ਜ਼ਿਲ੍ਹੇ ’ਚੋਂ ਨਸ਼ਾ ਖ਼ਤਮ ਕਰਾਂਗੇ: ਸਿੱਧਾਂਤ ਜੈਨ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 25 ਅਪਰੈਲ
ਆਈਪੀਐੱਸ ਸਿਧਾਂਤ ਜੈਨ ਨੇ ਅੱਜ ਪੁਲੀਸ ਸੁਪਰਡੈਂਟ ਫ਼ਤਿਹਾਬਾਦ ਵਜੋਂ ਅਹੁਦਾ ਸੰਭਾਲ ਲਿਆ ਹੈ। ਡੀਸੀਪੀ ਜਗਦੀਸ਼ ਚੰਦਰ, ਡਿਪਟੀ ਸੁਪਰਡੈਂਟ ਆਫ਼ ਪੁਲੀਸ ਭੂਨਾ ਕੁਲਵੰਤ ਸਿੰਘ, ਡਿਪਟੀ ਸੁਪਰਡੈਂਟ ਆਫ਼ ਪੁਲੀਸ ਟੋਹਾਣਾ ਉਮੇਦ ਸਿੰਘ, ਨਰਸਿੰਘ ਡਿਪਟੀ ਸੁਪਰਡੈਂਟ ਆਫ਼ ਪੁਲੀਸ ਫਤਿਹਾਬਾਦ (ਟਰੈਫਿਕ), ਸੰਜੇ ਕੁਮਾਰ ਡਿਪਟੀ ਸੁਪਰਡੈਂਟ ਆਫ਼ ਪੁਲੀਸ ਰਤੀਆ ਅਤੇ ਸਿਟੀ ਪੁਲੀਸ ਸਟੇਸ਼ਨ ਫਤਿਹਾਬਾਦ ਦੇ ਇੰਚਾਰਜ ਨੇ ਪੁਲੀਸ ਸੁਪਰਡੈਂਟ ਦਾ ਦਫ਼ਤਰ ਪਹੁੰਚਣ ’ਤੇ ਗੁਲਦਸਤਾ ਦੇ ਕੇ ਸਵਾਗਤ ਕੀਤਾ। ਇਸ ਤੋਂ ਪਹਿਲਾਂ ਉਹ ਜ਼ਿਲ੍ਹਾ ਗੁਰੂਗ੍ਰਾਮ ਵਿੱਚ ਡੀਸੀਪੀ ਦੱਖਣੀ ਅਤੇ ਪੁਲੀਸ ਜ਼ਿਲ੍ਹਾ ਡੱਬਵਾਲੀ ਵਿੱਚ ਪੁਲੀਸ ਸੁਪਰਡੈਂਟ ਦੇ ਅਹੁਦੇ ਸੰਭਾਲ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੂੰ ਪੁਲੀਸ ਜ਼ਿਲ੍ਹਾ ਡੱਬਵਾਲੀ ਤੋਂ ਤਬਦੀਲ ਕਰਕੇ ਜ਼ਿਲ੍ਹਾ ਫਤਿਹਾਬਾਦ ਦਾ ਪੁਲੀਸ ਸੁਪਰਡੈਂਟ ਨਿਯੁਕਤ ਕੀਤਾ ਗਿਆ ਹੈ।ਨਵ-ਨਿਯੁਕਤ ਪੁਲੀਸ ਸੁਪਰਡੈਂਟ ਨੇ ਕਿਹਾ ਕਿ ਫਤਿਹਾਬਾਦ ਪੁਲੀਸ ਵੱਲੋਂ ਅਪਰਾਧ ਰੋਕਣ ਲਈ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅਪਰਾਧੀਆਂ ਨੂੰ ਜਾਣਕਾਰੀ ਦੇਣ ਅਤੇ ਪਨਾਹ ਦੇਣ ਵਾਲਿਆਂ ਵਿਰੁੱਧ ਵੀ ਮਿਸਾਲੀ ਕਾਰਵਾਈ ਕੀਤੀ ਜਾਵੇਗੀ। ਪੁਲੀਸ ਸੁਪਰਡੈਂਟ ਨੇ ਅਧਿਕਾਰੀਆਂ ਅਤੇ ਪੁਲੀਸ ਸਟੇਸ਼ਨ ਮੈਨੇਜਰਾਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਫਤਿਹਾਬਾਦ ਵਿੱਚ ਅਪਰਾਧੀਆਂ ਲਈ ਕੋਈ ਜਗ੍ਹਾ ਨਹੀਂ ਹੈ। ਤਨਖਾਹ ਲੋਕਾਂ ਦੀ ਮਿਹਨਤ ਦੀ ਕਮਾਈ ’ਤੇ ਦਿੱਤੇ ਗਏ ਟੈਕਸਾਂ ਤੋਂ ਆਉਂਦੀ ਹੈ। ਉਨ੍ਹਾਂ ਦੀ ਜਾਨ-ਮਾਲ ਦੀ ਰੱਖਿਆ ਕਰਨਾ ਪੁਲੀਸ ਜ਼ਿੰਮੇਵਾਰੀ ਹੈ। ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਅਪਰਾਧੀਆਂ ਨੂੰ ਖਤਮ ਕੀਤਾ ਜਾਵੇ। ਗਲਤ ਕੰਮ ਕਰਨ ਵਾਲਿਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ।