ਫਰਜ਼ੀ ਸਰਟੀਫਿਕੇਟ ਮਾਮਲਾ: ਹਾਈ ਕੋਰਟ ਵੱਲੋਂ ਯੂਪੀ ਦੇ ਉਪ ਮੁੱਖ ਮੰਤਰੀ ਮੌਰਿਆ ਖਿਲਾਫ਼ ਪਟੀਸ਼ਨ ਮਨਜ਼ੂਰ
ਪ੍ਰਯਾਗਰਾਜ, 26 ਅਪਰੈਲ
ਅਲਾਹਾਬਾਦ ਹਾਈ ਕੋਰਟ ਨੇ ਪੈਟਰੋਲ ਪੰਪ ਦਾ ਲਾਇਸੈਂਸ ਹਾਸਲ ਕਰਨ ਅਤੇ ਚੋਣਾਂ ਲੜਨ ਲਈ ਕਥਿਤ ਤੌਰ ’ਤੇ ‘ਜਾਅਲੀ’ ਡਿਗਰੀ ਦੀ ਵਰਤੋਂ ਕਰਨ ਸਬੰਧੀ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਵਿਰੁੱਧ ਇੱਕ ਪਟੀਸ਼ਨ ਸਵੀਕਾਰ ਕਰ ਲਈ ਹੈ। ਇਸ ਤੋਂ ਪਹਿਲਾਂ ਹਾਈ ਕੋਰਟ ਨੇ ਇਸ ਅਧਾਰ ’ਤੇ ਪਟੀਸ਼ਨ ਖਾਰਜ ਕਰ ਦਿੱਤੀ ਸੀ ਕਿ ਹੇਠਲੀ ਅਦਾਲਤ ਵੱਲੋਂ ਤੈਅ ਸਮੇਂ ਤੋਂ ਬਾਅਦ ਪਟੀਸ਼ਨ ਦਾਇਰ ਕੀਤੀ ਗਈ ਹੈ। ਹਾਲਾਂਕਿ ਸੁਪਰੀਮ ਕੋਰਟ ਦੇ ਨਿਰਦੇਸ਼ ਮਗਰੋਂ ਨਜ਼ਰਸਾਨੀ ਪਟੀਸ਼ਨ ਦਾਇਰ ਕਰਨ ’ਚ ਦੇਰੀ ਨੂੰ ਹੁਣ ਮੁਆਫ਼ ਕਰ ਦਿੱਤਾ ਗਿਆ ਹੈ। ਜਸਟਿਸ ਸੰਜੈ ਕੁਮਾਰ ਨੇ 25 ਅਪਰੈਲ ਨੂੰ ਜਾਰੀ ਹੁਕਮ ’ਚ ਪਟੀਸ਼ਨ ਸਵੀਕਾਰ ਕਰ ਲਈ ਅਤੇ ਸੁਣਵਾਈ ਲਈ ਅਗਲੀ ਤਰੀਕ 6 ਮਈ ਤੈਅ ਕੀਤੀ ਹੈ।
ਤੱਥਾਂ ਮੁਤਾਬਕ ਨਜ਼ਰਸਾਨੀ ਪਟੀਸ਼ਨ ਦਾਇਰ ਕਰਨ ਵਾਲੇ ਆਰਟੀਆਈ ਕਾਰਕੁਨ ਦਿਵਾਕਰ ਨਾਥ ਤ੍ਰਿਪਾਠੀ ਨੇ ਦਲੀਲ ਦਿੱਤੀ ਕਿ ਮੌਰਿਆ ਨੇ ਪ੍ਰਯਾਗਰਾਜ ਸਥਿਤ ਜਿਹੜੇ ਹਿੰਦੀ ਸਾਹਿਤ ਸੰਮੇਲਨ ਤੋਂ ਡਿਗਰੀ ਹਾਸਲ ਕੀਤੀ ਸੀ, ਉਸ ਨੂੰ ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਵੱਲੋਂ ‘ਫਰਜ਼ੀ’ ਕਰਾਰ ਦਿੱਤਾ ਗਿਆ ਹੈ। ਪਟੀਸ਼ਨਰ ਤ੍ਰਿਪਾਠੀ ਨੇ ਆਪਣੀ ਪਟੀਸ਼ਨ ’ਚ ਇਹ ਦਾਅਵਾ ਕਰਦਿਆਂ ਮੌਰਿਆ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਕਿ ਮੌਰਿਆ ਨੇ ਪੈਟਰੋਲ ਪੰਪ ਦਾ ਲਾਇਸੈਂਸ ਹਾਸਲ ਕਰਨ ਅਤੇ ਨਾਲ ਹੀ ਚੋਣਾਂ ਲੜਨ ਲਈ ‘ਜਾਅਲੀ’ ਡਿਗਰੀ ਦੀ ਵਰਤੋਂ ਕੀਤੀ ਹੈ। ਮੌਰਿਆ ਇਸ ਸਮੇਂ ਉੱਤਰ ਪ੍ਰਦੇਸ਼ ਵਿਧਾਨ ਪਰਿਸ਼ਦ ਦੇ ਮੈਂਬਰ ਹਨ। -ਪੀਟੀਆਈ