ਮਾਂ-ਧੀ ਖ਼ੁਦਕੁਸ਼ੀ ਮਾਮਲਾ: ਇਨਸਾਫ਼ ਲਈ ਥਾਣੇ ਅੱਗੇ ਪ੍ਰਦਰਸ਼ਨ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 4 ਜੂਨ
ਇਸ ਸ਼ਹਿਰ ਦੀ ਮਹਾਂਵੀਰ ਬਸਤੀ ਦੀ ਵਸਨੀਕ ਔਰਤ ਸੁਖਵਿੰਦਰ ਕੌਰ ਉਰਫ ਰਾਣੀ ਵੱਲੋਂ ਪਿਛਲੇ ਮਹੀਨੇ ਆਪਣੀ ਧੀ ਰਸਮਪ੍ਰੀਤ ਕੌਰ (9) ਸਣੇ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਪਤੀ ਅਤੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਲਈ ਪੀੜਤ ਪੇਕਾ ਪਰਿਵਾਰ ਵੱਲੋਂ ਅੱਜ ਇੱਥੇ ਥਾਣੇ ਅੱਗੇ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਮ੍ਰਿਤਕਾ ਦੇ ਪਿਤਾ ਜ਼ੋਰਾ ਸਿੰਘ, ਮਾਂ ਮਨਜੀਤ ਕੌਰ ਵਾਸੀ ਰੰਨੋਂ ਕਲਾਂ, ਸਾਬਕਾ ਸਰਪੰਚ ਸੁਰਿੰਦਰ ਕੌਰ, ਸੁਰਿੰਦਰ ਕੌਰ ਅਤੇ ਹਰਵਿੰਦਰ ਕੌਰ ਸਰਪੰਚ ਹਕੀਮਪੁਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਧੀ ਤੇ ਦੋਹਤੀ ਸਹੁਰੇ ਪਰਿਵਾਰ ਦੀਆਂ ਜ਼ਿਆਦਤੀਆਂ ਤੋਂ ਪ੍ਰੇਸ਼ਾਨ ਹੋ ਕੇ ਖੁ਼ਦਕੁਸ਼ੀ ਕਰਨ ਲਈ ਮਜਬੂਰ ਹੋ ਗਈਆਂ ਸਨ ਪਰ ਸਹੁਰੇ ਪਰਿਵਾਰ ਦੇ ਤਿੰਨ ਜੀਆਂ ਖ਼ਿਲਾਫ਼ ਪਰਚਾ ਦਰਜ ਕਰਨ ਦੇ ਬਾਵਜੂਦ ਹਾਲੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇ ਪੁਲੀਸ ਨੇ ਦੋਸ਼ੀਆਂ ਖ਼ਿਲਾਫ ਤੁਰੰਤ ਕਾਰਵਾਈ ਨਹੀਂ ਕੀਤੀ ਤਾਂ ਉਹ ਮੁੱਖ ਮਾਰਗ ’ਤੇ ਧਰਨਾ ਦੇਣ ਲਈ ਮਜਬੂਰ ਹੋਣਗੇ।
ਇਸੇ ਦੌਰਾਨ ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਪੇਕੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਕਿ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਸੰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਬਾਕੀਆਂ ਨੂੰ ਹਫ਼ਤੇ ਤੱਕ ਕਾਬੂ ਕਰ ਲਿਆ ਜਾਵੇਗਾ। ਇਸ ਮਗਰੋਂ ਪੇਕੇ ਪਰਿਵਾਰ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਦੂਜੇ ਪਾਸੇ ਪ੍ਰੋ. ਸੰਦੀਪ ਸਿੰਘ ਨੇ ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਆਪਣੇ ਉੱਤੇ ਲਗਾਏ ਇਲਜ਼ਾਮ ਨੂੰ ਨਕਾਰਦਿਆਂ ਕਿਹਾ ਕਿ ਉਹ ਆਪਣੀ ਪਤਨੀ ਅਤੇ ਬੱਚੀ ਨੂੰ ਬੇਹੱਦ ਪਿਆਰ ਕਰਦਾ ਸੀ।