ਪਹਿਲਗਾਮ ਹਮਲਾ: ਅਟਾਰੀ ਬਾਰਡਰ ਬੰਦ ਹੋਣ ਤੋਂ ਇੱਕ ਦਿਨ ਪਹਿਲਾਂ ਦੋਵੇਂ ਪਾਸੇ ਵੱਡੀ ਗਿਣਤੀ ਲੋਕਾਂ ਦੀ ਵਤਨ ਵਾਪਸੀ
09:06 PM Apr 29, 2025 IST
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 29 ਅਪਰੈਲ
ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਅਟਾਰੀ ਸਰਹੱਦ ਬੰਦ ਕਰਨ ਦੇ ਕੀਤੇ ਗਏ ਫੈਸਲੇ ਤਹਿਤ ਹੁਣ ਨੂਰੀ ਵੀਜ਼ਾ ਤਹਿਤ ਲੋਕਾਂ ਨੂੰ ਦੇਸ਼ ਵਾਪਸੀ ਦੀ ਦਿੱਤੀ ਗਈ ਆਗਿਆ ਕਾਰਨ ਅੱਜ ਵੱਡੀ ਗਿਣਤੀ ਵਿੱਚ ਦੋਵਾਂ ਮੁਲਕਾਂ ਤੋਂ ਲੋਕ ਵਾਪਸ ਪਰਤੇ ਹਨ।
ਜਾਣਕਾਰੀ ਮੁਤਾਬਕ ਦੇਰ ਸ਼ਾਮ ਤੱਕ ਪਾਕਿਸਤਾਨ ਤੋਂ ਭਾਰਤ ਵਾਪਸ ਪਰਤਣ ਵਾਲੇ ਲੋਕਾਂ ਦੀ ਗਿਣਤੀ ਲਗਪਕ 485 ਸੀ, ਜਦੋਂ ਕਿ ਭਾਰਤ ਤੋਂ 112 ਵਿਅਕਤੀ ਪਾਕਿਸਤਾਨ ਵਾਪਸ ਗਏ ਹਨ। ਦੋਵੇਂ ਪਾਸੇ ਵਾਪਸ ਪਰਤਣ ਵਾਲਿਆਂ ਵਿੱਚ ਵਧੇਰੇ ਨੂਰੀ ਵੀਜ਼ਾ ਧਾਰਕ ਸ਼ਾਮਲ ਸਨ।
ਨੂਰੀ ਵੀਜ਼ਾ ਇੱਕ ਅਜਿਹੀ ਸੁਵਿਧਾ ਹੈ ਜੋ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਉਨ੍ਹਾਂ ਨਾਗਰਿਕਾ ਲਈ ਜਾਰੀ ਕੀਤੀ ਜਾਂਦੀ ਹੈ, ਜਿਨ੍ਹਾਂ ਦੇ ਕਰੀਬੀ ਰਿਸ਼ਤੇਦਾਰਾਂ ਕੋਲ ਭਾਰਤੀ ਨਾਗਰਿਕਤਾ ਹੈ, ਪਰ ਹੁਣ ਤੱਕ ਉਨ੍ਹਾਂ ਨੂੰ ਭਾਰਤੀ ਨਾਗਰਿਕਤਾ ਨਹੀਂ ਮਿਲੀ। ਜਿਸ ਤਹਿਤ ਉਹ ਵਾਪਸ ਪਰਤ ਸਕਦੇ ਹਨ। ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿੱਚ ਵਿਆਹੀਆਂ ਹੋਈਆਂ ਔਰਤਾਂ ਨੂੰ ਆਪਣੇ ਘਰਾਂ ਨੂੰ ਵਾਪਸ ਪਰਤਣ ਵਿੱਚ ਮੁਸ਼ਕਲ ਪੇਸ਼ ਆ ਰਹੀ ਸੀ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਵੰਡੇ ਗਏ ਸਨ।
ਬਲੋਚਿਸਤਾਨ ਤੋਂ ਵਾਪਸ ਪਰਤੀ ਇੱਕ ਪਾਕਿਸਤਾਨੀ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਭਾਰਤੀ ਹੈ ਅਤੇ ਬੱਚੇ ਵੀ ਭਾਰਤੀ ਹਨ। ਉਹ ਕੁਝ ਦਿਨ ਪਹਿਲਾਂ ਆਪਣੇ ਬੱਚਿਆਂ ਸਮੇਤ ਪਾਕਿਸਤਾਨ ਗਈ ਸੀ ਅਤੇ ਹੁਣ ਅਚਨਚੇਤੀ ਵਿਚਾਲੇ ਯਾਤਰਾ ਛੱਡ ਕੇ ਵਾਪਸ ਪਰਤ ਆਈ ਹੈ। ਜੇਕਰ ਨੂਰੀ ਵੀਜ਼ਾ ਦੀ ਸਹੂਲਤ ਲਾਗੂ ਨਾ ਕੀਤੀ ਜਾਂਦੀ ਤਾਂ ਉਸ ਦਾ ਵਾਪਸ ਪਰਤਣਾ ਮੁਸ਼ਕਲ ਸੀ। ਅੱਜ ਵੀ ਅਟਾਰੀ ਸਰਹੱਦ ’ਤੇ ਵਾਪਸ ਪਰਤਣ ਵਾਲੇ ਲੋਕਾਂ ਦਾ ਮੇਲਾ ਲੱਗਾ ਰਿਹਾ। ਆਪਣੇ ਰਿਸ਼ਤੇਦਾਰਾਂ ਨੂੰ ਵਾਪਸ ਛੱਡਣ ਆਏ ਲੋਕ ਭਰੇ ਮਨ ਨਾਲ ਉਨ੍ਹਾਂ ਨੂੰ ਅਲਵਿਦਾ ਆਖ ਰਹੇ ਸਨ।
ਇਸ ਦੌਰਾਨ ਕਰਾਚੀ ਦੀ ਇੱਕ ਔਰਤ ਜੋ ਭਾਰਤ ਵਿੱਚ ਇਲਾਜ ਕਰਵਾਉਣ ਵਾਸਤੇ ਆਈ ਸੀ, ਨੂੰ ਆਪਣਾ ਇਲਾਜ ਅੱਧ ਵਿਚਾਲੇ ਛੱਡ ਕੇ ਹੀ ਪਰਤਣਾ ਪਿਆ ਹੈ। ਉਸ ਦੇ ਗੁਰਦੇ ਖਰਾਬ ਹੋ ਚੁੱਕੇ ਹਨ ਅਤੇ ਉਹ ਭਾਰਤ ਵਿੱਚ ਗੁਰਦੇ ਬਦਲਾਉਣ ਵਾਸਤੇ ਆਈ ਸੀ ਪਰ ਇੱਥੇ ਗੁਰਦੇ ਦਾ ਮਿਲਾਨ ਨਾ ਹੋਣ ਕਾਰਨ ਉਸ ਨੂੰ ਹੋਰ ਰੁਕਣਾ ਪੈਣਾ ਸੀ। ਪਰ ਮੌਜੂਦਾ ਸਥਿਤੀ ਕਾਰਨ ਉਸ ਨੂੰ ਅੱਧ ਵਿਚਾਲੇ ਹੀ ਇਲਾਜ ਛੱਡ ਕੇ ਪਰਤਣਾ ਪਿਆ ਹੈ। ਉਸ ਨੇ ਦੱਸਿਆ ਕਿ ਉਸ ਕੋਲ 21 ਮਈ ਤੱਕ ਦਾ ਵੀਜ਼ਾ ਹੈ। ਉਸ ਨੇ ਖੁਲਾਸਾ ਕੀਤਾ ਕਿ ਪਾਕਿਸਤਾਨ ਵਿੱਚ ਇਸ ਦਾ ਇਲਾਜ ਬਹੁਤ ਮਹਿੰਗਾ ਹੈ। ਇਸੇ ਲਈ ਉਹ ਭਾਰਤ ਵਿੱਚ ਇਲਾਜ ਲਈ ਆਈ ਸੀ। ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਭਰੇ ਮਨ ਨਾਲ ਵਿਦਾ ਕੀਤਾ।
ਦੱਸਣ ਯੋਗ ਹੈ ਕਿ ਸਰਕਾਰ ਵੱਲੋਂ ਕੀਤੇ ਗਏ ਐਲਾਨ ਮੁਤਾਬਕ ਭਲਕੇ 30 ਅਪਰੈਲ ਦੋਵਾਂ ਮੁਲਕਾਂ ਦੇ ਨਾਗਰਿਕਾਂ ਦੀ ਆਪੋ ਆਪਣੇ ਮੁਲਕਾਂ ਵਿੱਚ ਵਾਪਸ ਪਰਤਣ ਦੀ ਆਖਰੀ ਮਿਤੀ ਹੈ ਅਤੇ 1 ਮਈ ਤੋਂ ਅਟਾਰੀ ਸਰਹੱਦ ਨੂੰ ਆਵਾਜਾਈ ਵਾਸਤੇ ਮੁਕੰਮਲ ਬੰਦ ਕਰ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਸਰਕਾਰ ਵੱਲੋਂ ਪਾਕਿਸਤਾਨ ਰਸਤੇ ਹੋ ਰਹੇ ਅਫਗਾਨਿਸਤਾਨ ਵਪਾਰ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਭਾਰਤ ਦਾ ਅਫਗਾਨਿਸਤਾਨ ਨਾਲ ਇੱਕਪਾਸੜ ਵਪਾਰ ਚੱਲ ਰਿਹਾ ਸੀ। ਜਦੋਂ ਕਿ ਪਾਕਿਸਤਾਨ ਨਾਲ ਦੁਵੱਲਾ ਵਪਾਰ ਪੁਲਵਾਮਾ ਹਮਲੇ ਤੋਂ ਬਾਅਦ ਹੀ ਬੰਦ ਹੋ ਚੁੱਕਾ ਹੈ। ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਰੇਲ ਅਤੇ ਸੜਕੀ ਆਵਾਜਾਈ ਵੀ ਬੰਦ ਹੋ ਚੁੱਕੀ ਹੈ।
ਪਾਕਿਸਤਾਨ ਤੋਂ ਵਾਪਸ ਪਰਤ ਰਹੇ ਅਤੇ ਪਾਕਿਸਤਾਨ ਜਾ ਰਹੇ ਹਰੇਕ ਨਾਗਰਿਕ ਨੇ ਪਹਿਲਗਾਮ ਦਹਿਸ਼ਤੀ ਹਮਲੇ ਦੀ ਸਖਤ ਨਿੰਦਾ ਕੀਤੀ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦਾ ਸਮਰਥਨ ਕੀਤਾ ਹੈ।
Advertisement
Advertisement