ਲੁਧਿਆਣਾ ਪੱਛਮੀ: ਕਾਂਗਰਸ ਵਿਚਲੇ ਕਾਟੋ ਕਲੇਸ਼ ਉੱਤੇ ‘ਆਪ’ ਦੀ ਟੇਕ..!
ਚਰਨਜੀਤ ਭੁੱਲਰ
ਚੰਡੀਗੜ੍ਹ, 4 ਜੂਨ
ਲੁਧਿਆਣਾ (ਪੱਛਮੀ) ਦੀ ਜ਼ਿਮਨੀ ਚੋਣ ’ਚ ਆਮ ਆਦਮੀ ਪਾਰਟੀ ਦੀ ਜ਼ਿਆਦਾ ਟੇਕ ਹੁਣ ਪੰਜਾਬ ਕਾਂਗਰਸ ਵਿਚਲੇ ਅੰਦਰੂਨੀ ਕਾਟੋ ਕਲੇਸ਼ ’ਤੇ ਹੈ। ਭਲਕੇ ਵੀਰਵਾਰ ਨੂੰ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਦਿਨ ਹੈ ਅਤੇ ਉਸ ਮਗਰੋਂ ਜ਼ਿਮਨੀ ਚੋਣ ਲਈ ਰਸਮੀ ਚੋਣ ਪ੍ਰਚਾਰ ਸ਼ੁਰੂ ਹੋ ਜਾਵੇਗਾ। ਪੰਜਾਬ ਕਾਂਗਰਸ ਦਾ ਇੱਕ ਧੜਾ ਹਾਲੇ ਤੱਕ ਉਪ ਚੋਣ ’ਚ ਸਰਗਰਮ ਚੋਣ ਪ੍ਰਚਾਰ ਤੋਂ ਲਾਂਭੇ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਹਾਲੇ ਤੱਕ ਲੁਧਿਆਣਾ ਪੱਛਮੀ ਦੇ ਚੋਣ ਅਖਾੜੇ ’ਚ ਖੁੱਲ੍ਹ ਕੇ ਨਹੀਂ ਨਿੱਤਰੇ। ਪਤਾ ਲੱਗਿਆ ਹੈ ਕਿ ਪ੍ਰਤਾਪ ਸਿੰਘ ਬਾਜਵਾ ਵਿਦੇਸ਼ ਗਏ ਹੋਏ ਹਨ। ਦੂਸਰੇ ਪਾਸੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਚੰਨੀ, ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਵਿਧਾਇਕ ਪਰਗਟ ਸਿੰਘ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਚੋਣ ਮੁਹਿੰਮ ਵਿੱਚ ਖੁੱਲ੍ਹ ਕੇ ਤੁਰੇ ਹੀ ਨਹੀਂ ਬਲਕਿ ਮੁਹਿੰਮ ਨੂੰ ਭਖਾਉਣ ਲਈ ਅਗਵਾਈ ਵੀ ਕਰ ਰਹੇ ਹਨ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉੱਪਰੋਂ ਆਖ ਰਹੇ ਹਨ ਕਿ ਕਾਂਗਰਸ ਵਿੱਚ ਸਭ ‘ਅੱਛਾ’ ਹੈ ਪਰ ਹਾਲੇ ਤੱਕ ਉਪ ਚੋਣ ਦੇ ਪਿੜ ’ਚ ਉਹ ਕਿਧਰੇ ਨਜ਼ਰ ਨਹੀਂ ਆਏ। ਸਿਰਫ਼ ਆਸ਼ੂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਾਉਣ ਵੇਲੇ ਦਿਖੇ ਸਨ। ਪਤਾ ਲੱਗਿਆ ਹੈ ਕਿ ਆਮ ਆਦਮੀ ਪਾਰਟੀ ਆਪਣਾ ਫੋਕਸ ਕਾਂਗਰਸ ਦੀ ਅੰਦਰੂਨੀ ਫੁੱਟ ’ਤੇ ਕਰ ਰਹੀ ਹੈ। ‘ਆਪ’ ਦਾ ਏਜੰਡਾ ਹੈ ਕਿ ਕਾਂਗਰਸ ਦੀ ਫੁੱਟ ਜਿੰਨੀ ਵਧੇਗੀ, ਉਸ ਦਾ ਫ਼ਾਇਦਾ ਚੋਣ ’ਚ ‘ਆਪ’ ਨੂੰ ਮਿਲੇਗਾ। ਜਾਣਕਾਰੀ ਅਨੁਸਾਰ ਆਉਂਦੇ ਦੋ ਤਿੰਨ ਦਿਨਾਂ ਦੌਰਾਨ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਲੁਧਿਆਣਾ ਪੱਛਮੀ ਦੀ ਉਪ ਚੋਣ ਨੂੰ ਲੈ ਕੇ ਮੀਟਿੰਗ ਸੱਦ ਸਕਦੇ ਹਨ। ਕਾਂਗਰਸੀ ਆਗੂ ਰਾਹੁਲ ਗਾਂਧੀ ਵੀ ਪੰਜਾਬ ਕਾਂਗਰਸ ਦੀ ਧੜੇਬੰਦੀ ਤੋਂ ਪ੍ਰੇਸ਼ਾਨ ਜਾਪਦੇ ਹਨ। ਅੱਜ ਇੱਥੇ ਹਵਾਈ ਅੱਡੇ ’ਤੇ ਪਹੁੰਚੇ ਰਾਹੁਲ ਗਾਂਧੀ ਦਾ ਸਵਾਗਤ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕੀਤਾ। ਹਰਿਆਣਾ ਕਾਂਗਰਸ ਨਾਲ ਮੀਟਿੰਗ ਦੌਰਾਨ ਰਾਹੁਲ ਗਾਂਧੀ ਨੇ ਸਾਫ਼ ਕਿਹਾ ਕਿ ਕਾਂਗਰਸ ’ਚ ਧੜੇਬੰਦੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਕਾਂਗਰਸ ਨੇ ਅੱਜ ਲੁਧਿਆਣਾ ਪੱਛਮੀ ਲਈ 40 ਸਟਾਰ ਪ੍ਰਚਾਰਕਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ।
ਉਪ ਚੋਣ ਵਿੱਚ ਉੱਤਰ ਚੁੱਕੇ ਕਈ ਸੀਨੀਅਰ ਕਾਂਗਰਸੀ ਆਗੂ ਦੂਸਰੇ ਧੜੇ ਦੇ ਆਗੂਆਂ ਨੂੰ ਚੋਣ ਪ੍ਰਚਾਰ ’ਚ ਪੁੱਜਣ ਲਈ ਫ਼ੋਨ ਖੜਕਾ ਰਹੇ ਹਨ। ‘ਆਪ’ ਉਮੀਦਵਾਰ ਸੰਜੀਵ ਅਰੋੜਾ ਦੀ ਹਲਕੇ ਵਿੱਚ ਆਮ ਵੋਟਰਾਂ ਤੱਕ ਨਿੱਜੀ ਪਹੁੰਚ ਨਹੀਂ ਹੈ ਪਰ ਉਨ੍ਹਾਂ ਦੀ ਛਵੀ ਬਿਹਤਰ ਦੱਸੀ ਜਾ ਰਹੀ ਹੈ। ਦੂਸਰੇ ਪਾਸੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਗ਼ੁਸੈਲੇ ਸੁਭਾਅ ਨੂੰ ‘ਆਪ’ ਵੱਲੋਂ ਉਭਾਰਿਆ ਜਾ ਰਿਹਾ ਹੈ। ਉਂਜ ਆਸ਼ੂ ਦੀ ਹਲਕੇ ਵਿੱਚ ਨਿੱਜੀ ਪਹੁੰਚ ਜ਼ਿਆਦਾ ਹੈ। ਭਾਜਪਾ ਵੱਲੋਂ ਉਮੀਦਵਾਰ ਜੀਵਨ ਗੁਪਤਾ ਹਨ ਪਰ ਚਰਚੇ ਹਨ ਕਿ ਭਾਜਪਾ ‘ਆਪ’ ਦੇ ਲੁਕਵੇਂ ਮਨਸੂਬੇ ਨੂੰ ਠੱਲ੍ਹਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੀ ਹਮਾਇਤ ਵਿੱਚ ਹਾਲੇ ਤੱਕ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨਹੀਂ ਉੱਤਰੇ। ਸੱਤਾਧਾਰੀ ਧਿਰ ਵੱਲੋਂ ਹਲਕੇ ਵਿੱਚ ਪੈਂਦੇ ਕਰੀਬ 17 ਵਾਰਡਾਂ ਵਿਚ ਵਿਧਾਇਕਾਂ ਤੇ ਵਜ਼ੀਰਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ‘ਆਪ’ ਵੱਲੋਂ ਚੋਣ ਪ੍ਰਚਾਰ ਵਿੱਚ ਉੱਤਰੇ ਵਿਧਾਇਕਾਂ ਅਤੇ ਵਜ਼ੀਰਾਂ ਤੋਂ ਚੋਣ ਪ੍ਰਚਾਰ ਦੀ ਪਲ ਪਲ ਦੀ ਹਾਜ਼ਰੀ ਰਿਪੋਰਟ ਲਈ ਜਾ ਰਹੀ ਹੈ।