ਗੁਰਦੁਆਰਾ ਸਾਹਿਬ ਵੱਲੋਂ ਵਿਸਾਖੀ ’ਤੇ ਕਵੀ ਦਰਬਾਰ
ਜਸਵਿੰਦਰ ਸਿੰਘ ਰੁਪਾਲ
ਕੈਲਗਰੀ: ਕੈਲਗਰੀ ਦੇ ਗੁਰਦੁਆਰਾ ਸਾਹਿਬ ਗੁਰੂ ਰਾਮਦਾਸ ਦਰਬਾਰ ਦੀ ਪ੍ਰਬੰਧਕ ਕਮੇਟੀ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇੱਕ ਕਵੀ ਦਰਬਾਰ ਕਰਵਾਇਆ ਗਿਆ। ਇਸ ਵਿੱਚ 40 ਦੇ ਕਰੀਬ ਕਵੀਆਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚੋਂ ਬਹੁਤੇ ਅਜਿਹੇ ਸਨ, ਜਿਨ੍ਹਾਂ ਨੇ ਆਪਣੀਆਂ ਲਿਖੀਆਂ ਕਵਿਤਾਵਾਂ ਸੁਣਾਈਆਂ ਜਦਕਿ ਕੁੱਝ ਕੁ ਅਜਿਹੇ ਵੀ ਸਨ, ਜਿਨ੍ਹਾਂ ਨੇ ਹੋਰ ਸਥਾਪਿਤ ਕਵੀਆਂ ਦੀਆਂ ਲਿਖੀਆਂ ਕਵਿਤਾਵਾਂ ਸੁਣਾਈਆਂ। ਸੁਣਾਈਆਂ ਗਈਆਂ ਕਵਿਤਾਵਾਂ ਵਿੱਚ ਲਗਭਗ ਹਰ ਰੰਗ ਮੌਜੂਦ ਸੀ - ਸਟੇਜੀ ਕਵਿਤਾ ਵਾਲਾ ਜੋਸ਼ੀਲਾ ਰੰਗ, ਤਰੰਨੁਮ ਵਿੱਚ ਗਾਈ ਜਾਣ ਵਾਲੀ ਗੀਤ ਵਾਲੀ ਕਵਿਤਾ, ਖੁੱਲ੍ਹੀ ਕਵਿਤਾ, ਛੰਦਾ ਬੰਦੀ ਵਿੱਚ ਪਰੁੱਚੀ ਕਵਿਤਾ, ਸਾਜ਼ਾਂ ਦੇ ਸੰਗੀਤ ਵਿੱਚ ਡੁੱਬੀ ਕਵਿਤਾ, ਹੇਕ ਵਾਲੀ ਕਵਿਤਾ ਅਤੇ ਜੋਸ਼ੀਲੀ ਵਾਰ ਦਾ ਰੰਗ।
ਕਵਿਤਾਵਾਂ ਦੇ ਵਿਸ਼ੇ ਖਾਲਸਾ ਸਾਜਨ ਦਿਵਸ ਨਾਲ ਹੀ ਸਬੰਧਿਤ ਸਨ, ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਨਿਵੇਕਲਾ ਕਦਮ ਚੁੱਕਦਿਆਂ ਖਾਲਸੇ ਨੂੰ ਸਾਜਣ ਦਾ ਬਿਰਤਾਂਤ, ਖਾਲਸੇ ਦਾ ਪ੍ਰੇਮ ਭਿੱਜਿਆ ਅਤੇ ਜੋਸ਼ੀਲਾ ਰੂਪ, ਗੁਰੂ ਸਾਹਿਬ ਜੀ ਵੱਲੋਂ ਸਮਾਨਤਾ, ਬਹਾਦਰੀ ਅਤੇ ਨੀਵਿਆਂ ਨੂੰ ਉੱਚਾ ਕਰਨ ਦਾ ਚਮਤਕਾਰ, ਸ਼ਹੀਦਾਂ ਦੇ ਪ੍ਰਸੰਗ, ਗੁਰੂ ਜੀ ਵੱਲੋਂ ਦੱਸੇ ਗਏ ਖਾਲਸੇ ਦੇ ਗੁਣ, ਆਧੁਨਿਕ ਖਾਲਸੇ ਦਾ ਕਿਰਦਾਰ ਆਦਿ ਵਿਸ਼ੇ ਛੂਹ ਕੇ ਇਨ੍ਹਾਂ ਕਵੀਆਂ ਨੇ 1699 ਦੀ ਵਿਸਾਖੀ ਤੋਂ ਅੱਜ ਤੱਕ ਦਾ ਇਤਿਹਾਸ ਅੱਖਾਂ ਅੱਗੇ ਲਿਆਂਦਾ। ਇਸ ਕਵੀ ਦਰਬਾਰ ਵਿੱਚ ਹਿੱਸਾ ਲੈਣ ਵਾਲੇ ਕਵੀ ਸਨ- ਜਨਮਜੀਤ ਸਿੰਘ, ਮੰਗਲ ਸਿੰਘ ਚੱਠਾ, ਹਰਮਿੰਦਰਪਾਲ ਸਿੰਘ, ਮੋਹਕਮ ਸਿੰਘ ਚੌਹਾਨ, ਦਾਮਵੀ ਸਿੰਘ, ਸ਼ਮਿੰਦਰ ਸਿੰਘ ਕੰਗਵੀ, ਬਲਵੀਰ ਸਿੰਘ ਗੋਰਾ ਰਕਬੇ ਵਾਲਾ, ਪਰਮਜੀਤ ਸਿੰਘ ਭੰਗੂ, ਦੀਪ ਬਰਾੜ, ਤਾਰ ਬਰਾੜ, ਸੁਖਵਿੰਦਰ ਸਿੰਘ ਤੂਰ, ਗੁਰਦੀਸ਼ ਕੌਰ ਗਰੇਵਾਲ, ਗੁਰਚਰਨ ਕੌਰ ਥਿੰਦ, ਸੁਰਿੰਦਰ ਗੀਤ, ਸਰਬਜੀਤ ਕੌਰ ਉੱਪਲ, ਸਹਿਜ ਸਿੰਘ ਗਿੱਲ, ਗੁਰਮੀਤ ਕੌਰ ਸਰਪਾਲ, ਗਿੱਲ ਸੁਖਮੰਦਰ ਕੈਲਗਰੀ, ਗੁਰਜੀਤ ਜੱਸੀ, ਅਵਤਾਰ ਸਿੰਘ, ਜੋਗਾ ਸਿੰਘ ਸਹੋਤਾ, ਜਸਵੰਤ ਸਿੰਘ ਸੇਖੋਂ, ਸਰੂਪ ਸਿੰਘ ਮੰਡੇਰ, ਵਿਕਰਮ ਸਿੰਘ, ਅਸੀਸ ਕੌਰ, ਜਸਜੋਤ ਕੌਰ, ਗੁਰਜਿੰਦਰ ਸਿੰਘ ਧਾਲੀਵਾਲ, ਜਸ਼ਨਦੀਪ ਸਿੰਘ, ਭੋਲਾ ਸਿੰਘ ਚੌਹਾਨ, ਤਰਲੋਚਨ ਸਿੰਘ ਸੈਂਹਭੀ, ਸਹਿਜਧੁਨ ਕੌਰ ਅਤੇ ਡਾ. ਰਾਜਨ ਕੌਰ।
ਇਸ ਕਵੀ ਦਰਬਾਰ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਵਿੱਚ 8 ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਤੱਕ ਦੇ ਪ੍ਰੋੜ ਕਵੀ ਸ਼ਾਮਲ ਸਨ। ਸਟੇਜ ਸੰਚਾਲਨ ਦੀ ਸੇਵਾ ਗੁਰਦੁਆਰਾ ਰਾਮ ਦਾਸ ਦਰਬਾਰ, ਕੈਲਗਰੀ ਦੇ ਸਕੱਤਰ ਜਿਹੜੇ ਖੁਦ ਵੀ ਕਵੀ ਹਨ, ਭੋਲਾ ਸਿੰਘ ਚੌਹਾਨ ਨੇ ਬਾਖ਼ੂਬੀ ਨਿਭਾਈ। ਪ੍ਰੋਗਰਾਮ ਦੇ ਅਖੀਰ ’ਤੇ ਗੁਰਦੁਆਰਾ ਸਾਹਿਬ ਵੱਲੋਂ ਸਾਰੇ ਸ਼ਾਮਲ ਕਵੀਆਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਾਮਰਣਜੀਤ ਸਿੰਘ ਮਾਨ ਵੱਲੋਂ ਤਕਸੀਮ ਕੀਤੇ ਗਏ।
ਈ ਦੀਵਾਨ ਸੁਸਾਇਟੀ ਕੈਲਗਰੀ ਵੱਲੋਂ ਕਵੀ ਦਰਬਾਰ
