ਕਾਲਜ ਵਿੱਚ ਦਾਖ਼ਲਾ ਦਿਵਾਉਣ ਦਾ ਝਾਂਸਾ ਦੇ ਕੇ 15 ਲੱਖ ਠੱਗੇ
ਪੱਤਰ ਪ੍ਰੇਰਕ
ਫਰੀਦਾਬਾਦ, 25 ਅਪਰੈਲ
ਈਐੱਸਆਈਸੀ ਮੈਡੀਕਲ ਕਾਲਜ ਵਿੱਚ ਐੱਮਬੀਬੀਐੱਸ ’ਚ ਦਾਖ਼ਲਾ ਦਿਵਾਉਣ ਦਾ ਝਾਂਸਾ ਦੇ ਕੇ ਇੱਕ ਵਿਦਿਆਰਥਣ ਨਾਲ ਕਰੀਬ 15 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੇ ਪਿਤਾ ਜਤਿੰਦਰ ਸ਼ਰਮਾ ਨੇ ਪੁਲੀਸ ਸ਼ਿਕਾਇਤ ਵਿੱਚ ਦੱਸਿਆ ਕਿ ਸੈਕਟਰ-58 ਥਾਣਾ ਪੁਲੀਸ ਨੇ ਮਾਮਲੇ ’ਚ 5 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਤਿੰਦਰ ਸ਼ਰਮਾ ਨੇ ਮਨੋਜ ਸ਼ਰਮਾ, ਉਸ ਦੀ ਪਤਨੀ ਮੋਨਿਕਾ, ਸ਼ੁਭਮ ਤਿਵਾੜੀ, ਪ੍ਰਿਅੰਕਾ ਅਤੇ ਕ੍ਰਿਸ਼ਨਾ ਖ਼ਿਲਾਫ਼ ਧੋਖਾਧੜੀ ਦਾ ਦੋਸ਼ ਲਾਇਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਜੂਨ 2024 ’ਚ ਨੀਟ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਲੜਕੀ ਨਾਲ ਉਸ ਦੇ ਜਮਾਤੀ ਸ਼ੁਭਮ ਤਿਵਾੜੀ ਨੇ ਸੰਪਰਕ ਕੀਤਾ। ਉਸ ਨੇ ਲੜਕੀ ਨੂੰ ਕਿਹਾ ਕਿ ਮਨੋਜ ਸ਼ਰਮਾ ਤੇ ਮੋਨਿਕਾ ਦੇ ਉੱਚ ਪੱਧਰ ’ਤੇ ਮਜ਼ਬੂਤ ਸਬੰਧ ਹਨ ਤੇ ਈਐੱਸਆਈਸੀ ਮੈਡੀਕਲ ਕਾਲਜ ਵਿੱਚ ਐੱਮਬੀਬੀਐੱਸ ਦੀ ਸੀਟ ਦਿਵਾ ਸਕਦੇ ਹਨ। ਸ਼ੁਭਮ ਨੇ ਜਤਿੰਦਰ ਅਤੇ ਉਸ ਦੀ ਧੀ ਦੀ ਮੋਨਿਕਾ ਨਾਲ ਜਾਣ-ਪਛਾਣ ਕਰਵਾਈ ਤੇ ਦਾਖਲਾ ਦਿਵਾਉਣ ਲਈ 15 ਲੱਖ ਮੰਗੇ। ਮੁਲਜ਼ਮਾਂ ਨੇ ਉਨ੍ਹਾਂ ਨੂੰ 2024-25 ਸੈਸ਼ਨ ਲਈ ਚੁਣੇ ਗਏ ਐਮਬੀਬੀਐਸ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੀ ਫਰਜ਼ੀ ਸੂਚੀ ਦਿੱਤੀ। ਇਸ ਸੂਚੀ ’ਚ ਜਤਿੰਦਰ ਦੀ ਬੇਟੀ ਦਾ ਨਾਂ 50ਵੇਂ ਨੰਬਰ ’ਤੇ ਸੀ। 7 ਅਕਤੂਬਰ 2024 ਨੂੰ ਦਾਖ਼ਲੇ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਜਿਸ ਵਿੱਚ ਦਸਤਾਵੇਜ਼ਾਂ ਦੀ ਪੁਸ਼ਟੀ ਸਬੰਧੀ ਦਾਅਵਾ ਵੀ ਲਿਖਿਆ ਗਿਆ ਸੀ। ਇਸ ਮਗਰੋਂ ਜਦੋਂ ਲੜਕੀ ਦਾ ਨਾਮ ਅਸਲੀ ਸੂਚੀ ਵਿੱਚ ਨਹੀਂ ਪਾਇਆ ਗਿਆ ਤਾਂ ਧੋਖਾਧੜੀ ਦਾ ਪਤਾ ਲੱਗਾ।