35 ਸਾਲਾਂ ਤੋਂ ਭਾਰਤ ’ਚ ਰਹਿ ਰਹੀ ਪਾਕਿਸਤਾਨੀ ਮੂਲ ਦੀ ਔਰਤ ਨੂੰ ਦੇਸ਼ ਛੱਡਣ ਦਾ ਨੋਟਿਸ
ਭੁਬਨੇਸ਼ਵਰ, 26 ਅਪਰੈਲ
ਪਾਕਿਸਤਾਨ ਵਿੱਚ ਜਨਮੀ ਸ਼ਾਰਦਾ ਕੁਕਰੇਜਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਉਸ ਦੇ ਪਰਿਵਾਰ ਤੋਂ ਵੱਖ ਨਾ ਕੀਤਾ ਜਾਵੇ, ਕਿਉਂਕਿ ਪੁਲੀਸ ਨੇ ਉਸ ਨੂੰ ਦੇਸ਼ ਛੱਡਣ ਦਾ ਨੋਟਿਸ ਜਾਰੀ ਕੀਤਾ ਹੈ।
ਕੁਕਰੇਜਾ (53) ਇਕ ਭਾਰਤੀ ਨਾਗਰਿਕ ਨਾਲ ਵਿਆਹੇ ਜਾਣ ਤੋਂ ਬਾਅਦ 35 ਸਾਲਾਂ ਤੋਂ ਉੜੀਸਾ ਦੇ ਬੋਲਾਂਗੀਰ ਜ਼ਿਲ੍ਹੇ ਵਿੱਚ ਰਹਿ ਰਹੀ ਹੈ। ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਸੁੱਕੂਰ ਸ਼ਹਿਰ ਵਿੱਚ ਜਨਮੀ ਸ਼ਾਰਦਾ ਜਬਰੀ ਧਰਮ ਤਬਦੀਲੀ ਅਤੇ ਉੱਥੇ ਇਕ ਮੁਸਲਮਾਨ ਨੌਜਵਾਨ ਨਾਲ ਵਿਆਹ ਕਰਨ ਤੋਂ ਬਚਣ ਲਈ ਭਾਰਤ ਆ ਗਈ ਸੀ। ਮਹੇਸ਼ ਕੁਮਾਰ ਕੁਕਰੇਜਾ ਨਾਲ ਵਿਆਹ ਕਰਨ ਤੋਂ ਬਾਅਦ ਉਹ 35 ਸਾਲਾਂ ਤੋਂ ਉੜੀਸਾ ਦੇ ਬੋਲਾਂਗੀਰ ਜ਼ਿਲ੍ਹੇ ਵਿੱਚ ਰਹਿ ਰਹੀ ਹੈ। ਉਸ ਦੇ ਦੋ ਬੱਚੇ ਇਕ ਪੁੱਤਰ ਤੇ ਇਕ ਧੀ ਹੈ। ਸ਼ਾਰਦਾ ਨੇ ਕਿਹਾ ਕਿ ਧਰਮ ਤਬਦੀਲੀ ਦੇ ਡਰ ਤੋਂ ਉਹ ਆਪਣੀਆਂ ਚਾਰ ਭੈਣਾਂ ਤੇ ਪੰਜ ਭਰਾਵਾਂ ਸਣੇ ਪਾਕਿਸਤਾਨ ਤੋਂ ਭੱਜ ਕੇ 35 ਸਾਲ ਪਹਿਲਾਂ ਬੋਲਾਂਗੀਰ ਜ਼ਿਲ੍ਹੇ ਵਿੱਚ ਵੱਸ ਗਈ ਸੀ। -ਪੀਟੀਆਈ
ਰਿਕਾਰਡ ਮੁਤਾਬਕ ਨੋਟਿਸ ਦਿੱਤਾ: ਐੱਸਪੀ
ਬੋਲਾਂਗੀਰ ਦੇ ਐੱਸਪੀ ਅਭੀਲਾਸ਼ ਜੀ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਸ਼ਾਰਦਾ ਨੂੰ ‘ਜਲਦੀ ਤੋਂ ਜਲਦੀ’ ਦੇਸ਼ ਛੱਡਣ ਦਾ ਨੋਟਿਸ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨੋਟਿਸ ਸਿਰਫ਼ ਮਹਿਲਾ ਨੂੰ ਦਿੱਤਾ ਗਿਆ ਹੈ, ਉਸ ਦੇ ਪਤੀ ਜਾਂ ਬੱਚਿਆਂ ਨੂੰ ਨਹੀਂ। ਸ਼ਾਰਦਾ ਕੁਕਰੇਜਾ ਦੇ ਇਸ ਦਾਅਵੇ ਬਾਰੇ ਪੁੱਛਣ ’ਤੇ ਕਿ ਉਸ ਕੋਲ ਆਧਾਰ ਕਾਰਡ ਹੈ ਅਤੇ ਉਸ ਨੇ ਚੋਣ ਪ੍ਰਕਿਰਿਆ ਵਿੱਚ ਹਿੱਸਾ ਲਿਆ ਸੀ, ਐੱਸਪੀ ਨੇ ਕਿਹਾ, ‘‘ਅਸੀਂ ਰਿਕਾਰਡ ਮੁਤਾਬਕ ਨੋਟਿਸ ਦਿੱਤਾ ਹੈ। ਸਾਨੂੰ ਹੁਣ ਉਸ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਪੁਸ਼ਟੀ ਕਰਨੀ ਹੈ।’’