ਗੁਰਦੁਆਰਾ ਬਾਉਲੀ ਸਾਹਿਬ ਘੜਾਮ ਵਿੱਚ ਸਾਲਾਨਾ ਖੇਡ ਮੇਲਾ
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 15 ਅਪਰੈਲ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਬਾਉਲੀ ਸਾਹਿਬ ਘੜਾਮ ਵਿਖੇ ਕਬੱਡੀ ਟੂਰਨਾਮੈਂਟ, ਖੇਡ ਕਮੇਟੀ, ਇਲਾਕੇ ਦੀ ਸੰਗਤ ਅਤੇ ਐੱਨਆਰਆਈਜ਼ ਦੇ ਸਹਿਯੋਗ ਨਾਲ ਸਾਲਾਨਾ ਖੇਡ ਮੇਲਾ ਬੜੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ। ਇਸ ਮੌਕੇ ਕਾਰ ਸੇਵਾ ਵਾਲੇ ਸੇਵਾਦਾਰ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ ਅਤੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਨੇ ਖਿਡਾਰੀਆਂ ਦੀ ਹੌਸਲਾ-ਅਫਜ਼ਾਈ ਕੀਤੀ। ਇਸ ਖੇਡ ਮੇਲੇ ’ਚ ਦੂਰੋਂ ਦੂਰੋਂ ਵੱਡੀ ਗਿਣਤੀ ਵਿੱਚ ਕਬੱਡੀ ਦੀਆਂ ਟੀਮਾਂ ਸ਼ਾਮਲ ਹੋਈਆਂ। ਜਿਸ ਵਿੱਚ ਕੁੜੀਆਂ ਦੀਆਂ ਕਬੱਡੀ ਦੀਆਂ ਟੀਮਾਂ ਵੀ ਪੁੱਜੀਆਂ। ਵਿਧਾਇਕ ਪਠਾਣਮਾਜਰਾ ਨੇ ਕਿਹਾ ਕਿ ਖੇਡਾਂ ਨਾਲ ਆਪਸੀ ਪ੍ਰੇਮ ਪਿਆਰ ਵਧਦਾ ਹੈ ਅਤੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿੰਦੇ ਹਨ। ਉਨ੍ਹਾਂ ਐਲਾਨ ਕੀਤਾ ਕਿ ਅਗਲੇ ਸਾਲ ਇਸ ਖੇਡ ਮੇਲੇ ਨੂੰ ਹੋਰ ਵੀ ਵੱਡੇ ਪੱਧਰ ’ਤੇ ਕਰਵਾਇਆ ਜਾਵੇਗਾ ਅਤੇ ਖਿਡਾਰੀਆਂ ਨੂੰ ਵੱਡੇ-ਵੱਡੇ ਇਨਾਮ ਦਿੱਤੇ ਜਾਣਗੇ।
ਇਸ ਖੇਡ ਮੇਲੇ ਦੌਰਾਨ ਮੁੰਡਿਆਂ ਦੀ ਕਬੱਡੀ ਦੇ ਮੁਕਾਬਲੇ ਦੌਰਾਨ ਘੁੱਲਣ ਦੀ ਟੀਮ ਨੇ ਪਹਿਲਾ ਸਥਾਨ ਜਿੱਤ ਕੇ ਇਕ ਲੱਖ ਰੁਪਏ ਦਾ ਇਨਾਮ ਅਤੇ ਸੈਂਪਲੀ ਸਾਹਿਬ ਦੀ ਟੀਮ ਨੇ ਦੂਜਾ ਸਥਾਨ ਹਾਸਲ ਕਰਕੇ 75 ਹਜ਼ਾਰ ਰੁਪਏ ਦਾ ਇਨਾਮ ਹਾਸਲ ਕੀਤਾ। ਕੁੜੀਆਂ ਦੀ ਕਬੱਡੀ ਦੀ ਮਕਲੋਡਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ 31,000 ਦਾ ਇਨਾਮ ਜਿੱਤਿਆ ਅਤੇ ਬੁਰਜਮੀਰਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕਰਕੇ 21000 ਰੁਪਏ ਦਾ ਇਨਾਮ ਜਿੱਤਿਆ। ਇਸ ਮੌਕੇ ਬੈਸਟ ਜਾਫੀ ਅਤੇ ਬੈਸਟ ਰੇਡਰ ਨੂੰ 21-21 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ। ਇਸ ਮੌਕੇ ਅਹਿਮ ਸ਼ਖ਼ਸੀਅਤਾਂ ਅਤੇ ਖੇਡ ਮੇਲੇ ਦੌਰਾਨ ਮਾਲੀ ਮਦਦ ਦੇਣ ਵਾਲਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।