ED summons Robert Vadra ਰੌਬਰਟ ਵਾਡਰਾ ਈਡੀ ਦਫ਼ਤਰ ਪੁੱਜੇ
ਉਜਵਲ ਜਲਾਲੀ
ਨਵੀਂ ਦਿੱਲੀ, 15 ਅਪਰੈਲ
ED summons Robert Vadra ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਨੇੜਲੇ ਰਿਸ਼ਤੇਦਾਰ ਤੇ ਕਾਰੋਬਾਰੀ ਰੌਬਰਟ ਵਾਡਰਾ (56) ਹਰਿਆਣਾ ਦੇ ਸ਼ਿਕੋਹਪੁਰ ਵਿੱਚ ਜ਼ਮੀਨ ਦੇ ਖਰੀਦ ਸੌਦੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਜਾਰੀ ਸੰਮਨਾਂ ਮਗਰੋਂ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਪਹੁੰਚ ਗਏ ਹਨ। ਸੰਘੀ ਏਜੰਸੀ ਨੇ ਸੰਮਨ ਜਾਰੀ ਕਰਕੇ ਰੌਬਰਟ ਵਾਡਰਾ ਨੂੰ ਪੁੱਛ ਪੜਤਾਲ ਲਈ ਦੂਜੀ ਵਾਰ ਸੱਦਿਆ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਵਾਡਰਾ ਦਾ ਬਿਆਨ ਅੱਜ ਮਨੀ ਲਾਂਡਰਿੰਗ ਰੋਕਥਾਮ ਐਕਟ ਤਹਿਤ ਦਰਜ ਕੀਤੇ ਜਾਣ ਦੀ ਸੰਭਾਵਨਾ ਹੈ।
ਵਾਡਰਾ ਨੂੰ ਇਸ ਮਾਮਲੇ ਵਿੱਚ ਪਹਿਲਾਂ 8 ਅਪਰੈਲ ਨੂੰ ਸੰਮਨ ਭੇਜਿਆ ਗਿਆ ਸੀ, ਪਰ ਉਹ ਏਜੰਸੀ ਅੱਗੇ ਪੇਸ਼ ਨਹੀਂ ਹੋਏ। ਵਾਡਰਾ, ਜਿਨ੍ਹਾਂ ਦੀ ਪਤਨੀ ਪ੍ਰਿਯੰਕਾ ਗਾਂਧੀ ਵਾਡਰਾ ਕੇਰਲਾ ਦੇ ਵਾਇਨਾਡ ਤੋਂ ਕਾਂਗਰਸ ਦੀ ਸੰਸਦ ਮੈਂਬਰ ਹੈ, ਵਿਰੁੱਧ ਜਾਂਚ ਹਰਿਆਣਾ ਦੇ ਸ਼ਿਕੋਹਪੁਰ ਵਿੱਚ ਇੱਕ ਜ਼ਮੀਨ ਸੌਦੇ ਨਾਲ ਜੁੜੀ ਹੋਈ ਹੈ। ਸੂਤਰਾਂ ਨੇ ਕਿਹਾ ਕਿ ਇੱਕ ਵਾਰ ਜਦੋਂ ਉਹ ਈਡੀ ਦੇ ਸਾਹਮਣੇ ਪੇਸ਼ ਹੋਣਗੇ, ਤਾਂ ਏਜੰਸੀ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਤਹਿਤ ਉਨ੍ਹਾਂ ਦਾ ਬਿਆਨ ਦਰਜ ਕਰੇਗੀ। ਵਾਡਰਾ ਤੋਂ ਪਹਿਲਾਂ ਇੱਕ ਵੱਖਰੇ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਘੀ ਜਾਂਚ ਏਜੰਸੀ ਵੱਲੋਂ ਪੁੱਛਗਿੱਛ ਕੀਤੀ ਗਈ ਸੀ।
ਇਹ ਮਾਮਲਾ ਫਰਵਰੀ 2008 ਵਿੱਚ ਵਾਡਰਾ ਦੀ ਕੰਪਨੀ ਵੱਲੋਂ ਓਮਕਾਰੇਸ਼ਵਰ ਪ੍ਰਾਪਰਟੀਜ਼ ਤੋਂ ਗੁੜਗਾਓਂ ਦੇ ਸ਼ਿਕੋਹਪੁਰ ਵਿੱਚ 3.5 ਏਕੜ ਦੇ ਪਲਾਟ ਨੂੰ 7.5 ਕਰੋੜ ਰੁਪਏ ਵਿੱਚ ਖਰੀਦਣ ਨਾਲ ਸਬੰਧਤ ਹੈ। ਦੋਸ਼ ਹੈ ਕਿ ਵਾਡਰਾ ਦੀ ਕੰਪਨੀ ਨੇ ਬਾਅਦ ਵਿੱਚ ਜ਼ਮੀਨ ਦੇ ਟੁਕੜੇ ਨੂੰ ਰੀਅਲ ਅਸਟੇਟ ਦਿੱਗਜ ਡੀਐਲਐਫ ਨੂੰ 58 ਕਰੋੜ ਰੁਪਏ ਵਿੱਚ ਵੇਚ ਦਿੱਤਾ।
ਈਡੀ ਦੇ ਸੰਮਨ ਭਾਜਪਾ ਵੱਲੋਂ ਜਾਂਚ ਏਜੰਸੀਆਂ ਦੀ ਦੁਰਵਰਤੋਂ: ਵਾਡਰਾ
ਇਸ ਦੌਰਾਨ, ਵਾਡਰਾ ਨੇ ਈਡੀ ਵੱਲੋਂ ਜਾਰੀ ਸੰਮਨਾਂ ਨੂੰ ਭਾਜਪਾ ਵੱਲੋਂ ਜਾਂਚ ਏਜੰਸੀਆਂ ਦੀ ਦੁਰਵਰਤੋਂ ਦੱਸਿਆ ਹੈ। ਵਾਡਰਾ ਨੇ ਕਿਹਾ, ‘‘ਜਦੋਂ ਵੀ ਮੈਂ ਲੋਕਾਂ ਲਈ ਬੋਲਾਂਗਾ ਅਤੇ ਉਨ੍ਹਾਂ ਨੂੰ ਸੁਣਾਵਾਂਗਾ, ਉਹ ਮੈਨੂੰ ਦਬਾਉਣ ਦੀ ਕੋਸ਼ਿਸ਼ ਕਰਨਗੇ... ਮੈਂ ਹਮੇਸ਼ਾ ਸਾਰੇ ਜਵਾਬ ਦਿੱਤੇ ਹਨ ਅਤੇ ਅਜਿਹਾ ਕਰਦੇ ਰਹਾਂਗੇ... ਭਾਜਪਾ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ... ਪਿਛਲੇ 20 ਸਾਲਾਂ ਵਿੱਚ ਕੁਝ ਵੀ ਨਹੀਂ ਮਿਲਿਆ ਹੈ। ਅਸੀਂ ਹਰ ਚੀਜ਼ ਲਈ ਤਿਆਰ ਹਾਂ।’’