ਕੈਲਗਰੀ : ਈ ਦੀਵਾਨ ਸੁਸਾਇਟੀ, ਕੈਲਗਰੀ ਵੱਲੋਂ ਆਪਣੇ ਹਫ਼ਤਾਵਾਰੀ ਪ੍ਰੋਗਰਾਮ ਵਿੱਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਇਆ ਗਿਆ। ਇਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਕਵੀ ਜਨ ਔਨਲਾਈਨ ਸ਼ਾਮਲ ਹੋਏ। ਸਭ ਤੋਂ ਪਹਿਲਾਂ ਸੁਸਾਇਟੀ ਦੇ ਸੰਸਥਾਪਕ ਬਲਰਾਜ ਸਿੰਘ ਨੇ ਸਭ ਨੂੰ ‘ਜੀ ਆਇਆਂ’ ਆਖਦੇ ਹੋਏ ਕਵੀ ਦਰਬਾਰ ਦੇ ਮਕਸਦ ’ਤੇ ਚਾਨਣਾ ਪਾਇਆ। ਪ੍ਰੋਗਰਾਮ ਦਾ ਆਰੰਭ ਟੋਰਾਂਟੋ ਤੋਂ ਅਮਿਤੋਜ ਕੌਰ ਵੱਲੋਂ ਗਾਏ ਸ਼ਬਦ ਨਾਲ ਹੋਇਆ। ਜੈਪੁਰ ਤੋਂ ਬ੍ਰਿਜਮੰਦਰ ਕੌਰ ਨੇ ਸ਼ਬਦ ਸੁਣਾਇਆ। ਕਵੀ ਦਰਬਾਰ ਦੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦਿਆਂ ਗੁਰਦੀਸ਼ ਕੌਰ ਗਰੇਵਾਲ ਅਤੇ ਸੁਜਾਨ ਸਿੰਘ ਸੁਜਾਨ ਨੇ ਕਵੀਆਂ ਦੀ ਜਾਣ ਪਛਾਣ ਕਰਾਉਣ ਉਪਰੰਤ ਸਭ ਨੂੰ ਵਾਰੀ ਵਾਰੀ ਮੰਚ ’ਤੇ ਆਉਣ ਦਾ ਸੱਦਾ ਦਿੱਤਾ।
ਕਵੀ ਦਰਬਾਰ ਦਾ ਆਰੰਭ ਪਟਿਆਲੇ ਤੋਂ ਛੰਦਾਬੰਦੀ ਦੇ ਮਾਹਿਰ ਕਵੀ ਕੁਲਵੰਤ ਸਿੰਘ ਸੈਦੋਕੇ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਬੈਂਤ ਛੰਦ ਵਿੱਚ ਆਪਣੀ ਕਵਿਤਾ ਗਾ ਕੇ ਸੁਣਾਈ। ਜਸਪ੍ਰੀਤ ਕੌਰ ਨੋਇਡਾ ਨੇ ਗੁਰਦੀਸ਼ ਕੌਰ ਗਰੇਵਾਲ ਦਾ ਲਿਖਿਆ ਗੀਤ ‘ਉਸ ਪੰਥ ਸਜਾਇਆ ਏ, ਤੇਗਾਂ ਦੀਆਂ ਧਾਰਾਂ ’ਤੇ’ ਤਰੰਨੁਮ ਵਿੱਚ ਗਾ ਕੇ ਸੁਣਾਇਆ। ਰਾਣਾ ਸਿੰਘ ਚਾਨਾ ਵਿਨੀਪੈਗ ਨੇ ਹਾਸਰਸ ਤੋਂ ਬੀਰਰਸ ਵੱਲ ਜਾਂਦੀ ਆਪਣੀ ਕਵਿਤਾ ‘ਅਣਖੀ ਵਿਸਾਖੀ’ ਸੁਣਾਈ। ਜਸਵੀਰ ਸ਼ਰਮਾ ਦੱਦਾਹੂਰ ਨੇ ਆਪਣਾ ਗੀਤ ‘ਏਸ ਪੰਥ ਨੇ ਦੁਨੀਆ ਦੇ ਵਿੱਚ ਖੇਡੇ ਖੇਲ ਨਿਰਾਲੇ’ ਸੁਣਾ ਕੇ ਰੰਗ ਬੰਨ੍ਹਿਆ। ਗੁਰਜੀਤ ਸਿੰਘ ਖਾਲਸਾ ਐਡਮਿੰਟਨ ਨੇ 13 ਅਪਰੈਲ ਦੇ ਸ਼ਹੀਦਾਂ ਨੂੰ ਸਟੇਜੀ ਕਵਿਤਾ ਦੇ ਅੰਦਾਜ਼ ਵਿੱਚ ਸ਼ਰਧਾਂਜਲੀ ਦਿੱਤੀ। ਕੈਲਗਰੀ ਤੋਂ ਖਾਲਸਈ ਸਰੂਪ ਵਿੱਚ ਸਜੇ 12 ਸਾਲ ਦੇ ਬੱਚੇ ਮੋਹਕਮ ਸਿੰਘ ਚੌਹਾਨ ਨੇ ਆਪਣੇ ਪਿਤਾ ਭੋਲਾ ਸਿੰਘ ਚੌਹਾਨ ਦੀ ਲਿਖੀ ਕਵਿਤਾ ‘ਖਾਲਸੇ ਦੇ ਝੂਲਦੇ ਨਿਸ਼ਾਨ ਰਹਿਣਗੇ’ ਖ਼ੂਬਸੂਰਤ ਅੰਦਾਜ਼ ਵਿੱਚ ਸੁਣਾ ਕੇ ਸਰੋਤਿਆਂ ਦੀ ਵਾਹ ਵਾਹ ਖੱਟੀ। ਕੈਲਗਰੀ ਤੋਂ ਹੀ ਜਸਵਿੰਦਰ ਸਿੰਘ ਰੁਪਾਲ ਨੇ ਆਪਣੀ ਕਵਿਤਾ ‘ਸਿੱਖ ਤੋਂ ਗੁਰਾਂ ਨੇ ਐਸਾ ਸਿੰਘ ਘੜਿਆ, ਖਾਲਸਾ ਕਹਾਂਵਦਾ, ਜੱਗ ਤੋਂ ਨਿਆਰਾ ਏ’ ‘ਦੂਣਾ ਯਮਕਦਾਰ ਕੇਸਰੀ ਛੰਦ’ ਵਿੱਚ ਸੁਣਾਈ। ਅਮਨਪ੍ਰੀਤ ਸਿੰਘ ਦੁਲੱਟ ਕੈਲਗਰੀ ਨੇ ‘ਅੰਮ੍ਰਿਤ ਦੀ ਇਸ ਦਾਤ ਨਾਲ ਸਾਡੇ ਜਿਹੇ ਵੀ ਤਰ ਗਏ’ ਸੁਣਾ ਕੇ ਅੰਮ੍ਰਿਤ ਦੀ ਮਹੱਤਤਾ ਦਰਸਾਈ। ਗੁਰਦੀਸ਼ ਕੌਰ ਗਰੇਵਾਲ ਨੇ ‘ਖਾਲਸੇ ਦਾ ਰੁਤਬਾ ਬੜਾ ਮਹਾਨ ਹੈ’ ਤਰੰਨੁਮ ਵਿੱਚ ਗਾ ਕੇ ਸਭ ਦਾ ਮਨ ਮੋਹ ਲਿਆ। ਟੋਰਾਂਟੋ ਤੋਂ ਸੁਜਾਨ ਸਿੰਘ ਸੁਜਾਨ ਨੇ ਆਪਣਾ ਗੀਤ ‘ਸਿੰਘੋ ਪਾਹੁਲ ਪੀ ਲਵੋ ਖੰਡੇ ਦੀ ਧਾਰ ਦੀ’ ਸੁਣਾ ਕੇ ਵਿਸਾਖੀ ਦਾ ਇਤਿਹਾਸ ਦੱਸਦੇ ਹੋਏ ਇਸ ਦਾ ਖ਼ੂਬਸੂਰਤ ਸੰਦੇਸ਼ ਦੇ ਕੇ ਸਭ ਨੂੰ ਅੰਮ੍ਰਿਤ ਛਕਣ ਦੀ ਪ੍ਰੇਰਨਾ ਦਿੱਤੀ। ਡਾਕਟਰ ਸੁਰਜੀਤ ਸਿੰਘ ਭੱਟੀ ਨੇ ਦੱਸਿਆ ਕਿ ਕੈਨੇਡਾ ਵਿੱਚ ਅਪਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਅਤੇ ਅਮਰੀਕਾ ਵਿੱਚ 14 ਅਪਰੈਲ ਨੂੰ ਸਿੱਖ ਵਿਰਾਸਤੀ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਸੰਪਰਕ: 1 4032853035