਚ ਭਰਪੂਰ ਚਰਚਾ ਦਾ ਵਿਸ਼ਾ ਬਣੀ।