ਬਿਊਰੋ ਦੇ ਅਧਿਕਾਰੀ ਨੂੰ ਲੁੱਟਣ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ
ਨਵੀਂ ਦਿੱਲੀ, 14 ਅਪਰੈਲ
ਕੌਮੀ ਰਾਜਧਾਨੀ ਦੇ ਆਰਕੇ ਆਸ਼ਰਮ ਮਾਰਗ ਕੋਲ ਚਾਕੂ ਦਿਖਾ ਕੇ ਖ਼ੁਫ਼ੀਆ ਬਿਊਰੋ ਦੇ ਇੱਕ ਅਧਿਕਾਰੀ ਨੂੰ ਲੁੱਟਣ ਦੇ ਦੋਸ਼ ਹੇਠ ਦੋ ਆਟੋ ਰਿਕਸ਼ਾ ਚਾਲਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ 11 ਅਪਰੈਲ ਨੂੰ ਸ਼ਿਕਾਇਤਕਰਤਾ ਪਹਾੜਗੰਜ ਦੇ ਇੱਕ ਰੇਸਤਰਾਂ ਵਿੱਚ ਗਿਆ ਸੀ। ਇੱਥੋਂ ਮੁਲਜ਼ਮ ਅਖ਼ਤਰ ਰਜਾ(41) ਅਤੇ ਗੁਲਾਮ ਰਜਾ(25) ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਨਵੀਂ ਦਿੱਲੀ ਦੇ ਡੀਸੀਪੀ ਦੇਵੇਸ਼ ਮਹਿਲਾ ਨੇ ਦੱਸਿਆ ਕਿ ਰਾਤ ਕਰੀਬ ਇੱਕ ਵਜੇ ਜਦੋਂ ਸ਼ਿਕਾਇਤਕਰਤਾ ਆਕ ਆਸ਼ਰਮ ਮਾਰਗ ’ਤੇ ਟਰੈਫਿਕ ਲਾਈਟਾਂ ਨੇੜੇ ਆਟੋ ਰਿਕਸ਼ਾ ਦਾ ਇੰਤਜ਼ਾਰ ਕਰ ਰਿਹਾ ਸੀ, ਤਾਂ ਦੋਵਾਂ ਆਟੋ ਚਾਲਕਾਂ ਨੇ ਨੇ ਚਾਕੂ ਦਿਖਾ ਕੇ ਉਸ ਦਾ ਪਰਸ ਖੋਹ ਲਿਆ। ਪਰਸ ਵਿੱਚ ਡੈਬਿਟ ਕਾਰਡ, ਕਰੈਡਿਟ ਕਾਰਡ, ਆਧਾਰ ਕਾਰਡ, ਵੋਟਰ ਆਈਡੀ, ਸੀਜੀਐੱਚਐੱਸ ਕਾਰਡ ਅਤੇ 1500 ਰੁਪਏ ਸਨ। ਇਸ ਮਾਮਲੇ ਵਿੱਚ ਮੰਦਰ ਮਾਰਗ ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਮਗਰੋਂ ਸੀਸੀਟੀਵੀ ਦੀ ਮਦਦ ਨਾਲ ਮੁਲਜ਼ਮ ਆਟੋ ਚਾਲਕ ਅਖਤਰ ਦੀ ਪਛਾਣ ਹੋਈ। ਕਾਬੂ ਕਰਨ ਤੋਂ ਬਾਅਦ ਅਖਤਰ ਨੇ ਇਸ ਸਬੰਧੀ ਖੁਲਾਸਾ ਕੀਤਾ ਕਿ ਉਸ ਨੇ ਅਤੇ ਰਜਾ ਨੇ ਪਹਾੜਗੰਜ ਦੇ ਇੱਕ ਰੇਸਤਰਾਂ ਤੋਂ ਪੀੜਤ ਦਾ ਪਿੱਛਾ ਕਰਨ ਮਗਰੋਂ ਉਸ ਨੂੰ ਲੁੱਟਣ ਦੀ ਯੋਜਨਾ ਬਣਾਈ। ਮਗਰੋਂ ਪੁਲੀਸ ਨੇ ਰਜ਼ਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਸ਼ਿਕਾਇਤਕਰਤਾ ਦਾ ਪਰਸ, ਆਧਾਰ ਅਤੇ ਵੋਟਰ ਆਈਡੀ ਨਾਲ 725 ਰੁਪਏ ਬਰਾਮਦ ਹੋ ਗਏ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਚਾਕੂ ਅਤੇ ਆਟੋ ਰਿਕਸ਼ ਵੀ ਬਰਾਮਦ ਕਰ ਲਿਆ ਹੈ। ਡੀਸੀਪੀ ਨੇ ਦੱਸਿਆ ਕਿ ਦੋਵੇਂ ਆਟੋ ਰਿਕਸ਼ਾ ਚਾਲਕ ਬਿਹਾਰ ਦੇ ਕਿਸ਼ਨਗੰਜ ਜ਼ਿਲ੍ਹੇ ਦੇ ਮੂਲ ਵਾਸੀ ਹਨ। -ਪੀਟੀਆਈ