ਇੰਡੀਅਨ ਯੂਥ ਕਾਂਗਰਸ ਵੱਲੋਂ ਤਿਰੰਗਾ ਮਾਰਚ
ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਅਪਰੈਲ
ਇੰਡੀਅਨ ਯੂਥ ਕਾਂਗਰਸ ਨੇ ਪਹਿਲਗਾਮ ਅਤਿਵਾਦੀ ਹਮਲੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਲਈ ਤਿਰੰਗਾ ਮਾਰਚ ਦਾ ਕੀਤਾ। ਇਸ ਦੌਰਾਨ ਇੰਡੀਅਨ ਯੂਥ ਕਾਂਗਰਸ ਦੇ ਕਈ ਵਰਕਰਾਂ ਨੇ ਰਾਸ਼ਟਰੀ ਪ੍ਰਧਾਨ ਉਦੈ ਭਾਨੂ ਚਿੱਬ ਦੀ ਅਗਵਾਈ ਹੇਠ ਜੰਤਰ-ਮੰਤਰ ਚੌਕ ਤੋਂ ਜੰਤਰ-ਮੰਤਰ ਤੱਕ ਤਿਰੰਗਾ ਮਾਰਚ ਕੀਤਾ। ਮਾਰਚ ਦੌਰਾਨ ਯੂਥ ਕਾਂਗਰਸ ਦੇ ਕਈ ਕੌਮੀ ਜਨਰਲ ਸਕੱਤਰ, ਕਈ ਕੌਮੀ ਪ੍ਰਧਾਨ ਤੇ ਕਈ ਸੂਬਾ ਪ੍ਰਧਾਨ ਹਾਜ਼ਰ ਸਨ। ਚਿੱਬ ਨੇ ਕਿਹਾ ਕਿ ਇੰਡੀਅਨ ਯੂਥ ਕਾਂਗਰਸ ਦਾ ਇਹ ਤਿਰੰਗਾ ਮਾਰਚ ਇਨਸਾਫ਼ ਦੀ ਗੂੰਜ ਹੈ, ਜੋ ਪਹਿਲਗਾਮ ਵਿੱਚ ਮਾਰੇ ਗਏ ਭਾਰਤੀਆਂ ਲਈ ਇਨਸਾਫ਼ ਦੀ ਮੰਗ ਕਰ ਰਹੀ ਹੈ। ਹੁਣ ਸਮਾਂ ਕੂਟਨੀਤੀ ਦਾ ਨਹੀਂ, ਸਗੋਂ ਸਿੱਧੇ ਅਤੇ ਸਖ਼ਤ ਜਵਾਬ ਦਾ ਹੈ। ਪੂਰਾ ਦੇਸ਼ ਫੌਜ ਅਤੇ ਸਰਕਾਰ ਦੇ ਨਾਲ ਖੜ੍ਹਾ ਹੈ, ਪਰ ਜਵਾਬ ਸਰਹੱਦ ’ਤੇ ਨਜ਼ਰ ਆਉਣਾ ਚਾਹੀਦਾ ਹੈ, ਸ਼ਬਦਾਂ ’ਚ ਨਹੀਂ। ਆਗੂਆਂ ਨੇ ਕਿਹਾ, ‘‘ਅਸੀਂ ਇਸ ਤਿਰੰਗਾ ਮਾਰਚ ਰਾਹੀਂ ਪੁੱਛਣਾ ਚਾਹੁੰਦੇ ਹਾਂ ਕਿ ਜਦੋਂ ਮੋਦੀ ਸਰਕਾਰ ਨੇ ਖੁਦ ਸੁਰੱਖਿਆ ਦੀ ਲਾਪ੍ਰਵਾਹੀ ਸਵੀਕਾਰ ਕਰ ਲਈ ਹੈ ਤਾਂ ਫਿਰ ਜ਼ਿੰਮੇਵਾਰਾਂ ਖਿਲਾਫ ਕਾਰਵਾਈ ਕਦੋਂ ਹੋਵੇਗੀ। ਭਾਰਤੀਆਂ ਦੀ ਜਾਨ ਦਾ ਕੌਣ ਜ਼ਿੰਮੇਵਾਰ ਹੈ।’’ ਕੌਮੀ ਪ੍ਰਧਾਨ ਉਦੈ ਭਾਨੂ ਚਿੱਬ ਨੇ ਕਿਹਾ, ‘‘ਸਾਡੇ ਦੇਸ਼ ਦੇ ਅੰਦਰੂਨੀ ਹਿੱਸਿਆਂ ਵਿੱਚ ਘੁਸਪੈਠ, ਬੇਕਸੂਰ ਲੋਕਾਂ ਦਾ ਕਤਲ, ਇਹ ਸਭ ਤਾਂ ਹੀ ਸੰਭਵ ਹੈ ਕਿਉਂਕਿ ਸਰਹੱਦ ਪਾਰ ਬੈਠੇ ਅਤਿਵਾਦੀ ਸੰਗਠਨਾਂ ਨੂੰ ਪਾਕਿਸਤਾਨ ਸਰਕਾਰ ਦੀ ਖੁੱਲ੍ਹੀ ਹਮਾਇਤ ਮਿਲਦੀ ਹੈ। ਅੱਜ ਅਸੀਂ ਸਾਰੇ ਅਤਿਵਾਦ ਵਿਰੁੱਧ ਇਕਜੁੱਟ ਹਾਂ, ਪਰ ਹੁਣ ਸਮਾਂ ਬਰਦਾਸ਼ਤ ਕਰਨ ਦਾ ਨਹੀਂ, ਸਖ਼ਤ ਜਵਾਬ ਦੇਣ ਦਾ ਹੈ। ਹੁਣ ਲੋੜ ਹੈ ਦਹਿਸ਼ਤ ਦੇ ਹਰ ਛੁਪੇ ਟਿਕਾਣੇ ਨੂੰ ਜੜ੍ਹੋਂ ਪੁੱਟਣ ਦੀ, ਕੂਟਨੀਤਕ ਦਬਾਅ ਅਤੇ ਫ਼ੌਜੀ ਕਾਰਵਾਈ ਦਰਮਿਆਨ ਸੰਤੁਲਿਤ ਪਰ ਫੈਸਲਾਕੁੰਨ ਪਹੁੰਚ ਅਪਣਾਉਣ ਅਤੇ ਸਭ ਤੋਂ ਅਹਿਮ ਹਰ ਸ਼ਹੀਦ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਲੋੜ ਹੈ। ਇਹ ਸਿਰਫ਼ ਇੱਕ ਹਮਲਾ ਨਹੀਂ ਸੀ, ਇਹ ਮਨੁੱਖਤਾ ਵਿਰੁੱਧ ਜੰਗ ਹੈ।’’ ਇੰਡੀਅਨ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਉਦੈ ਭਾਨੂ ਚਿੱਬ ਨੇ ਕਿਹਾ ਕਿ ਕਾਂਗਰਸ ਪਾਰਟੀ ਅਤਿਵਾਦ ਨੂੰ ਜੜ੍ਹੋਂ ਪੁੱਟਣ ਲਈ ਸਰਕਾਰ ਨਾਲ ਤਾਲਮੇਲ, ਸਹਿਯੋਗ ਅਤੇ ਭਾਈਵਾਲੀ ਲਈ ਵਚਨਬੱਧ ਹੈ। ਸਮੇਂ-ਸਮੇਂ ’ਤੇ ਅਤਿਵਾਦ ਅਤੇ ਵੱਖਵਾਦ ਵਿਰੁੱਧ ਜ਼ੋਰਦਾਰ ਲੜਾਈ ਲੜੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਹਮਲੇ ਦਾ ਢੁੱਕਵਾਂ ਜਵਾਬ ਦਿੱਤਾ ਜਾਵੇ।