ਗੁਜਰਾਤ: ਰਾਹੁਲ ਗਾਂਧੀ ਵੱਲੋਂ ਪਾਰਟੀ ਅਬਜ਼ਰਵਰਾਂ ਨਾਲ ਮੀਟਿੰਗ
05:02 AM Apr 16, 2025 IST
ਕਾਂਗਰਸ ਆਗੂ ਰਾਹੁਲ ਗਾਂਧੀ ਅਹਿਮਦਾਬਾਦ ’ਚ ਪਾਰਟੀ ਦੇ ਜ਼ਿਲ੍ਹਾ ਅਬਜ਼ਰਵਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ
ਅਹਿਮਦਾਬਾਦ, 15 ਅਪਰੈਲਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਇੱਥੇ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਅਤੇ ਗੁਜਰਾਤ ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਬਜ਼ਰਵਰਾਂ ਨਾਲ ਮੀਟਿੰਗ ਕੀਤੀ ਅਤੇ ਗੁਜਰਾਤ ’ਚ 41 ਜ਼ਿਲ੍ਹਾ ਇਕਾਈਆਂ ਦੇ ਪ੍ਰਧਾਨਾਂ ਦੀ ਚੋਣ ਬਾਰੇ ਮਸ਼ਵਰੇ ਸਾਂਝੇ ਕੀਤੇ। ਸਥਾਨਕ ਨੇਤਾਵਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅਬਜ਼ਰਵਰਾਂ ਦੀ ਟੀਮ ਜ਼ਿਲ੍ਹਾ ਇਕਾਈ ਮੁਖੀ ਦੇ ਹਰ ਅਹੁਦੇ ਲਈ ਛੇ ਨਾਂ ਸੁਝਾਏਗੀ ਅਤੇ ਆਖਰੀ ਚੋਣ 31 ਮਈ ਤੱਕ ਕੀਤੀ ਜਾਵੇਗੀ। ਸਾਬਕਾ ਵਿਧਾਇਕ ਗਿਆਸੂਦੀਨ ਸ਼ੇਖ ਨੇ ਮੀਟਿੰਗ ਮਗਰੋਂ ਕਿਹਾ ਕਿ ਉਨ੍ਹਾਂ (ਰਾਹੁਲ ਗਾਂਧੀ ਨੇ) ਨੇਤਾਵਾਂ ਨੂੰ ਲੋਕਾਂ ਦੇ ਸੰਘਰਸ਼ ’ਚ ਹਿੱਸਾ ਲੈਣ ਅਤੇ ਉਨ੍ਹਾਂ ਦੇ ਮੁੱਦੇ ਚੁੱਕਣ ਦੀ ਲੋੜ ’ਤੇ ਜ਼ੋਰ ਦਿੱਤਾ ਕਿਉਂਕਿ ਲੋਕ ਸਰਕਾਰ ਤੋਂ ਤੰਗ ਆ ਚੁੱਕੇ ਹਨ। ਇੱਥੇ ਕਾਂਗਰਸ ਦੇ ਹੈੱਡਕੁਆਰਟਰ ’ਚ ਦੋ ਘੰਟੇ ਤੱਕ ਚੱਲੀ ਮੀਟਿੰਗ ਦੌਰਾਨ ਗਾਂਧੀ ਨੇ ਕਿਹਾ ਕਿ ਜਦੋਂ ਤੱਕ ਨੇਤਾ ਆਮ ਲੋਕਾਂ ਤੱਕ ਨਹੀਂ ਪਹੁੰਚਣਗੇ ਉਦੋਂ ਤੱਕ ਪਾਰਟੀ ਨੂੰ ਲੋਕ ਹਮਾਇਤ ਨਹੀਂ ਮਿਲੇਗੀ। ਜ਼ਿਕਰਯੋਗ ਹੈ ਕਿ ਲੰਘੀ 12 ਅਪਰੈਲ ਨੂੰ ਕਾਂਗਰਸ ਨੇ ਗੁਜਰਾਤ ਦੇ 33 ਜ਼ਿਲ੍ਹਿਆਂ ਤੇ ਅੱਠ ਅਹਿਮ ਸ਼ਹਿਰਾਂ ਵਿੱਚ ਪਾਰਟੀ ਦੇ ਕਮੇਟੀ ਪ੍ਰਧਾਨਾਂ ਦੀ ਨਿਯੁਕਤੀ ਦੀ ਨਿਗਰਾਨੀ ਲਈ 42 ਆਲ ਇੰਡੀਆ ਕਾਂਗਰਸ ਕਮੇਟੀ ਤੇ 183 ਸੂਬਾਈ ਕਾਂਗਰਸ ਕਮੇਟੀ ਦੇ ਅਬਜ਼ਰਵਰਾਂ ਦੀ ਨਿਯੁਕਤੀ ਕੀਤੀ ਸੀ। ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਜਗਦੀਸ਼ ਠਾਕੁਰ ਨੇ ਕਿਹਾ, ‘ਰਾਹੁਲ ਜੀ ਨੇ ਸਾਨੂੰ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਬਾਰੇ ਸਲਾਹ ਦਿੱਤੀ ਹੈ। ਅਬਜ਼ਰਵਰਾਂ ਦੀ ਪੰਜ ਮੈਂਬਰੀ ਟੀਮ 23 ਅਪਰੈਲ ਤੋਂ 8 ਮਈ ਤੱਕ ਸਾਰੀਆਂ 41 ਜ਼ਿਲ੍ਹਾ ਇਕਾਈਆਂ ਦਾ ਦੌਰਾ ਕਰੇਗੀ।’ -ਪੀਟੀਆਈ
Advertisement
Advertisement
Advertisement